India Khaas Lekh Khalas Tv Special Punjab

ਕਿੱਥੇ ਖੜਾ ਹੈ ਪੰਜਾਬ, ਅੰਕੜਿਆਂ ਨੇ ਕੱਢੀ ਫੂਕ

ਕਰੋਨਾ ਦੇ ਦੌਰ ਤੋਂ ਬਾਅਦ ਕਿਹੜੇ ਸੂਬੇ ਵਿੱਚ ਕਿੰਨੀਆਂ ਸਰਕਾਰੀ ਨੌਕਰੀਆਂ ਵਧੀਆਂ ਹਨ, ਰੁਜ਼ਗਾਰ ਦੇਣ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਕਿੱਥੇ ਕੁ ਖੜੀ ਹੈ, ਲੱਖਾਂ ਨੌਕਰੀਆਂ ਜਾਂ ਹਰ ਘਰ ਨੌਕਰੀਆਂ ਦੇਣ ਦੇ ਵਾਅਦੇ ਕਰਦੀਆਂ ਸਰਕਾਰਾਂ ਦੀ ਹਕੀਕਤ ਕੀ ਹੁੰਦੀ ਹੈ, ਇਸ ਖ਼ਾਸ ਰਿਪੋਰਟ ਦੇ ਅੰਕੜੇ ਸਾਨੂੰ ਦੱਸ ਦੇਣਗੇ। ਈਪੀਐੱਫਓ ਦੀ ਇੱਕ ਰਿਪੋਰਟ ਵਿੱਚ ਵੱਖ ਵੱਖ ਅੰਕੜਿਆਂ ਦਾ ਖੁਲਾਸਾ ਹੋਇਆ ਹੈ।

ਨੌਕਰੀਆਂ

ਜੁਲਾਈ 2022 ਦੌਰਾਨ ਦੇਸ਼ ਭਰ ਵਿੱਚ 18.23 ਲੱਖ ਲੋਕਾਂ ਨੂੰ ਸੰਗਠਿਤ ਖੇਤਰ ਵਿੱਚ ਨੌਕਰੀ ਮਿਲੀ ਹੈ। ਜੁਲਾਈ 2021 ਵਿੱਚ ਇਹ 14.64 ਲੱਖ ਸੀ। ਈਪੀਐੱਫਓ ਦੀ ਰਿਪੋਰਟ ਵਿੱਚ ਇਹ ਅੰਕੜੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ 16.02 ਲੱਖ ਨੌਕਰੀਆਂ ਸਿਰਫ਼ 16 ਸੂਬਿਆਂ ਵਿੱਚ ਆਈਆਂ ਹਨ, ਜਿਨ੍ਹਾਂ ਵਿੱਚ 12 ਉੱਤਰ ਭਾਰਤ ਦੇ ਅਤੇ 5 ਦੱਖਣੀ ਭਾਰਤ ਦੇ ਸੂਬੇ ਹਨ। ਕੇਰਲਾ ਵਿੱਚ ਸਭ ਤੋਂ ਜ਼ਿਆਦਾ 85 ਫ਼ੀਸਦੀ (ਜੁਲਾਈ 2021 ਵਿੱਚ 13,441 ਸੀ, ਜੋ ਜੁਲਾਈ 2022 ਵਿੱਚ 24,830 ਹੋ ਗਈ) ਨੌਕਰੀਆਂ ਵਧੀਆਂ ਹਨ। ਪੱਛਮੀ ਬੰਗਾਲ 70 ਫ਼ੀਸਦੀ ਦੇ ਵਾਧੇ ਨਾਲ ਦੂਸਰੇ ਅਤੇ ਹਰਿਆਣਾ 48 ਫ਼ੀਸਦੀ ਨਾਲ ਤੀਸਰੇ ਸਥਾਨ ਉੱਤੇ ਰਿਹਾ ਹੈ।

ਉੱਤਰ ਦੇ 12 ਸੂਬਿਆਂ ਵਿੱਚ 9.9 ਲੱਖ ਨੌਕਰਾਂ ਮਿਲੀਆਂ, ਪੰਜਾਬ ਵਿੱਚ 6 ਫ਼ੀਸਦੀ ਨੌਕਰੀਆਂ ਵਧੀਆਂ

ਜੁਲਾਈ 21 ਦੇ ਮੁਕਾਬਲੇ ਜੁਲਾਈ 22 ਵਿੱਚ ਬਿਹਾਰ ਵਿੱਚ 41 ਫ਼ੀਸਦੀ, ਓਡੀਸ਼ਾ ਵਿੱਚ 36 ਫ਼ੀਸਦੀ, ਯੂਪੀ-ਰਾਜਸਥਾਨ ਵਿੱਚ 29-29 ਫ਼ੀਸਦੀ, ਮਹਾਰਾਸ਼ਟਰ ਵਿੱਚ 27 ਫ਼ੀਸਦੀ, ਮੱਧ ਪ੍ਰਦੇਸ਼ ਵਿੱਚ 19 ਫ਼ੀਸਦੀ, ਝਾਰਖੰਡ ਵਿੱਚ 10 ਫ਼ੀਸਦੀ, ਛੱਤੀਸਗੜ੍ਹ ਵਿੱਚ 7 ਫ਼ੀਸਦੀ, ਪੰਜਾਬ ਵਿੱਚ 6 ਫ਼ੀਸਦੀ ਅਤੇ ਗੁਜਰਾਤ ਵਿੱਚ 2 ਫ਼ੀਸਦੀ ਨੌਕਰੀਆਂ ਵਧੀਆਂ ਹਨ। ਇਸੇ ਦੌਰਾਨ ਤਾਮਿਲਨਾਡੂ ਵਿੱਚ 19 ਫ਼ੀਸਦੀ, ਕਰਨਾਟਕਾ ਵਿੱਚ 10 ਫ਼ੀਸਦੀ, ਤੇਲੰਗਾਨਾ ਵਿੱਚ 41 ਫ਼ੀਸਦੀ ਅਤੇ ਆਂਧਰਾ ਪ੍ਰਦੇਸ਼ ਵਿੱਚ 37 ਫ਼ੀਸਦੀ ਰੁਜ਼ਗਾਰ ਵਧਿਆ ਹੈ। ਜੁਲਾਈ 2022 ਵਿੱਚ 3.8 ਲੱਖ ਨੌਕਰੀਆਂ ਮਹਾਰਾਸ਼ਟਰ ਵਿੱਚ ਆਈਆਂ ਜੋ ਗਿਣਤੀ ਵਿੱਚ ਦੇਸ਼ ਵਿੱਚ ਸਭ ਤੋਂ ਜ਼ਿਆਦਾ ਹਨ।

ਬੇਰੁਜ਼ਗਾਰੀ

ਹਰਿਆਣਾ ਵਿੱਚ ਜੁਲਾਈ 22 ਦੌਰਾਨ ਬੇਰੁਜ਼ਗਾਰੀ ਵੀ ਵਧੀ ਹੈ ਪਰ ਉੱਥੇ ਜੁਲਾਈ 22 ਵਿੱਚ ਬੇਰੁਜ਼ਗਾਰੀ ਦਰ 26.9 ਫ਼ੀਸਦੀ ਰਹੀ, ਜੋ 15 ਸੂਬਿਆਂ ਵਿੱਚ ਸਭ ਤੋਂ ਜ਼ਿਆਦਾ ਹੈ। ਜੁਲਾਈ 21 ਦੇ ਮੁਕਾਬਲੇ ਉੱਤਰ ਭਾਰਤ ਦੇ ਬਿਹਾਰ ਵਿੱਚ 5.8 ਫ਼ੀਸਦੀ ਅਤੇ ਦੱਖਣ ਦੇ ਤਾਮਿਲ ਨਾਡੂ ਵਿੱਚ 1.8 ਫ਼ੀਸਦੀ ਬੇਰੁਜ਼ਗਾਰੀ ਦਰ ਸਭ ਤੋਂ ਜ਼ਿਆਦਾ ਵਧੀ ਹੈ। ਜੁਲਾਈ 2022 ਦੌਰਾਨ ਰਾਜਸਥਾਨ ਵਿੱਚ ਬੇਰੁਜ਼ਗਾਰੀ ਦਰ 19.6 ਫ਼ੀਸਦੀ ਰਹੀ ਜੋ ਜੁਲਾਈ 21 ਦੇ ਮੁਕਾਬਲੇ 1.5 ਫ਼ੀਸਦੀ ਘੱਟ ਹੋ ਗਈ ਹੈ। ਕਰੀਬ 11 ਫ਼ੀਸਦੀ ਦੀ ਸਭ ਤੋਂ ਵੱਡੀ ਗਿਰਾਵਟ ਕੇਰਲਾ ਵਿੱਚ ਵੇਖੀ ਗਈ। ਇੱਥੇ 15.8 ਫ਼ੀਸਦੀ ਬੇਰੁਜ਼ਗਾਰੀ ਦਰ 4.9 ਫ਼ੀਸਦੀ ਉੱਤੇ ਆ ਗਈ।

