Punjab

ਅੰਮ੍ਰਿਤਪਾਲ ਸਿੰਘ ਨੂੰ ਚੈਲੰਜ ਕਰਨ ਵਾਲਾ ਪਾਸਟਰ ਕਿਉਂ ਫੁੱਟ ਫੁੱਟ ਕੇ ਰੋ ਰਿਹੈ

‘ਦ ਖ਼ਾਲਸ ਬਿਊਰੋ : ਫਿਰੋਜ਼ਪੁਰ ਦੇ ਪਾਸਟਰ ਜੈਪੌਲ ਨੇ ਸਿੱਖ ਭਾਈਚਾਰੇ ਤੋਂ ਮੁਆਫ਼ੀ ਮੰਗੀ ਹੈ। ਪਾਸਟਰ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਕਿਸੇ ਨੂੰ ਨਹੀਂ ਪਤਾ ਕਿ 26 ਸਤੰਬਰ ਨੂੰ ਮੇਰੇ ਨਾਲ ਕੀ ਕੀ ਹੋਇਆ। 26 ਸਤੰਬਰ ਨੂੰ 12 ਵਜੇ ਤੋਂ ਲੈ ਕੇ 7:30 ਵਜੇ ਤੱਕ ਮੈਂ ਥਾਣੇ ਸੀ। ਹੈਰਾਨੀ ਦੀ ਗੱਲ ਹੈ ਕਿ ਮੈਨੂੰ ਚੁਕਵਾਉਣ ਵਾਲੇ ਲੋਕ ਸਿੱਖ ਭਾਈਚਾਰਾ ਨਹੀਂ ਬਲਕਿ ਫਿਰੋਜ਼ਪੁਰ ਦੇ ਪਾਸਟਰ ਅਤੇ ਲੀਡਰ ਹਨ। ਦੁੱਖ ਦੀ ਗੱਲ ਹੈ ਕਿ ਮੈਨੂੰ ਇੱਕ ਘੰਟੇ ਵਿੱਚ ਖੁਦ ਨੂੰ ਪਾਸਟਰ ਹੋਣ ਦਾ ਸਬੂਤ ਦੇਣਾ ਪਿਆ। ਪਾਸਟਰਾਂ ਅਤੇ ਲੀਡਰਾਂ ਨੇ ਦਾਅਵਾ ਕਰ ਦਿੱਤਾ ਕਿ ਪੰਜਾਬ ਵਿੱਚ ਕਿਤੇ ਵੀ ਧਰਨਾ ਨਹੀਂ ਲੱਗ ਰਿਹਾ, ਇਹ ਬੰਦਾ (ਪਾਸਟਰ ਜੈਪੌਲ) ਆਪਣੇ ਆਪ ਤੋਂ ਬਾਹਰ ਹੈ ਅਤੇ ਭੜਕਾਊ ਭਾਸ਼ਣ ਦੇ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਹੈ। ਵੀਡੀਓ ਸੰਦੇਸ਼ ਵਿੱਚ ਪਾਸਟਰ ਜੈਪੌਲ ਫੁੱਟ ਫੁੱਟ ਕੇ ਰੋਇਆ। ਜੈਪੌਲ ਨੇ ਕਿਹਾ ਕਿ ਮੈਂ ਪਾਸਟਰ ਹਾਂ, ਮੈਂ ਕਦੇ ਕਿਸੇ ਤੋਂ ਦੁਆ ਕਰਨ ਦੇ ਪੈਸੇ ਨਹੀਂ ਲਏ। ਇਨ੍ਹਾਂ ਨੇ ਮੇਰੇ ਪਰਿਵਾਰ ਨੂੰ ਰੁਆਇਆ ਹੈ। ਪਾਸਟਰ ਨੇ ਕਿਹਾ ਕਿ ਮੈਂ ਡਰ ਗਿਆ ਹਾਂ ਪਰ ਮੇਰੇ ਤੋਂ ਪ੍ਰਚਾਰ ਕਰਨ ਦਾ ਹੱਕ ਨਾ ਖੋਹਿਆ ਜਾਵੇ।

ਇਸ ਪਾਸਟਰ ਵੱਲੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਮੁਖੀ ਅੰਮ੍ਰਿਤਪਾਲ ਸਿੰਘ ਨੂੰ 27 ਸਤੰਬਰ ਨੂੰ ਪੰਜਾਬ ਬੰਦ ਕਰਨ ਦੀ ਖੁੱਲ੍ਹੀ ਚਿਤਾਵਨੀ ਦਿੱਤੀ ਸੀ। ਹਾਲਾਂਕਿ, ਕੱਲ੍ਹ ਪੰਜਾਬ ਬੰਦ ਕਰਨ ਦਾ ਪਾਸਟਰ ਦੇ ਸੱਦੇ ਨੂੰ ਕੋਈ ਬੂਰ ਨਹੀਂ ਪਿਆ। ਇਸਦੇ ਉਲਟ ਉਸਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ।