The Khalas Tv Blog India ਕੀ ਸੋਨਾ-ਚਾਂਦੀ ਦਿਵਾਲੀ ਤੋਂ ਬਾਅਦਹੋਰ ਸਸਤੇ ਹੋਣਗੇ ? ਕਦੋਂ ਖ਼ਰੀਦਣਾ ਸਹੀ ?
India International Khaas Lekh Khalas Tv Special

ਕੀ ਸੋਨਾ-ਚਾਂਦੀ ਦਿਵਾਲੀ ਤੋਂ ਬਾਅਦਹੋਰ ਸਸਤੇ ਹੋਣਗੇ ? ਕਦੋਂ ਖ਼ਰੀਦਣਾ ਸਹੀ ?

ਦੀਵਾਲੀ ਤੋਂ ਪਹਿਲਾਂ ਭਾਰਤੀ ਸ਼ੇਅਰ ਬਾਜ਼ਾਰ ਅਤੇ ਸੋਨਾ-ਚਾਂਦੀ ਵਿੱਚ ਵੱਡੀ ਗਿਰਾਵਟ ਆਈ ਹੈ। ਸ਼ੇਅਰ ਬਾਜ਼ਾਰ ਮੰਦੀ ਦੀ ਕਗਾਰ ’ਤੇ ਪਹੁੰਚ ਚੁੱਕਾ ਹੈ ਅਤੇ ਇੱਕ ਸਾਲ ਵਿੱਚ ਲਗਭਗ 13 ਹਜ਼ਾਰ ਅੰਕ ਡਿੱਗ ਚੁੱਕਾ ਹੈ। ਇਸੇ ਦੌਰਾਨ ਸੋਨੇ ਦੀ ਕੀਮਤ ਲਗਭਗ 20 ਫੀਸਦੀ ਅਤੇ ਚਾਂਦੀ ਦੀ 48 ਫੀਸਦੀ ਤੱਕ ਘਟ ਕੇ ਦੋ ਲੱਖ ਤੋਂ ਹੇਠਾਂ ਆ ਗਈ ਹੈ। ਸਤੰਬਰ ਵਿੱਚ ਹੀ ਸੋਨਾ ਲਗਭਗ 10 ਹਜ਼ਾਰ ਰੁਪਏ ਘੱਟ ਗਿਆ ਹੈ ਜਦਕਿ ਚਾਂਦੀ ਪਿਛਲੇ 26 ਦਿਨਾਂ ਵਿੱਚ 15 ਹਜ਼ਾਰ ਰੁਪਏ ਡਿੱਗ ਚੁੱਕੀ ਹੈ। ਇਸ ਹਾਹਾਕਾਰ ਅਤੇ ਕੋਹਰਾਮ ਦੀਆਂ ਮੁੱਖ ਵਜ੍ਹਾਵਾਂ ਅਤੇ ਨਿਵੇਸ਼ਕਾਂ ਲਈ ਸਲਾਹ ਇਸ ਤਰ੍ਹਾਂ ਹੈ।

ਸੋਨਾ ਅਤੇ ਚਾਂਦੀ ਆਮ ਤੌਰ ’ਤੇ ਜੰਗ ਜਾਂ ਅਨਿਸ਼ਚਿਤਤਾ ਦੇ ਸਮੇਂ ਸੁਰੱਖਿਅਤ ਨਿਵੇਸ਼ ਮੰਨੇ ਜਾਂਦੇ ਹਨ, ਪਰ ਇਸ ਵਾਰ ਉਲਟਾ ਹੋ ਰਿਹਾ ਹੈ। ਦੁਨੀਆ ਵਿੱਚ ਤਣਾਅ ਹੈ ਫਿਰ ਵੀ ਇਨ੍ਹਾਂ ਦੀਆਂ ਕੀਮਤਾਂ ਡਿੱਗ ਰਹੀਆਂ ਹਨ। ਜਾਣਕਾਰਾਂ ਮੁਤਾਬਕ ਇਸ ਗਿਰਾਵਟ ਦੇ ਛੇ ਮੁੱਖ ਕਾਰਨ ਹਨ, ਜਿਨ੍ਹਾਂ ਵਿੱਚੋਂ ਦੋ ਕਾਰਨ ਭਾਰਤੀ ਸ਼ੇਅਰ ਬਾਜ਼ਾਰ ਨਾਲ ਵੀ ਜੁੜੇ ਹਨ।