ਉੱਤਰ ਭਾਰਤ ਦੇ 12 ਵਿੱਚੋਂ 8 ਸੂਬਿਆਂ ਵਿੱਚ ਬੇਰੁਜ਼ਗਾਰ ਘਟੇ ਪਰ ਪੰਜਾਬ ਵਿੱਚ ਵਧੇ

ਜੁਲਾਈ 2021 ਦੇ ਮੁਕਾਬਲੇ ਜੁਲਾਈ 2022 ਵਿੱਚ ਮਹਾਂਰਾਸ਼ਟਰ, ਹਰਿਆਣਾ, ਯੂਪੀ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਪੱਛਮੀ ਬੰਗਾਲ ਅਤੇ ਓਡੀਸ਼ਾ ਵਿੱਚ ਬੇਰੁਜ਼ਗਾਰੀ ਦਰ ਘਟੀ ਹੈ। ਗੁਜਰਾਤ, ਪੰਜਾਬ, ਬਿਹਾਰ ਅਤੇ ਝਾਰਖੰਡ ਵਿੱਚ ਬੇਰੁਜ਼ਗਾਰੀ ਦਰ ਵਧੀ ਹੈ। ਝਾਰਖੰਡ ਵਿੱਚ 9.4 ਫ਼ੀਸਦੀ ਤੋਂ ਵੱਧ ਕੇ 14 ਫ਼ੀਸਦੀ ਹੋਈ ਹੈ। ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਕੇਰਲਾ ਵਿੱਚ ਬੇਰੁਜ਼ਗਾਰੀ ਦਰ ਜੁਲਾਈ 2021 ਦੀ ਤੁਲਨਾ ਵਿੱਚ ਘਟੀ ਜਦਕਿ ਕਰਨਾਟਕਾ ਅਤੇ ਤੇਲੰਗਾਨਾ ਵਿੱਚ ਵੱਧ ਗਈ ਹੈ। ਛੱਤੀਸਗੜ੍ਹ ਵਿੱਚ 0.8 ਫ਼ੀਸਦੀ, ਓਡੀਸ਼ਾ ਵਿੱਚ 0.9 ਫ਼ੀਸਦੀ ਬੇਰੁਜ਼ਗਾਰੀ ਦਰ ਦਰਜ ਕੀਤੀ ਗਈ ਹੈ।

