India

ਅਡਾਨੀ ਗਰੁੱਪ ਵੱਲੋਂ ਐਫਪੀਓ ਵਾਪਸ ਲੈਣ ਦਾ ਦੇਸ਼ ਅਰਥਚਾਰੇ ਦੀ ਸਾਖ਼ ’ਤੇ ਕੋਈ ਅਸਰ ਨਹੀਂ: ਕੇਂਦਰੀ ਵਿੱਤ ਮੰਤਰੀ

Withdrawal of FPO by Adani Group has no impact on the reputation of the country's economy: Union Finance Minister

ਦਿੱਲੀ : ਅਡਾਨੀ ਗਰੁੱਪ ਵੱਲੋਂ 20 ਹਜ਼ਾਰ ਕਰੋੜ ਰੁਪਏ ਦਾ ਐਫਪੀਓ ਵਾਪਸ ਲੈਣ ਦੇ ਫ਼ੈਸਲੇ ‘ਤੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ( Union Finance Minister Of India , ) ਨੇ ਕਿਹਾ ਕਿ ਇਸ ਨਾਲ ਦੇਸ਼ ਦੇ ਅਰਥਚਾਰੇ ਦੀ ਸਾਖ਼ ਪ੍ਰਭਾਵਿਤ ਨਹੀਂ ਹੋਈ ਹੈ। ਵਿੱਤ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦੋ ਦਿਨਾਂ 8 ਅਰਬ ਅਮਰੀਕੀ ਡਾਲਰ ਦੀ ਵਿਦੇਸ਼ੀ ਮੁਦਰਾ ਆਈ ਹੈ। ਸੀਤਾਰਾਮਨ ਨੇ ਕਿਹਾ, ‘ਸਾਡੀ ਵਿਆਪਕ ਆਰਥਿਕ ਬੁਨਿਆਦ ਜਾਂ ਸਾਡੀ ਅਰਥਵਿਵਸਥਾ ਦੀ ਸਾਖ਼, ਇਨ੍ਹਾਂ ਵਿਚੋਂ ਕੋਈ ਵੀ ਪ੍ਰਭਾਵਿਤ ਨਹੀਂ ਹੋਈ ਹੈ। ਹਾਂ, ਐਫਪੀਓ ਆਉਂਦੇ-ਜਾਂਦੇ ਰਹਿੰਦੇ ਹਨ ਤੇ ਐਫਆਈਆਈ ਦੇਸ਼ ਤੋਂ ਬਾਹਰ ਜਾਂਦੇ ਰਹਿੰਦੇ ਹਨ।’

ਉਨ੍ਹਾਂ ਨੇ ਕਿਹਾ ਕਿ ਹਰ ਬਾਜ਼ਾਰ ਵਿਚ ‘ਉਤਰਾਅ-ਚੜ੍ਹਾਅ’ ਹੁੰਦਾ ਹੈ, ਪਰ ਪਿਛਲੇ ਕੁਝ ਦਿਨਾਂ ਵਿਚ ਇਸ ’ਚ ਹੋਏ ਵਾਧੇ ਨੇ ਇਹੀ ਸਾਬਿਤ ਕੀਤਾ ਹੈ ਭਾਰਤ ਤੇ ਉਸ ਦੀ ਤਾਕਤ ਬਾਰੇ ਭਰੋਸਾ ਕਾਇਮ ਹੈ। ਅਡਾਨੀ ਗਰੁੱਪ ’ਤੇ ਲੱਗੇ ਦੋਸ਼ਾਂ ਬਾਰੇ ਇਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਮੁਲਕ ਦੇ ਵਿੱਤੀ ਰੈਗੂਲੇਟਰ ਆਜ਼ਾਦਾਨਾ ਢੰਗ ਨਾਲ ਕੰਮ ਕਰ ਰਹੇ ਹਨ।

ਸੇਬੀ ਕੋਲ ਬਾਜ਼ਾਰਾਂ ਦੀ ਸਥਿਰਤਾ ਯਕੀਨੀ ਬਣਾਉਣ ਦੇ ਸਾਧਨ ਹਨ। ਵਿੱਤ ਮੰਤਰੀ ਨੇ ਕਿਹਾ ਕਿ ਆਰਬੀਆਈ ਪਹਿਲਾਂ ਹੀ ਦੱਸ ਚੁੱਕਾ ਹੈ ਕਿ ਬੈਂਕ ਖੇਤਰ ਮਜ਼ਬੂਤ ਤੇ ਸਥਿਰ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ‘ਸ਼ਾਰਟ ਸੈੱਲਰ’ ਤੇ ਵਿੱਤੀ ਖੋਜ ਕੰਪਨੀ ਹਿੰਡਨਬਰਗ ਨੇ ਕੁਝ ਦਿਨ ਪਹਿਲਾਂ ਅਡਾਨੀ ਸਮੂਹ ਖ਼ਿਲਾਫ਼ ਕੰਪਨੀ ਚਲਾਉਣ ਦੇ ਮੋਰਚੇ ’ਤੇ ਗੜਬੜੀ ਦੇ ਕਈ ਦੋਸ਼ ਲਾਏ ਸਨ। ਅਡਾਨੀ ਗਰੁੱਪ ਨੇ ਦੋਸ਼ਾਂ ਦਾ ਖੰਡਨ ਕੀਤਾ ਸੀ।

ਅਡਾਨੀ ਐਂਟਰਪ੍ਰਾਇਜ਼ਿਜ਼ ਦੇ ਸ਼ੇਅਰਾਂ ਵਿਚ ਗਿਰਾਵਟ ਕਾਰਨ ਇਸ ਦਾ ਐਫਪੀਓ ਪੂਰੀ ਤਰ੍ਹਾਂ ‘ਸਬਸਕ੍ਰਾਈਬ’ ਹੋਣ ਦੇ ਬਾਵਜੂਦ ਵਾਪਸ ਲੈ ਲਿਆ ਗਿਆ ਸੀ। ਸਰਕਾਰੀ ਖੇਤਰ ਦੀਆਂ ਦੋ ਬੈਂਕਾਂ ਦੇ ਨਿੱਜੀਕਰਨ ਲਈ ਵਿੱਤੀ ਸਾਲ 2022-23 ਵਿਚ ਕੀਤੇ ਗਏ ਐਲਾਨ ਬਾਰੇ ਪੁੱਛਣ ’ਤੇ ਸੀਤਾਰਾਮਨ ਨੇ ਕਿਹਾ ਕਿ ਇਸ ਬਾਰੇ ਅਜਿਹੀ ਕੋਈ ਤਾਜ਼ਾ ਜਾਣਕਾਰੀ ਨਹੀਂ ਹੈ। ਇਸ ਮੌਕੇ ਵਿੱਤ ਸਕੱਤਰ ਟੀਵੀ ਸੋਮਨਾਥਨ ਆਪਣੀ ਉਸ ਟਿੱਪਣੀ ’ਤੇ ਕਾਇਮ ਰਹੇ ਜਿਸ ਵਿਚ ਉਨ੍ਹਾਂ ਅਡਾਨੀ ਘਟਨਾਕ੍ਰਮ ਨੂੰ ‘ਚਾਹ ਦੇ ਪਿਆਲੇ ਵਿਚ ਉੱਠਿਆ ਤੂਫ਼ਾਨ’ ਕਰਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਕ ਗੈਰ-ਮਹੱਤਵਪੂਰਨ ਮੁੱਦੇ ਉਤੇ ਜ਼ਰੂਰਤ ਤੋਂ ਵੱਧ ਚਿੰਤਾ ਕੀਤੀ ਜਾ ਰਹੀ ਹੈ। –