India

ਪਹਿਲਾਂ ਗੁਆਂਢੀ ਨੂੰ ਪ੍ਰੇਮ ਜਾਲ ‘ਚ ਫਸਾਇਆ, ਫਿਰ ਪਤੀ ਨਾਲ਼ ਕਰ ਦਿੱਤਾ ਇਹ ਖੌਫਨਾਕ ਕਾਰਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਨੋਇਡਾ ਦੇ ਸੈਕਟਰ-49 ਵਿੱਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸਦੇ ਪਿੰਡ ਬਰੌਲਾ ਵਿੱਚ ਇੱਕ ਪਤਨੀ ਨੇ ਆਪਣੇ ਕਥਿਤ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦੀ ਹੱਤਿਆ ਕਰ ਦਿੱਤੀ। ਪੁਲਿਸ ਅਨੁਸਾਰ ਇਹ ਸਾਰਾ ਮਾਮਲਾ ਪੂਰੀ ਯੋਜਨਾ ਬਣਾ ਕੇ ਸਿਰੇ ਚਾੜ੍ਹਿਆ ਗਿਆ। ਪੁਲਿਸ ਨੇ ਹੱਤਿਆ ਦੇ ਦੋਸ਼ ਵਿੱਚ ਕਾਤਿਲ ਪਤਨੀ ਅਤੇ ਉਸਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਪਿੰਡ ਬਰੌਲਾ ਵਿੱਚ ਕੁੱਝ ਦਿਨ ਪਹਿਲਾਂ ਇੱਕ ਵਿਅਕਤੀ ਵੱਲੋਂ ਖੁਦਕੁਸ਼ੀ ਕਰਨ ਦੀ ਖ਼ਬਰ ਮਿਲੀ ਸੀ। ਉਸ ਦੀ ਲਾਸ਼ ਘਰ ਵਿਚ ਪੱਖੇ ਨਾਲ ਲਟਕੀ ਹੋਈ ਸੀ। ਪਰ ਬਾਅਦ ਵਿੱਚ ਜਦੋਂ ਜਾਂਚ ਕੀਤੀ ਗਈ ਤਾਂ ਮਾਮਲਾ ਹੱਤਿਆ ਦਾ ਨਿਕਲਿਆ। ਮ੍ਰਿਤਕ ਦੀ ਪਤਨੀ ਨੇ ਆਪਣੇ ਗੁਆਂਢੀ ਦੀ ਮਦਦ ਨਾਲ ਆਪਣੇ ਪਤੀ ਦੀ ਪਹਿਲਾਂ ਹੱਤਿਆ ਕੀਤੀ ਅਤੇ ਬਾਅਦ ਵਿੱਚ ਇਸ ਘਟਨਾ ਨੂੰ ਖੁਦਕੁਸ਼ੀ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਹੀਂ ਹੋ ਸਕੀ।

ਗੁਆਂਢੀ ਨੂੰ ਪਹਿਲਾਂ ਪ੍ਰੇਮ ਜਾਲ ਵਿੱਚ ਫਸਾਇਆ, ਫਿਰ ਕੀਤੀ ਪਤੀ ਦੀ ਹਤਿਆ

ਨੋਇਡਾ ਪੁਲਿਸ ਦੇ ਅਨੁਸਾਰ ਪੁਲਿਸ ਨੂੰ ਬਰੌਲਾ ਪਿੰਡ ਵਿੱਚ ਰਹਿਣ ਵਾਲੇ ਮੁਕੇਸ਼ ਵੱਲੋਂ ਖੁਦਕੁਸ਼ੀ ਕਰਨ ਦੀ ਜਾਣਕਾਰੀ ਮਿਲੀ ਸੀ, ਪਰ ਮੁਕੇਸ਼ ਦੇ ਪਰਿਵਾਰ ਨੇ ਹੱਤਿਆ ਕਰਨ ਦਾ ਖਦਸ਼ਾ ਜ਼ਾਹਰ ਕੀਤਾ ਸੀ। ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਸ਼ੱਕ ਮੁਕੇਸ਼ ਦੀ ਪਤਨੀ ਸਪਨਾ ਉੱਤੇ ਪੈ ਗਿਆ। ਪੁਲਿਸ ਨੇ ਦੱਸਿਆ ਕਿ ਮੁਕੇਸ਼ ਦਾ ਆਪਣੀ ਪਤਨੀ ਸਪਨਾ ਨਾਲ ਝਗੜਾ ਰਹਿੰਦਾ ਸੀ। ਇਸ ਤੋਂ ਤੰਗ ਆ ਕੇ ਸਪਨਾ ਨੇ ਉਸ ਦੀ ਹੱਤਿਆ ਦੀ ਸਾਜਿਸ਼ ਰਚੀ। ਸਪਨਾ ਨੇ ਪਹਿਲਾਂ ਗੁਆਂਢੀ ਅੰਕਿਤ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾਇਆ ਅਤੇ ਫਿਰ ਪ੍ਰੇਮੀ ਦੀ ਮਦਦ ਨਾਲ ਪਤੀ ਦੀ ਹੱਤਿਆ ਕਰ ਦਿੱਤੀ।