ਮਹਿੰਗਾਈ

ਪਿਛਲੇ ਇੱਕ ਸਾਲ ਦੌਰਾਨ ਦੇਸ਼ ਦੇ 15 ਪ੍ਰਮੁੱਖ ਸੂਬਿਆਂ ਵਿੱਚੋਂ ਰਾਜਸਥਾਨ ਵਿੱਚ ਮਹਿੰਗਾਈ ਸਭ ਤੋਂ ਜ਼ਿਆਦਾ ਵਧੀ ਹੈ। ਜੁਲਾਈ 21 ਵਿੱਚ ਇਹ 4.07 ਫ਼ੀਸਦੀ ਸੀ, ਜੋ ਜੁਲਾਈ 22 ਵਿੱਚ 2.86 ਤੱਕ ਵੱਧ ਕੇ 6.93 ਫ਼ੀਸਦੀ ਉੱਤੇ ਪਹੁੰਚ ਗਈ ਹੈ। ਪੱਛਮੀ ਬੰਗਾਲ 2.16 ਫ਼ੀਸਦੀ ਦੇ ਵਾਧੇ ਨਾਲ ਦੂਜੇ ਨੰਬਰ ਉੱਤੇ ਰਿਹਾ ਹੈ। ਦੱਖਣ ਵਿੱਚ ਕਰਨਾਟਕਾ ਵਿੱਚ ਮਹਿੰਗਾਈ ਦਰ ਸਭ ਤੋਂ ਜ਼ਿਆਦਾ ਹੇਠਾਂ ਡਿੱਗੀ ਹੈ। ਕਰਨਾਟਕਾ ਵਿੱਚ ਮਹਿੰਗਾਈ ਦਰ ਜੁਲਾਈ 21 ਵਿੱਚ 6.84 ਫ਼ੀਸਦੀ ਤੋਂ ਖਿਸਕ ਕੇ 4.86 ਫ਼ੀਸਦੀ ਉੱਤੇ ਆ ਗਈ ਹੈ। ਬਿਹਾਰ ਇੱਕ ਅਜਿਹਾ ਸੂਬਾ ਰਿਹਾ ਹੈ, ਜਿੱਥੇ 2021 ਦੇ ਮੁਕਾਬਲੇ ਜੁਲਾਈ 2022 ਵਿੱਚ ਮਹਿੰਗਾਈ ਦਰ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ।

ਉੱਤਰ ਭਾਰਤ ਦੇ 12 ਸੂਬਿਆਂ ਵਿੱਚੋਂ 3 ਵਿੱਚ ਹੀ ਮਹਿੰਗਾਈ ਦਰ ਘਟੀ, ਇਸ ਵਿੱਚ ਪੰਜਾਬ ਵੀ ਹੈ ਸ਼ਾਮਿਲ

ਉੱਤਰ ਭਾਰਤ ਦੇ 12 ਸੂਬਿਆਂ ਵਿੱਚੋਂ ਪੰਜਾਬ, ਝਾਰਖੰਡ ਅਤੇ ਬਿਹਾਰ ਨੂੰ ਛੱਡ ਕੇ ਬਾਕੀ ਸੂਬਿਆਂ ਵਿੱਚ ਇੱਕ ਸਾਲ ਦੌਰਾਨ ਮਹਿੰਗਾਈ ਦਰ ਵਧੀ ਹੈ। ਉੱਤਰ ਵਿੱਚ ਗੁਜਰਾਤ ਵਿੱਚ ਮਹਿੰਗਾਈ ਦਰ ਸਭ ਤੋਂ ਵੱਧ 7.85 ਫ਼ੀਸਦੀ ਹੈ। ਬਿਹਾਰ ਅਤੇ ਮਹਾਂਰਾਸ਼ਟਰ ਵਿੱਚ ਸਭ ਤੋਂ ਘੱਟ 5.21 ਫ਼ੀਸਦੀ ਹੈ। ਦੱਖਣ ਦੇ ਪੰਜ ਸੂਬਿਆਂ ਵਿੱਚੋਂ 3 (ਤੇਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਕੇਰਲਾ) ਵਿੱਚ ਮਹਿੰਗਾਈ ਦਰ ਪਿਛਲੇ 12 ਮਹੀਨਿਆਂ ਵਿੱਚ ਵਧੀ ਹੈ ਜਦਕਿ ਤਾਮਿਲਨਾਡੂ ਅਤੇ ਕਰਨਾਟਕਾ ਵਿੱਚ ਘਟੀ ਹੈ। ਹਾਲਾਂਕਿ, ਕੇਰਲਾ ਵਿੱਚ ਸਭ ਤੋਂ ਘੱਟ 0.48 ਫ਼ੀਸਦੀ ਹੀ ਵਧੀ ਹੈ।