ਫਾਜ਼ਿਲਕਾ ਦੇ ਪਿੰਡ ਤਰੋਬਰੀ ਤੋਂ ਬੜੀ ਦਰਜਦਦਨਾਕ ਖ਼ਬਰ ਸਾਹਮਣੇ ਆਈ ਹੈ। ਤੂੜੀ ਦੇ ਇੱਕ ਨਿੱਕੇ ਜਿਹੇ ਤੀਲ੍ਹੇ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ। ਮ੍ਰਿਤਕ ਆਪਣੇ ਦੋਸਤਾਂ ਨਾਲ ਮੋਟਰਸਾਈਕਲ ’ਤੇ ਪਿੰਡ ਤਰੋਬੜੀ ਤੋਂ ਪੈਸੇ ਦੇ ਕੇ ਵਾਪਸ ਆ ਰਿਹਾ ਸੀ। ਇਸੇ ਦੌਰਾਨ ਉਸ ਦੇ ਅੱਗੇ ਜਾ ਰਹੀ ਓਵਰਲੋਡਿਡ ਟਰਾਲੀ ਵਿੱਚੋਂ ਤੂੜੀ ਉੱਡ ਕੇ ਉਸ ਦੀਆਂ ਅੱਖਾਂ ਵਿੱਚ ਆ ਵੱਜੀ। ਅੱਖ ਵਿੱਚ ਤੂੜੀ ਜਾਣ ਕਰਕੇ ਮੁੰਡਾ ਅੱਗੇ ਦੇਖ ਨਹੀਂ ਪਾਇਆ, ਮੋਟਰਸਾਈਕਲ ਦਾ ਸੰਤੁਲਨ ਵਿਗੜਿਆ ਤੇ ਉਸ ਦੇ ਮੋਟਰਸਾਈਕਲ ਦੀ ਟਰੈਕਟਰ-ਟਰਾਲੀ ਨਾਲ ਭਿਆਨਕ ਟੱਕਰ ਹੋ ਗਈ।
ਮ੍ਰਿਤਕ ਨੌਜਵਾਨ ਦੀ ਪਛਾਣ ਸੰਦੀਪ ਸਿੰਘ ਵਾਸੀ ਛੋਟੀ ਉਡੀਆਂ ਵਜੋਂ ਹੋਈ ਹੈ। ਉਸ ਦਾ ਪੋਸਟਮਾਰਟਮ ਕਰਵਾਉਣ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਪੁੱਜੇ ਉਸ ਦੇ ਪਿਤਾ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਸੰਦੀਪ ਸਿੰਘ ਆਪਣੇ ਦੋ ਦੋਸਤਾਂ ਮੇਜਰ ਸਿੰਘ ਅਤੇ ਗੋਰਾ ਸਿੰਘ ਨਾਲ ਮੋਟਰਸਾਈਕਲ ’ਤੇ ਪਿੰਡ ਤਰੋਬੜੀ ਵਿੱਚ ਘਰ ਪੈਸੇ ਦੇਣ ਗਿਆ ਸੀ। ਜੋ ਰਾਹ ਵਿੱਚ ਤੂੜੀ ਦੀ ਵਜ੍ਹਾ ਕਰਕੇ ਹਾਦਸੇ ਦਾ ਸ਼ਿਕਾਰ ਹੋ ਗਏ।
ਦੱਸਿਆ ਜਾ ਰਿਹਾ ਹੈ ਕਿ ਟਰਾਲੀ ਵੀ ਤੂੜੀ ਨਾਲ ਓਵਰਲੋਡ ਕੀਤੀ ਗਈ ਸੀ ਤੇ ਇੱਕ ਮੋਟਰਸਾਈਕਲ ਤੇ ਤਿੰਨ ਨੌਜਵਾਨ ਸਵਾਰ ਸਨ। ਤਿੰਨੋਂ ਮਿੱਤਰ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਏ। ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਇੱਕ ਦੀ ਮੌਤ ਹੋ ਗਈ, ਦੋ ਦੀ ਹਾਲਤ ਗੰਭੀਰ ਹੈ। ਪੁਲਿਸ ਨੇ ਇਸ ਹਾਦਸੇ ਸਬੰਧੀ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀ ਗੁਰਮੇਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ‘ਚ ਫਾਜ਼ਿਲਕਾ ਸਦਰ ਥਾਣੇ ਦੀ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।