India

ਕੌਣ ਹੈ ਯਾਸੀਨ ਮਲਿਕ ਜਿਸਨੂੰ ਅੱਜ ਹੋਈ ਹੈ ਸ ਜ਼ਾ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਵਿੱਚ ਐੱਨਆਈਏ ਦੀ ਵਿਸ਼ੇਸ਼ ਅਦਾਲਤ ਨੇ ਕਸ਼ਮੀਰੀ ਵੱਖਵਾਦੀ ਨੇਤਾ ਯਾਸੀਨ ਮਲਿਕ ਨੂੰ ਅੱਤਵਾਦ ਲਈ ਫੰਡਿੰਗ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸਦੇ ਨਾਲ ਹੀ ਉਸਨੂੰ 10 ਲੱਖ ਰੁਪਏ ਜੁਰਮਾਨਾ ਵੀ ਲਗਾਇਆ ਗਿਆ ਹੈ। ਫ਼ੈਸਲੇ ਦੌਰਾਨ ਮਲਿਕ ਕੋਰਟ ‘ਚ ਮੌਜੂਦ ਸੀ। ਯਾਸੀਨ ਮਲਿਕ ‘ਤੇ ਫ਼ੈਸਲੇ ਨੂੰ ਦੇਖ਼ਦਿਆਂ ਕੋਰਟ ਵਿੱਚ ਭਾਰੀ ਸੁਰੱਖਿਆ ਦਾ ਇੰਤਜ਼ਾਮ ਕੀਤਾ ਗਿਆ ਸੀ। ਮਲਿਕ ਨੂੰ ਕੁੱਝ ਦਿਨ ਪਹਿਲਾਂ ਅੱਤਵਾਦੀ ਫੰਡਿੰਗ ਮਾਮਲੇ ‘ਚ ਦੋਸ਼ੀ ਠਹਿਰਾਇਆ ਗਿਆ ਸੀ।

ਇਸ ਤੋਂ ਪਹਿਲਾਂ ਐਨਆਈਏ ਨੇ ਮਲਿਕ ਨੂੰ ਅੱਤਵਾਦੀ ਫੰਡਿੰਗ ਮਾਮਲੇ ‘ਚ ਦੋਸ਼ੀ ਠਹਿਰਾਏ ਜਾਣ ਲਈ ਮੌਤ ਦੀ ਸਜ਼ਾ ਦੇਣ ਦੀ ਅਪੀਲ ਕੀਤੀ ਸੀ। ਵਿਸ਼ੇਸ਼ ਜੱਜ ਪ੍ਰਵੀਨ ਸਿੰਘ ਨੇ 19 ਮਈ ਨੂੰ ਮਲਿਕ ਖ਼ਿਲਾਫ਼ ਲਗਾਏ ਦੋਸ਼ਾਂ ਲਈ ਸਜ਼ਾ ਤੈਅ ਕਰਨ ਵਾਸਤੇ ਦਲੀਲਾਂ ਸੁਣਨ ਲਈ ਮਾਮਲੇ ਦੀ ਸੁਣਵਾਈ 25 ਮਈ ਯਾਨਿ ਲਈ ਪਾ ਦਿੱਤੀ ਸੀ। ਅਦਾਲਤ ਨੇ ਅੱਜ ਫੈਸਲਾ ਸੁਣਾਉਂਦਿਆਂ ਯਾਸੀਨ ਮਲਿਕ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਮਲਿਕ ਨੇ ਅਦਾਲਤ ਨੂੰ ਕਿਹਾ ਸੀ ਕਿ ਉਹ ਆਪਣੇ ਉੱਤੇ ਲਗਾਏ ਗਏ ਦੋਸ਼ਾਂ ਦਾ ਵਿਰੋਧ ਨਹੀਂ ਕਰਦਾ ਹੈ। ਮਲਿਕ ਖਿਲਾਫ ਦਰਜ ਕੀਤੇ ਗਏ ਦੋਸ਼ਾਂ ਵਿੱਚ UAPA ਦੀ ਧਾਰਾ 16 (ਅੱਤਵਾਦੀ ਗਤੀਵਿਧੀਆਂ), 17 (ਅੱਤਵਾਦੀ ਗਤੀਵਿਧੀਆਂ ਲਈ ਲਈ ਫੰਡ ਇਕੱਠਾ ਕਰਨਾ), 18 (ਅੱਤਵਾਦੀ ਕਾਰਵਾਈ ਕਰਨ ਦੀ ਸਾਜਿਸ਼) ਅਤੇ 20 (ਅੱਤਵਾਦੀ ਜਥੇਬੰਦੀ ਦਾ ਮੈਂਬਰ ਹੋਣਾ) ਅਤੇ ਭਾਰਤੀ ਸਜ਼ਾ ਜਾਬਤਾ ਦੀ ਧਾਰਾ 120-ਬੀ (ਅਪਰਾਧਿਕ ਸਾਜਿਸ਼) ਅਤੇ 124 – ਏ (ਦੇਸ਼ਧ੍ਰੋਹ) ਸ਼ਾਮਿਲ ਹਨ।

ਮਲਿਕ ਵੱਲੋਂ ਕੀਤੀ ਜਾਂਦੀ ਫੰਡਿੰਗ ਦੇ ਪੈਸੇ ਜੰਮੂ ਕਸ਼ਮੀਰ ਵਿੱਚ ਅੱਤਵਾਦੀ ਗਤੀਵਿਧੀਆਂ ਅਤੇ ਕਸ਼ਮੀਰੀ ਘਾਟੀ ਵਿੱਚ ਸੁਰੱਖਿਆ ਫੋਰਸਾਂ ਉੱਤੇ ਪਥਰਾਅ ਕਰਨ, ਸਕੂਲਾਂ ਨੂੰ ਸਾੜਨ, ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਅਤੇ ਭਾਰਤ ਖਿਲਾਫ਼ ਜੰਗ ਛੇੜਨ ਦੇ ਕੰਮ ਆਏ ਸਨ। ਐੱਨਆਈਏ ਮੁਤਾਬਕ ਜਾਂਚ ਵਿੱਚ ਇਹ ਸਾਫ ਹੋਇਆ ਹੈ ਕਿ ਯਾਸੀਨ ਜੰਮੂ ਕਸ਼ਮੀਰ ਵਿੱਚ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਿਲ ਸੀ।