India International Punjab

ਨੈਗੇਟਿਵ ਕਰੋਨਾ ਰਿਪੋਰਟ ਵਾਲੀ ਸਿੱਖ ਸੰਗਤ ਨੂੰ ਬਾਰਡਰ ਤੋਂ ਵਾਪਿਸ ਭੇਜਿਆ, ਘਰਾਂ ‘ਚ ਕੀਤਾ ਜਾਵੇਗਾ ਇਕਾਂਤਵਾਸ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਾਕਿਸਤਾਨ ਜਾ ਰਹੇ ਸਿੱਖ ਸ਼ਰਧਾਲੂਆਂ ਦੇ ਜਥੇ ਵਿੱਚੋਂ 60 ਹੋਰ ਸ਼ਰਧਾਲੂਆਂ ਦੀ ਕਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਅੰਮ੍ਰਿਤਸਰ ਦੇ ਅਟਾਰੀ ਵਾਹਗਾ ਬਾਰਡਰ ‘ਤੇ ਇਨ੍ਹਾਂ ਸ਼ਰਧਾਲੂਆਂ ਨੂੰ ਰੋਕਿਆ ਗਿਆ ਹੈ ਅਤੇ ਸਿਰਫ ਨੈਗੇਟਿਵ ਕਰੋਨਾ ਰਿਪੋਰਟ ਵਾਲੇ ਸ਼ਰਧਾਲੂਆਂ ਨੂੰ ਹੀ ਪਾਕਿਸਤਾਨ ਰਵਾਨਾ ਕੀਤਾ ਜਾ ਰਿਹਾ ਹੈ। ਜਿਹੜੇ ਸ਼ਰਧਾਲੂ ਕਰੋਨਾ ਪਾਜ਼ੀਟਿਵ ਪਾਏ ਗਏ ਹਨ, ਉਨ੍ਹਾਂ ਨੂੰ ਵਾਪਿਸ ਭੇਜਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਜਾਵੇਗਾ। ਸਿਹਤ ਵਿਭਾਗ ਵੱਲੋਂ ਅਟਾਰੀ-ਵਾਹਗਾ ਬਾਰਡਰ ‘ਤੇ ਕਰੋਨਾ ਟੈਸਟ ਲਈ ਇੱਕ ਟੀਮ ਤਾਇਨਾਤ ਕੀਤੀ ਗਈ ਹੈ।

ਕੱਲ੍ਹ ਵੀ 6 ਸ਼ਰਧਾਲੂਆਂ ਦੀ ਕਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ, ਜਿਸ ਕਰਕੇ ਅੱਜ 437 ਸ਼ਰਧਾਲੂਆਂ ਵਿੱਚੋਂ 431 ਸ਼ਰਧਾਲੂਆਂ ਨੂੰ ਪਾਕਿਸਤਾਨ ਲਈ ਰਵਾਨਾ ਕੀਤਾ ਜਾ ਰਿਹਾ ਸੀ। ਪਰ ਅੱਜ ਅਟਾਰੀ-ਵਾਹਗਾ ਬਾਰਡਰ ‘ਤੇ ਦੁਬਾਰਾ ਕਰੋਨਾ ਟੈਸਟ ਕਰਨ ‘ਤੇ 60 ਹੋਰ ਸ਼ਰਧਾਲੂਆਂ ਦੀ ਕਰੋਨਾ ਰਿਪੋਰਟ ਪਾਜ਼ੀਟਿਵ ਆ ਗਈ ਹੈ, ਜਿਸ ਕਰਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਹੋਰ ਘੱਟ ਗਈ ਹੈ। ਹਾਲੇ ਹੋਰ ਕਈ ਸ਼ਰਧਾਲੂਆਂ ਦੀ ਕਰੋਨਾ ਰਿਪੋਰਟ ਆਉਣੀ ਬਾਕੀ ਹੈ। ਇਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਕਿੰਨੇ ਸ਼ਰਧਾਲੂ ਪਾਕਿਸਤਾਨ ਲਈ ਰਵਾਨਾ ਹੋਣਗੇ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਤੋਂ ਵਿਸਾਖੀ ਮੌਕੇ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਜੈਕਾਰਿਆਂ ਦੀ ਗੂੰਜ ਵਿੱਚ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ ਹੋ ਗਿਆ ਹੈ। ਇਹ ਜਥਾ ਅੰਮ੍ਰਿਤਸਰ ਦੇ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਜਾਵੇਗਾ। ਜਾਣਕਾਰੀ ਮੁਤਾਬਕ ਭਾਰਤ ਸਥਿਤ ਪਾਕਿਸਤਾਨੀ ਸਫ਼ਾਰਤਖਾਨੇ ਵੱਲੋਂ ਇਸ ਵਾਰ ਕਰੀਬ 1100 ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਵਾਸਤੇ ਵੀਜ਼ੇ ਦਿੱਤੇ ਗਏ ਹਨ।