ਬਿਊਰੋ ਰਿਪੋਰਟ : ਗੁਰੂ ਦੀ ਨਗਰ ਸ੍ਰੀ ਅੰਮ੍ਰਿਤਸਰ ਵਿੱਚ ਦੇਸ਼-ਵਿਦੇਸ਼ ਤੋਂ ਸੰਗਤਾਂ ਨਤਮਸਤਕ ਹੋਣ ਆਉਂਦੀ ਹੈ । ਇਸ ਦੌਰਾਨ ਸ਼ਰਧਾਲੂਆਂ ਲਈ SGPC ਵੱਲੋਂ ਕਈ ਸਰਾਹ ਦਾ ਪ੍ਰਬੰਧ ਕੀਤਾ ਗਿਆ ਹੈ । ਪਵਿੱਤਰ ਸ਼ਹਿਰ ਦੇ ਆਲੇ ਦੁਆਲੇ ਕਾਫੀ ਹੋਟਲ ਵੀ ਹਨ । ਪਰ ਇੰਨਾਂ ਹੋਟਲਾਂ ਨੂੰ ਲੈਕੇ ਇੱਕ ਅਜਿਹਾ ਸੱਚ ਸਾਹਮਣੇ ਆਇਆ ਹੈ ਜੋ ਕਿ ਪਵਿੱਤਰ ਨਗਰੀ ਦੇ ਅਕਸ ਨੂੰ ਡਾਅ ਲਾ ਰਿਹਾ ਹੈ। ਧਾਰਮਿਕ ਥਾਂ ਦੇ ਆਲੇ-ਦੁਆਲੇ ਹੋਟਲ ਬੁੱਕ ਕਰਨ ਵਾਲੇ ਦਲਾਲ ਗਾਹਕਾਂ ਨੂੰ ਕੁੜੀਆਂ ਆਫਰ ਕਰ ਰਹੇ ਹਨ ।
ਇਹ ਮਾਮਲਾ ਉਸ ਵੇਲੇ ਉਜਾਗਰ ਹੋਇਆ ਜਦੋਂ ਇੱਕ ‘ਯੂ-ਟਿਊਬਰ ਉਮਰ’ ਦੇ ਨਾਲ ਇੱਕ ਵਾਕਿਆ ਸਾਹਮਣੇ ਆਇਆ ਹੈ । ‘ਦ ਉਮਰ’ ਦੇ ਨਾਂ ਨਾਲ ਸੋਸ਼ਲ ਮੀਡੀਆ ‘ਤੇ ‘ਵੀਡੀਓ ਬਲਾਗ’ ਚਲਾਉਣ ਵਾਲੇ ਉਮਰ ਨੂੰ ਦਰਬਾਰ ਸਾਹਿਬ ਦੇ ਨਜ਼ਦੀਕ ਇੱਕ ਦਲਾਲ ਨੇ ਹੋਟਲ ਦਾ ਕਮਰਾ ਲੈਣ ਦੇ ਲਈ ਕੁੜੀ ਆਫਰ ਕੀਤੀ । ਯੂ-ਟਿਊਬਰ ਅੰਮ੍ਰਿਤਸਰ ਸ਼ਹਿਰ ਵਿੱਚ ਵੀਡੀਓ ਬਲਾਗ ਬਣਾਉਣ ਦੇ ਲਈ ਆਇਆ ਸੀ । ਇਸੇ ਦੌਰਾਨ ਅੰਮ੍ਰਿਤਸਰ ਦੇ ਵੱਖ-ਵੱਖ ਹਿੱਸਿਆਂ ਵਿੱਚ ਉਹ ਘੁਮ ਰਿਹਾ ਸੀ । ਉਹ ਜਿਵੇਂ ਹੀ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਪਹੁੰਚਿਆ ਉੱਥੇ ਉਸ ਨੇ ਲੋਕਾਂ ਤੋ ਸਮਾਨ ਵੀ ਖਰੀਦਿਆ ਅਤੇ ਗੱਲਬਾਤ ਵੀ ਕੀਤੀ। ਕੁਝ ਲੋਕਾਂ ਨੇ ਉਸ ਨੂੰ ਪਛਾਣ ਵੀ ਲਿਆ ਅਤੇ ਸੈਲਫੀ ਵੀ ਖਿੱਚੀ । ਇਸੇ ਦੌਰਾਨ ਇੱਕ ਦਲਾਲ ਉਮਰ ਦੇ ਕੋਲ ਆ ਕੇ ਖੜਾ ਹੋ ਗਿਆ ਅਤੇ ਕਹਿਣ ਲੱਗਾ ਕਿ ਹੋਟਲ ਦਾ ਕਮਰਾ ਚਾਹੀਦਾ ਹੈ । ਉਮਰ ਨੇ ਕਿਹਾ ਨਹੀਂ ਚਾਹੀਦਾ ਹੈ,ਪਰ ਦਲਾਲ ਉਸ ਦੇ ਪਿੱਛੇ ਹੀ ਪੈ ਗਿਆ ਅਤੇ ਉਮਰ ਨੂੰ ਆਫਰ ਦਿੱਤੀ ਕਿ ਹੋਟਲ ਵਿੱਚ ਕੁੜੀ ਵੀ ਮਿਲੇਗੀ । ਪਰ ਉਮਰ ਨੇ ਉਸ ਦੀ ਗੱਲ ਟਾਲ ਦਿੱਤੀ ਅਤੇ ਅੱਗੇ ਵਧ ਗਈ ।
ਲੋਕ ਪੁੱਛ ਰਹੇ ਹਨ ਸਵਾਲ
ਯੂ-ਟਿਊਬਰ ਉਮਰ ਦੀ ਅੰਮ੍ਰਿਤਸਰ ਵਿੱਚ ਬਣਾਈ ਗਈ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ । ਲੋਕ ਦਲਾਲ ਨੂੰ ਲੈਕੇ ਕਮੈਂਟ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੀ ਮਿਲੀ-ਭੁਗਤ ਅਤੇ ਕਮਜ਼ੋਰੀ ਦੀ ਵਜ੍ਹਾ ਕਰਕੇ ਧਾਰਮਿਕ ਨਗਰੀ ਦੇ ਅਕਸ ਨੂੰ ਡਾਅ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਲੋਕਾਂ ਦਾ ਕਹਿਣਾ ਹੈ ਕਿ ਜ਼ਿਲ੍ਹਾਂ ਪ੍ਰਸ਼ਾਸਨ,ਪੁਲਿਸ ਅਤੇ ਸਰਕਾਰ ਨੂੰ ਇਸ ਵੱਲ ਧਿਆ ਦੇਣਾ ਚਾਹੀਦਾ ਹੈ ਕਿਉਂਕਿ ਸਵਾਲ ਧਾਰਮਿਕ ਨਗਰੀ ਨਾਲ ਜੁੜਿਆ ਹੈ ।


 
																		 
																		 
																		 
																		 
																		