  1. ਸਭ ਤੋਂ ਵੱਡਾ ਕਾਰਨ ਅਮਰੀਕਾ ਦੇ ਫੈਡਰਲ ਰਿਜ਼ਰਵ ਵੱਲੋਂ ਬਾਂਡਾਂ ’ਤੇ ਵਿਆਜ ਦਰਾਂ ਵਧਾਉਣਾ ਹੈ। ਸਤੰਬਰ ਵਿੱਚ ਇਹ ਕਦਮ ਚੁੱਕਿਆ ਗਿਆ ਅਤੇ ਨਵੰਬਰ ਜਾਂ ਦਸੰਬਰ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਵਿਆਜ ਦਰਾਂ ਵਧਣ ਨਾਲ ਨਿਵੇਸ਼ਕ ਸੋਨਾ-ਚਾਂਦੀ ਤੋਂ ਪੈਸਾ ਕੱਢ ਕੇ ਸਰਕਾਰੀ ਬਾਂਡਾਂ ਵਿੱਚ ਲਗਾਉਂਦੇ ਹਨ ਕਿਉਂਕਿ ਉੱਥੇ ਨਿਯਮਤ ਵਿਆਜ ਮਿਲਦਾ ਹੈ ਅਤੇ ਉਹ ਵਧੇਰੇ ਸੁਰੱਖਿਅਤ ਮੰਨੇ ਜਾਂਦੇ ਹਨ। ਸੋਨਾ ਅਤੇ ਚਾਂਦੀ ਤੋਂ ਸਿਰਫ਼ ਕੀਮਤ ਵਧਣ ’ਤੇ ਹੀ ਮੁਨਾਫਾ ਹੁੰਦਾ ਹੈ। ਜੇ ਫੈਡ ਹੋਰ ਰੇਟ ਵਧਾਉਂਦਾ ਹੈ ਤਾਂ ਸੋਨਾ ਇੱਕ ਲੱਖ ਅਤੇ ਚਾਂਦੀ ਸਵਾ ਲੱਖ ਤੱਕ ਵੀ ਡਿੱਗ ਸਕਦੀ ਹੈ।
  2. ਦੂਜਾ ਵੱਡਾ ਕਾਰਨ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਮਹਿੰਗਾਈ ਦਾ ਡਰ ਹੈ। ਅਮਰੀਕਾ-ਈਰਾਨ ਤਣਾਅ ਕਾਰਨ ਤੇਲ 113-115 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਚਲਾ ਗਿਆ ਹੈ। ਊਰਜਾ ਮਹਿੰਗੀ ਹੋਣ ਨਾਲ ਮਹਿੰਗਾਈ ਵਧਣ ਦੀ ਚਿੰਤਾ ਵਧਦੀ ਹੈ ਅਤੇ ਕੇਂਦਰੀ ਬੈਂਕ ਵਿਆਜ ਦਰਾਂ ਘਟਾਉਣ ਵਿੱਚ ਮੁਸ਼ਕਲ ਮਹਿਸੂਸ ਕਰਦੇ ਹਨ। ਸੋਨੇ ਤੋਂ ਕੋਈ ਵਿਆਜ ਨਹੀਂ ਮਿਲਦਾ ਇਸ ਲਈ ਇਸ ਦੀ ਖਿੱਚ ਘਟਦੀ ਹੈ।