ਪ੍ਰੇਮੀ ਨੇ ਹੱਤਿਆ ਕਰਨ ਤੋਂ ਮਨ੍ਹਾਂ ਕੀਤਾ ਤਾਂ ਦਿੱਤੀ ਬਲਾਤਕਾਰ ਦੇ ਕੇਸ ਵਿੱਚ ਫਸਾਉਣ ਦੀ ਧਮਕੀ

ਮੁਕੇਸ਼ ਅਤੇ ਸਪਨਾ ਨੇ ਕੁਝ ਸਾਲ ਪਹਿਲਾਂ ਪ੍ਰੇਮ ਵਿਆਹ ਕੀਤਾ ਸੀ। ਪੁਲਿਸ ਦੇ ਅਨੁਸਾਰ ਇਸ ਤੋਂ ਬਾਅਦ ਦੋਵੇਂ ਨੋਇਡਾ ਦੇ ਬਰੌਲਾ ਵਿੱਚ ਰਹਿ ਰਹੇ ਸਨ। ਪੁਲਿਸ ਤੋਂ ਪੁੱਛਗਿੱਛ ਦੌਰਾਨ ਸਪਨਾ ਨੇ ਦੱਸਿਆ ਕਿ ਮੁਕੇਸ਼ ਵਿਆਹ ਤੋਂ ਥੋੜ੍ਹੀ ਦੇਰ ਬਾਅਦ ਹੀ ਉਸ ਨਾਲ ਲੜਨ ਲੱਗ ਪਿਆ ਸੀ। ਇਸ ਤੋਂ ਤੰਗ ਆ ਕੇ ਸਪਨਾ ਨੇ ਮੁਕੇਸ਼ ਦੀ ਹੱਤਿਆ ਕਰਨ ਦੀ ਯੋਜਨਾ ਬਣਾਈ। ਉਸਨੇ ਪਹਿਲਾਂ ਗੁਆਂਢੀ ਅੰਕਿਤ ਨੂੰ ਪਿਆਰ ਦੇ ਜਾਲ ਵਿੱਚ ਫਸਾਇਆ, ਜਦੋਂ ਅੰਕਿਤ ਪੂਰੀ ਤਰ੍ਹਾਂ ਉਸਦੇ ਕਾਬੂ ਵਿੱਚ ਸੀ, ਸਪਨਾ ਨੇ ਉਸਨੂੰ ਆਪਣੀ ਯੋਜਨਾ ਦੱਸੀ। ਪਰ ਸਪਨਾ ਦੀ ਯੋਜਨਾ ਸੁਣਦਿਆਂ ਹੀ ਅੰਕਿਤ ਹੈਰਾਨ ਹੋ ਗਿਆ ਤੇ ਉਸਨੇ ਅਜਿਹਾ ਕੋਈ ਵੀ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਸਪਨਾ ਨੇ ਅੰਕਿਤ ਨੂੰ ਬਲਾਤਕਾਰ ਦੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਦਿੱਤੀ। ਇਸ ਤੋਂ ਡਰਦਿਆਂ ਅੰਕਿਤ ਨੇ ਸਪਨਾ ਨਾਲ ਮਿਲ ਕੇ ਉਸਦੇ ਪਤੀ ਮੁਕੇਸ਼ ਦੀ ਹੱਤਿਆ ਕਰ ਦਿੱਤੀ।