Punjab

ਸਿੱਖ ਨੌਜਵਾਨ ਨਾਲ ਕੁੱਟਮਾਰ ਕਰਨ ਤੋਂ ਬਾਅਦ ਕੀਤਾ ਦਸਤਾਰ ਦਾ ਨਿਰਾਦਰ,ਪੁਲਿਸ ਕੇਸ ਦਰਜ

ਡੇਰਾ ਬੱਸੀ : ਚੰਡੀਗੜ੍ਹ ਨਾਲ ਲਗਦੇ ਸ਼ਹਿਰ ਡੇਰਾ ਬੱਸੀ ਦੇ ਰਾਮ ਲੀਲਾ ਮੈਦਾਨ ਵਿੱਚ ਇੱਕ ਸਿੱਖ ਨੌਜਵਾਨ ਨਾਲ ਕੁੱਟਮਾਰ ਕਰਨ ਤੇ ਉਸ ਦੀ ਦਸਤਾਰ ਦਾ ਨਿਰਾਦਰ ਕਰਨ ਦੇ ਦੋਸ਼ਾਂ ਹੇਠ ਪੁਲਿਸ ਨੇ 4 ਵਿਅਕਤੀਆਂ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ।

ਇਹਨਾਂ ਵਿਅਕਤੀਆਂ ਦੇ ਖਿਲਾਫ਼ ਧਾਰਾ 506,323,341 ਤੇ 295A ਦੇ ਤਹਿਤ ਕੇਸ ਦਰਜ ਹੋਇਆ ਹੈ। ਹਾਲਾਕਿ ਇਹਨਾਂ ਵਿੱਚੋਂ ਸਿਰਫ 2 ਜਣੇ ਹੀ ਪੁਲਿਸ ਦੇ ਕਾਬੂ ਆਏ ਹਨ।

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪੀੜਤ ਨੌਜਵਾਨ ਇੱਕ ਲੈਬੋਰਟਰੀ ਵਿੱਚ ਸੈਂਪਲ ਇੱਕਠੇ ਕਰਨ ਦਾ ਕੰਮ ਕਰਦਾ ਹੈ ਤੇ ਜਦੋਂ ਉਹ ਇਥੇ ਰਾਮਲੀਲਾ ਮੈਦਾਨ ਵਿੱਚ ਸਥਿਤ ਲੈਬੋਰਟਰੀ ਵਿੱਚ ਆਇਆ ਤਾਂ ਇਥੇ ਕਾਰ ਕੱਢਣ ਵੇਲੇ ਇਹ ਸਾਰੀ ਘਟਨਾ ਵਾਪਰੀ ਹੈ । ਜਦੋਂ ਉਹ ਕਾਰ ਕੱਢ ਕੇ ਬਾਹਰ ਆਉਣ ਲੱਗਾ ਤਾਂ ਅੱਗੇ ਵਾਲੀ ਕਾਰ ਵਿੱਚ ਸਵਾਰ 4 ਨੌਜਵਾਨਾਂ ਨੇ ਉਸ ਨੂੰ ਰਾਹ ਨਹੀਂ ਦਿੱਤਾ ਤੇ ਉਸ ਨਾਲ ਹੱਥੋਪਾਈ ਹੋ ਗਏ ।

ਇਹਨਾਂ ਚਾਰਾਂ ਨੇ ਰੱਲ ਕੇ ਉਸ ਦੀ ਕੁੱਟਮਾਰ ਵੀ ਕੀਤੀ ਤੇ ਦਸਤਾਰ ਵੀ ਲਾਹ ਦਿੱਤੀ ਤੇ ਉਥੋਂ ਫਰਾਰ ਹੋ ਗਏ। ਬਾਅਦ ਵਿੱਚ ਇਹਨਾਂ ਵਿਚੋਂ 2 ਨੌਜਵਾਨਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਪਰ ਦੋ ਹਾਲੇ ਵੀ ਫਰਾਰ ਹਨ। ਪੁਲਿਸ ਨੇ ਮੌਕੇ ਦੀ ਫੂਟੇਜ ਹਾਸਲ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।