  3. ਤੀਜਾ ਕਾਰਨ ਅਮਰੀਕੀ ਡਾਲਰ ਦਾ ਮਜ਼ਬੂਤ ਹੋਣਾ ਹੈ। ਮਜ਼ਬੂਤ ਡਾਲਰ ਹੋਰ ਦੇਸ਼ਾਂ ਲਈ ਸੋਨਾ ਮਹਿੰਗਾ ਕਰ ਦਿੰਦਾ ਹੈ ਜਿਸ ਨਾਲ ਮੰਗ ਘਟਦੀ ਹੈ। ਭਾਰਤ ਸੋਨਾ ਡਾਲਰ ਵਿੱਚ ਖਰੀਦਦਾ ਹੈ ਇਸ ਲਈ ਡਾਲਰ ਮਹਿੰਗਾ ਹੋਣ ਨਾਲ ਵਿਦੇਸ਼ੀ ਮੁਦਰਾ ਭੰਡਾਰ ’ਤੇ ਦਬਾਅ ਪੈਂਦਾ ਹੈ। ਪ੍ਰਧਾਨ ਮੰਤਰੀ ਮੋਦੀ ਵੀ ਲੋਕਾਂ ਨੂੰ ਸੋਨਾ ਘੱਟ ਖਰੀਦਣ ਦੀ ਅਪੀਲ ਕਰਦੇ ਰਹੇ ਹਨ।
  4. ਚੌਥਾ ਕਾਰਨ ਰਿਕਾਰਡ ਉੱਚੀਆਂ ਕੀਮਤਾਂ ਤੋਂ ਬਾਅਦ ਮੁਨਾਫ਼ਾ ਵਸੂਲੀ ਹੈ। ਜਨਵਰੀ 2026 ਵਿੱਚ ਸੋਨਾ 5,595 ਡਾਲਰ ਪ੍ਰਤੀ ਔਂਸ ਦੇ ਸਰਬਕਾਲੀ ਉੱਚ ਪੱਧਰ ’ਤੇ ਪਹੁੰਚਿਆ ਸੀ। ਲੰਬੀ ਤੇਜ਼ੀ ਤੋਂ ਬਾਅਦ ਇਹ ਗਿਰਾਵਟ ਬਾਜ਼ਾਰ ਦੀ ਸੁਧਾਰ ਪ੍ਰਕਿਰਿਆ ਵਜੋਂ ਵੇਖੀ ਜਾ ਰਹੀ ਹੈ। ਮਾਹਰ ਮੰਨਦੇ ਹਨ ਕਿ ਕੀਮਤਾਂ ਨੂੰ ਸਥਿਰ ਹੋਣ ਵਿੱਚ ਸਮਾਂ ਲੱਗ ਸਕਦਾ ਹੈ। ਮਹਿੰਗਾਈ ਦੇ ਡਰ ਕਾਰਨ ਕੁਝ ਨਿਵੇਸ਼ਕ ਨਕਦੀ ਇਕੱਠੀ ਕਰਨ ਲਈ ਸੋਨਾ ਵੀ ਵੇਚ ਰਹੇ ਹਨ। ਇਸ ਕਾਰਨ ਪਿਛਲੇ ਸਾਲ ਅਕਤੂਬਰ ਵਿੱਚ ਪੌਣੇ ਦੋ ਲੱਖ ਪਹੁੰਚਿਆ ਸੋਨਾ ਹੁਣ ਲਗਭਗ 40 ਲੱਖ ਦੇ ਨੇੜੇ ਆ ਗਿਆ ਹੈ।

