The Khalas Tv Blog Punjab “ਮਹਿਲਾ ਸਰਪੰਚ,ਪੰਚ ਜਾਂ ਬਲਾਕ ਸਮਿਤੀ ਮੈਂਬਰ ਆਪ ਅੱਗੇ ਆਉਣ,ਕਿਸੇ ਵੀ ਪਰਿਵਾਰਕ ਮਰਦ ਮੈਂਬਰ ਨੂੰ ਨਹੀਂ ਦਿੱਤਾ ਜਾਵੇਗਾ ਕੋਈ ਮਹੱਤਵ”
Punjab

“ਮਹਿਲਾ ਸਰਪੰਚ,ਪੰਚ ਜਾਂ ਬਲਾਕ ਸਮਿਤੀ ਮੈਂਬਰ ਆਪ ਅੱਗੇ ਆਉਣ,ਕਿਸੇ ਵੀ ਪਰਿਵਾਰਕ ਮਰਦ ਮੈਂਬਰ ਨੂੰ ਨਹੀਂ ਦਿੱਤਾ ਜਾਵੇਗਾ ਕੋਈ ਮਹੱਤਵ”

ਚੰਡੀਗੜ੍ਹ : “ਅੱਜ ਪੰਜਾਬ ਦੀਆਂ ਧੀਆਂ ਹਰ ਖੇਤਰ ਵਿੱਚ ਅੱਗੇ ਵੱਧ ਰਹੀਆਂ ਹਨ ਤੇ ਦੇਸ਼ ਦੀ ਸੁਰੱਖਿਆ ਲਈ ਵੀ ਸਰਹੱਦਾਂ ਤੇ ਵੀ ਤਾਇਨਾਤ ਹੋ ਕੇ ਆਪਣਾ ਫਰਜ ਨਿਭਾ ਰਹੀਆਂ ਹਨ।ਇਸ ਤੋਂ ਇਲਾਵਾ ਇਹਨਾਂ ਨੇ ਵਿਦੇਸ਼ੀ ਧਰਤੀਆਂ ਤੇ ਵੀ ਚੰਗਾ ਮਾਨ ਖੱਟਿਆ ਹੈ।ਇਸੇ ਲਈ ਪੰਜਾਬ ਸਰਕਾਰ ਨੇ ਵੀ ਪੰਚਾਇਤੀ ਤੇ ਹੋਰ ਸਰਕਾਰੀ ਮਹਿਕਮਿਆਂ ਵਿੱਚ ਔਰਤਾਂ ਨੂੰ ਰਾਖਵਾਂਕਰਨ ਦਿੱਤਾ ਗਿਆ ਹੈ।“

ਇਹ ਵਿਚਾਰ ਸਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ,ਜੋ ਕਿ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਰਿਪੋਰਟਾਂ 95 ਫੀਸਦੀ ਸਰਪੰਚ,ਪੰਚ ਤੇ ਬਲਾਕ ਸੰਮਤੀ ਦੀਆਂ ਮੈਂਬਰ ਔਰਤਾਂ ਦੀ ਥਾਂ ‘ਤੇ ਉਹਨਾਂ ਦੇ ਪਤੀ ਜਾਂ ਹੋਰ ਰਿਸ਼ਤੇਦਾਰ ਕੰਮਕਾਜ ਸਾਂਭਦੇ ਹਨ।