ਚਾਂਦੀ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਅਕਤੂਬਰ ਵਿੱਚ ਏਆਈ ਵਿੱਚ ਚਾਂਦੀ ਦੀ ਵਰਤੋਂ ਦੀ ਖਬਰ ਨਾਲ ਇਹ ਚਾਰ ਲੱਖ ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਸੀ। ਹੁਣ ਇਹ ਲਗਭਗ 1.94 ਲੱਖ ’ਤੇ ਆ ਗਈ ਹੈ। ਏਆਈ ਕੰਪਨੀਆਂ ਦੀ ਕਮਾਈ ਬਾਰੇ ਖਦਸ਼ਿਆਂ ਕਾਰਨ ਨਿਵੇਸ਼ ਘਟਿਆ ਹੈ ਅਤੇ ਚਾਂਦੀ ਦੀ ਮੰਗ ਵੀ ਘਟ ਗਈ ਹੈ।

ਨਿਵੇਸ਼ਕਾਂ ਲਈ ਸਲਾਹ ਇਹ ਹੈ ਕਿ ਤਿਓਹਾਰੀ ਸੀਜ਼ਨ ਵਿੱਚ ਸੋਨਾ-ਚਾਂਦੀ ਖਰੀਦ ਸਕਦੇ ਹੋ ਪਰ ਸਿਰਫ਼ ਤਿਓਹਾਰਾਂ ਲਈ, ਨਿਵੇਸ਼ ਵਜੋਂ ਨਹੀਂ। ਕਿਉਂਕਿ ਦਸੰਬਰ ਵਿੱਚ ਫੈਡ ਰੇਟ ਵਧਾ ਸਕਦਾ ਹੈ ਤਾਂ ਕੀਮਤਾਂ ਹੋਰ ਡਿੱਗ ਸਕਦੀਆਂ ਹਨ। ਇਸ ਲਈ ਇੰਤਜ਼ਾਰ ਕਰਨਾ ਵਧੇਰੇ ਸੁਰੱਖਿਅਤ ਹੋ ਸਕਦਾ ਹੈ।

ਹੁਣ ਭਾਰਤੀ ਸ਼ੇਅਰ ਬਾਜ਼ਾਰ ਦੀ ਗੱਲ। 31 ਦਸੰਬਰ 2025 ਨੂੰ ਸੈਂਸੈਕਸ 85,220.60 ’ਤੇ ਸੀ ਜੋ ਹੁਣ ਲਗਭਗ 72 ਹਜ਼ਾਰ ’ਤੇ ਆ ਗਿਆ ਹੈ। ਨਿਫਟੀ ਵੀ ਡਿੱਗਿਆ ਹੈ ਅਤੇ ਮਿਡ ਕੈਪ ਤੇ ਸਮਾਲ ਕੈਪ ਵਿੱਚ ਵੀ ਵੱਡੀ ਗਿਰਾਵਟ ਆਈ ਹੈ। ਮੱਧਵਰਗੀ ਨਿਵੇਸ਼ਕਾਂ ਦੀ ਕਮਰ ਟੁੱਟ ਗਈ ਹੈ। ਪਿਛਲੇ 24 ਮਹੀਨਿਆਂ ਤੋਂ ਬਾਜ਼ਾਰ ਨੇ ਕੋਈ ਖਾਸ ਰਿਟਰਨ ਨਹੀਂ ਦਿੱਤਾ। ਮਿਊਚੁਅਲ ਫੰਡਾਂ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ ਵੱਡਾ ਘਾਟਾ ਹੋਇਆ ਹੈ ਅਤੇ ਰਿਕਵਰੀ ਵਿੱਚ ਕਈ ਸਾਲ ਲੱਗ ਸਕਦੇ ਹਨ।

ਸਰਕਾਰ ਕਹਿੰਦੀ ਹੈ ਕਿ ਭਾਰਤ ਦੁਨੀਆ ਦੀ ਸਭ ਤੋਂ ਤੇਜ਼ ਵਧਦੀ ਅਰਥਵਿਵਸਥਾ ਹੈ ਅਤੇ ਜੀਡੀਪੀ ਵਿਕਾਸ ਦਰ 7.8 ਫੀਸਦੀ ਰਹੀ ਹੈ, ਪਰ ਇਹ ਵਾਧਾ ਸ਼ੇਅਰ ਬਾਜ਼ਾਰ ਵਿੱਚ ਨਜ਼ਰ ਨਹੀਂ ਆ ਰਿਹਾ। ਤਾਈਵਾਨ ਨੇ 69 ਫੀਸਦੀ, ਜਾਪਾਨ ਨੇ 35 ਫੀਸਦੀ, ਕੋਰੀਆ ਨੇ 57 ਫੀਸਦੀ, ਅਮਰੀਕਾ ਨੇ 14 ਫੀਸਦੀ ਅਤੇ ਇੰਗਲੈਂਡ ਨੇ 4 ਫੀਸਦੀ ਰਿਟਰਨ ਦਿੱਤਾ ਪਰ ਭਾਰਤ ਵਿੱਚ ਰਿਟਰਨ ਨੈਗੇਟਿਵ ਰਿਹਾ।