ਸਿਰਫ ਇਥੇ ਹੀ ਨੀ ਸਗੋਂ ਸ਼ਹਿਰਾਂ ਦੇ ਮਿਊਂਸੀਪਲ ਕਮੇਟੀਆਂ ਜਾਂ ਨਗਰ ਪੰਚਾਇਤਾਂ ਦੀਆਂ ਔਰਤ ਮੈਂਬਰਾਂ ਦੀ ਤਾਕਤ ਦੀ ਵਰਤੋ ਉਹਨਾਂ ਦੇ ਪਰਿਵਾਰ ਦੇ ਮਰਦ ਮੈਂਬਰ ਕਰਦੇ ਹਨ ਪਰ ਹੁਣ ਮਾਨ ਸਰਕਾਰ ਨੇ  ਹੁਣ ਹੁਕਮ ਜਾਰੀ ਕੀਤੇ ਹਨ ਕਿ ਕੋਈ ਵੀ ਮਹਿਲਾ ਸਰਪੰਚ,ਪੰਚ ਜਾਂ ਬਲਾਕ ਸਮਿਤੀ ਦੀ ਮੈਂਬਰ ਨੂੰ ਖੁੱਦ ਅੱਗੇ ਆ ਕੇ ਕੰਮ ਕਰਵਾਉਣਾ ਪਵੇਗਾ ਤੇ ਉਹਨਾਂ ਦੇ ਕਿਸੇ ਵੀ ਪਰਿਵਾਰਕ ਮਰਦ ਮੈਂਬਰ ਨੂੰ ਨਾਂ ਤਾਂ ਕੋਈ ਮਹੱਤਵ ਦਿੱਤਾ ਜਾਵੇਗਾ ਤੇ ਨਾਂ ਹੀ ਉਹਨਾਂ ਨੂੰ ਕਿਸੇ ਵੀ ਮਹਿਲਾ ਸਰਪੰਚ,ਪੰਚ ਜਾਂ ਬਲਾਕ ਸੰਮਤੀ ਮੈਂਬਰ ਦੀ ਜਗਾ ‘ਤੇ ਕੰਮ ਕਰਨ ਜਾਂ ਉਹਨਾਂ ਦੀਆਂ ਸ਼ਕਤੀਆਂ ਦੀ ਵਰਤੋਂ ਕਰਨ ਦੀ ਇਜਾਜ਼ਤ ਹੋਵੇਗੀ।

ਇਸ ਤਰਾਂ ਦੀ ਸ਼ਿਕਾਇਤ ਸਾਹਮਣੇ ਆਉਣ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।ਹੁਣ ਹਰ ਜਗਾ ਮੀਟਿੰਗ ਵਿੱਚ ਵੀ ਇਹਨਾਂ ਅਹੁੱਦਿਆਂ ਲਈ ਚੁਣੀਆਂ ਗਈਆਂ ਔਰਤਾਂ ਨੂੰ ਆਪ ਜਾਣਾ ਪਵੇਗਾ।ਇਸ ਸਬੰਧ ਵਿੱਚ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ ਤੇ ਇਸ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ।ਅਜਿਹਾ ਧੀਆਂ ਭੈਣਾਂ ਨੂੰ ਅੱਗੇ ਲਿਆਉਣ ਤੇ ਆਜ਼ਾਦ ਹੋ ਕੇ ਕੰਮ ਕਰਨ ਦਾ ਮਾਹੋਲ ਦੇਣ ਲਈ ਕੀਤਾ ਗਿਆ ਹੈ।