Major decline in the Stock Market, Gold & silver । Crude Oil । PRIME BULLETIN-289 । THE KHALAS TV

ਇਸ ਦਾ ਮੁੱਖ ਕਾਰਨ ਵੀ ਫੈਡ ਵੱਲੋਂ ਉੱਚੀਆਂ ਵਿਆਜ ਦਰਾਂ ਹੈ। ਵਿਦੇਸ਼ੀ ਨਿਵੇਸ਼ਕ ਭਾਰਤੀ ਬਾਜ਼ਾਰ ਤੋਂ ਪੈਸਾ ਕੱਢ ਕੇ ਅਮਰੀਕੀ ਬਾਂਡਾਂ ਅਤੇ ਹੋਰ ਦੇਸ਼ਾਂ ਦੇ ਬਾਜ਼ਾਰਾਂ ਵਿੱਚ ਲਗਾ ਰਹੇ ਹਨ ਜਿੱਥੇ ਵਧੇਰੇ ਰਿਟਰਨ ਮਿਲ ਰਿਹਾ ਹੈ। ਭਾਰਤ ਵਿੱਚ ਟੈਕਸ ਵੱਧ ਹੈ ਅਤੇ ਜੋਖਮ ਵੀ ਜ਼ਿਆਦਾ ਹੈ। ਇਸ ਸਾਲ ਹੁਣ ਤੱਕ ਵਿਦੇਸ਼ੀ ਨਿਵੇਸ਼ਕਾਂ ਨੇ 3.12 ਲੱਖ ਕਰੋੜ ਰੁਪਏ ਕੱਢ ਲਏ ਹਨ। ਸਤੰਬਰ ਵਿੱਚ 35 ਹਜ਼ਾਰ ਅਤੇ ਅਕਤੂਬਰ ਵਿੱਚ 52 ਹਜ਼ਾਰ ਕਰੋੜ ਦੀ ਨਿਕਾਸੀ ਹੋ ਚੁੱਕੀ ਹੈ।ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਵੀ ਬਾਜ਼ਾਰ ਲਈ ਨੁਕਸਾਨਦਾਇਕ ਹਨ। ਸਾਊਦੀ ਅਰਬ ’ਤੇ ਹੂਤੀ ਹਮਲਿਆਂ ਤੋਂ ਬਾਅਦ ਬ੍ਰੈਂਟ ਤੇਲ 113.5 ਡਾਲਰ ਤੱਕ ਪਹੁੰਚ ਗਿਆ ਹੈ। ਤੇਲ ਮਹਿੰਗਾ ਹੋਣ ਨਾਲ ਕੰਪਨੀਆਂ ਦੇ ਮੁਨਾਫ਼ੇ ’ਤੇ ਅਸਰ ਪੈਣ ਦਾ ਡਰ ਹੈ।ਤਕਨੀਕੀ ਤੌਰ ’ਤੇ ਨਿਫਟੀ ਆਪਣੇ 20-ਦਿਨਾਂ ਦੇ ਐਕਸਪੋਨੈਂਸ਼ੀਅਲ ਮੂਵਿੰਗ ਐਵਰੇਜ 22,860 ਤੋਂ ਹੇਠਾਂ ਆ ਗਿਆ ਹੈ। 22,800 ਤੋਂ ਉੱਪਰ ਟਿਕਣਾ ਜ਼ਰੂਰੀ ਸੀ ਪਰ 22,550 ਤੋਂ ਹੇਠਾਂ ਜਾਣ ਨਾਲ ਬਿਕਵਾਲੀ ਵਧ ਗਈ ਹੈ। ਹੁਣ 22,180 ਤੱਕ ਡਿੱਗਣ ਦੀ ਸੰਭਾਵਨਾ ਹੈ। ਇਨ੍ਹਾਂ ਸਾਰੀਆਂ ਹਾਲਤਾਂ ਨੇ ਬਾਜ਼ਾਰ ਦਾ ਸੈਂਟੀਮੈਂਟ ਖਰਾਬ ਕਰ ਦਿੱਤਾ ਹੈ।

Exit mobile version