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬੇਅਦਬੀ ਮਸਲੇ ਵਿੱਚ ਆਪਣੇ ਬੇਗੁਨਾਹ ਹੋਣ ਦੇ ਦਿੱਤੇ ਗਏ ਬਿਆਨ ‘ਤੇ ਬੋਲਦਿਆਂ ਮੰਤਰੀ ਧਾਲੀਵਾਲ ਨੇ ਸਵਾਲ ਕੀਤਾ ਕਿ ਬੇਅਦਬੀ ਹੋਣ ਵੇਲੇ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਗ੍ਰਹਿ ਮੰਤਰੀ ਤੇ ਉਪ ਮੁੱਖ ਮੰਤਰੀ ਸਨ,ਫਿਰ ਉਹ ਦੱਸਣ ਕਿ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ ਤੇ ਇਸ ਤੋਂ ਮਗਰੋਂ ਢਾਈ ਸਾਲ ਅਹੁਦੇ ‘ਤੇ ਬਣੇ ਰਹਿਣ ਦੇ ਬਾਵਜੂਦ ਉਹਨਾਂ ਇਸ ਮਾਮਲੇ ਵਿੱਚ ਕੀ ਕਾਰਵਾਈ ਕੀਤੀ?ਧਾਲੀਵਾਲ ਨੇ ਇਹ ਵੀ ਕਿਹਾ ਕਿ ਗੋਲੀ ਚਲਾਉਣ ਦੇ ਹੁਕਮ ਐਸਡੀਐਮ ਨੇ ਜਾਰੀ ਕੀਤੇ ,ਇਸ ਗੱਲ ਨੂੰ  ਸਾਹਮਣੇ ਲਿਆਂਦਾ ਜਾ ਰਿਹਾ ਹੈ ਪਰ ਐਸਡੀਐਮ ਨੇ ਇਹ ਸਾਫ ਕਿਹਾ ਹੈ ਕਿ ਉਸ ਨੇ ਸਿਰਫ ਹਵਾਈ ਫਾਈਰਿੰਗ ਕਰਨ ਦੇ ਹੁੱਕਮ ਜਾਰੀ ਕੀਤੇ ਸਨ। ਇਹ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਆਮ ਜਨਤਾ ਤੇ ਗੋਲੀਆਂ ਚਲਾਈਆਂ ਗਈਆਂ ਹੋਣ ਤੇ ਐਫਆਈਆਰ ਅਣਪਛਾਤੀ ਪੁਲਿਸ ਤੇ ਹੋਈ ਹੋਵੇ,ਕਿ ਇਹ ਮਜ਼ਾਕ ਹੈ?

ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੀ ਮਾਈਨਿੰਗ ਪਾਲਿਸੀ ਤੇ ਸਵਾਲ ਉਠਾਏ ਜਾਣ ਤੇ ਧਾਲੀਵਾਲ ਨੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਉਸ ਨੂੰ ਸੁਪਨੇ ਆਉਂਦੇ ਰਹਿੰਦੇ ਆ।ਸਾਨੂੰ ਤਾਂ ਕੋਈ ਪਤਾ ਨੀ ਕਿ ਇਸ ਤਰਾਂ ਦਾ ਕੋਈ ਘਪਲਾ ਹੋਇਆ ਹੈ।ਉਹਨਾਂ ਸੁਖਬੀਰ ਬਾਦਲ ਨੂੰ ਚੁਣੋਤੀ ਦਿੱਤੀ ਕਿ ਜੇਕਰ ਕੋਲ ਸਬੂਤ ਹੈ ਤਾਂ ਉਹ ਸਾਬਤ ਕਰ ਕੇ ਦਿਖਾਵੇ।ਉਸ ਦੀ ਆਪਣੀ ਸਰਕਾਰ ਵੇਲੇ ਇੰਨੇ ਘਪਲੇ ਹੋਏ ਹਨ,ਉਹਨਾਂ ਦੀ ਗੱਲ ਕਰੇ।ਇਥੇ ਚੋਰ ਖੁੱਦ ਚੋਰੀ ਦਾ ਰੋਲਾ ਪਾਉਣ ਲੱਗਿਆ ਹੋਇਆ ਹੈ।

ਇਸ ਤੋਂ ਇਲਾਵਾ ਮੰਡੀਆਂ ਵਿੱਚ ਆੜਤੀਆਂ ਵਲੋਂ ਐਲਾਨੀ ਗਈ ਹੜਤਾਲ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਆੜਤੀਆਂ  ਦੀ ਹਰ ਸਮੱਸਿਆ ਦਾ ਹਲ ਬੈਠ ਕੇ ਕੀਤਾ ਜਾਵੇਗਾ। ਤਰਨਤਾਰਨ ਮਸਲੇ ‘ਤੇ ਬੋਲਦਿਆਂ ਉਹਨਾਂ ਕਿਹਾ ਹੈ ਕਿ ਮਾਨ ਸਰਕਾਰ ਕਿਸੇ ਵੀ ਧਰਮ ਦੇ ਬੰਦੇ ਨੂੰ ਪੰਜਾਬ ਦਾ ਮਾਹੋਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ ਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

Exit mobile version