Punjab Religion

ਬੀਬੀ ਜਗੀਰ ਕੌਰ ਨੂੰ ਮਨਾਉਣ ਦੀ ਕੋਸਿਸ਼ਾਂ ਫੇਲ੍ਹ ! ਬਾਗ਼ੀ ਬੀਬੀ ਨੂੰ ਸੁਖਬੀਰ ਬਾਦਲ ਦੀ ਇਹ 2 ਗੱਲਾਂ ਚੁੱਬ ਗਈ

Bibi jagir kaur rebel because of sukhbir badal

ਬਿਊਰੋ ਰਿਪੋਰਟ : ਬੀਬੀ ਜਗੀਰ ਕੌਰ ਬਾਦਲ ਪਰਿਵਾਰ ਦੀ ਸਭ ਤੋਂ ਵਫ਼ਾਦਾਰ ਆਗੂ ਮੰਨੀ ਜਾਂਦੀ ਸੀ । 2017 ਦੀਆਂ ਚੋਣਾਂ ਹਾਰਨ ਤੋਂ ਬਾਅਦ ਜਦੋਂ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ,ਸੇਵਾ ਸਿੰਘ ਸੇਖਵਾ,ਰਤਨ ਸਿੰਘ ਅਜਨਾਲਾ ਵਰਗੇ ਟਕਸਾਲੀ ਆਗੂ ਸੁਖਬੀਰ ਖਿਲਾਫ਼ ਦੇ ਖਿਲਾਫ ਬਾਗ਼ੀ ਹੋ ਗਏ ਸਨ ਤਾਂ ਬੀਬੀ ਜਗੀਰ ਕੌਰ ਡੱਟ ਕੇ ਬਾਦਲ ਪਰਿਵਾਰ ਨਾਲ ਖੜੀ ਹੋਈ । ਪਰ 5 ਸਾਲ ਬਾਅਦ ਬੀਬੀ ਜਗੀਰ ਕੌਰ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਖਿਲਾਫ਼ ਉਹ ਹੀ ਬਾਗ਼ੀ ਰਸਤਾ ਚੁੱਣ ਲਿਆ ਹੈ ।ਬੀਬੀ ਜਗੀਰ ਕੌਰ ਨੇ SGPC ਦੇ ਪ੍ਰਧਾਨ ਦੀ ਚੋਣ ਲੜਨ ਦਾ ਐਲਾਨ ਕਰਦੇ ਹੋਏ ਪਾਰਟੀ ਦੇ ਲਿਫਾਫਾ ਕਲਚਰ ‘ਤੇ ਗੰਭੀਰ ਸਵਾਲ ਚੁੱਕੇ ਹਨ। ਹਾਲਾਂਕਿ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਅਤੇ ਸੁਰਜੀਤ ਰੱਖੜਾ ਉਨ੍ਹਾਂ ਨੂੰ ਮਨਾਉਣ ਵੀ ਗਏ ਪਰ ਸੂਤਰਾਂ ਮੁਤਾਬਿਕ ਉਹ ਆਪਣੇ ਫੈਸਲੇ ‘ਤੇ ਅੜ੍ਹੀ ਹੋਈ ਹਨ। ਇਹ ਸਭ ਕੁਝ ਰਾਤੋ ਰਾਤ ਨਹੀਂ ਹੋਇਆ ਹੈ। ਸੂਤਰਾਂ ਮੁਤਾਬਿਕ ਬੀਬੀ ਦੇ ਬਾਗ਼ੀ ਹੋਣ ਦੇ ਪਿੱਛੇ 1 ਸਾਲ ਦੇ ਅੰਦਰ ਅਜਿਹੀਆਂ 2 ਸਿਆਸੀ ਗੱਲਾਂ ਹੋਇਆ ਜਿਸ ਨੇ ਉਨ੍ਹਾਂ ਨੂੰ ਸੁਖਬੀਰ ਬਾਦਲ ਦੇ ਸਾਹਮਣੇ ਖੜਾਂ ਕਰ ਦਿੱਤਾ ।

ਇੰਨਾਂ 2 ਵਜ੍ਹਾ ਨਾਲ ਬੀਬੀ ਜਗੀਰ ਕੌਰ ਹੋਈ ਬਾਗੀ

ਬੀਬੀ ਜਗੀਰ ਕੌਰ ਦੀ ਨਰਾਜ਼ਗੀ ਦੀ ਪਹਿਲੀ ਵਜ੍ਹਾ

2022 ਦੀਆਂ ਚੋਣਾਂ ਦੇ ਲਈ ਸੁਖਬੀਰ ਬਾਦਲ ਨੇ ਪਿਛਲੇ ਸਾਲ ਫਰਵਰੀ ਤੋਂ ਹੀ ਉਮੀਦਵਾਰਾਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤੀ ਸੀ। ਅਕਸਰ ਉਹ ਹਰ ਹਲਕੇ ਵਿੱਚ ਜਾਂਦੇ ਸਨ ਅਤੇ ਰੈਲੀ ਵਿੱਚ ਉਮੀਦਵਾਰ ਦਾ ਹੱਥ ਚੁੱਕ ਕੇ ਐਲਾਨ ਕਰ ਦਿੰਦੇ ਸਨ। ਸਭ ਤੋਂ ਪਹਿਲਾਂ ਉਨ੍ਹਾਂ ਨੇ ਖੇਮਕਰਨ ਤੋਂ ਵਿਰਸਾ ਸਿੰਘ ਵਲਟੋਹਾ ਦੀ ਉਮੀਦਵਾਰੀ ਦਾ ਐਲਾਨ ਕੀਤਾ ਸੀ । ਉਸ ਤੋਂ ਬਾਅਦ ਸੁਖਬੀਰ ਬਾਦਲ ਜਦੋਂ 1 ਮਹੀਨੇ ਬਾਅਦ ਬੀਬੀ ਜਗੀਰ ਕੌਰ ਦੇ ਹਲਕੇ ਭੁੱਲਥ ਪਹੁੰਚੇ ਤਾਂ ਬੀਬੀ ਜਗੀਰ ਕੌਰ ਨੇ ਰੈਲੀ ਦਾ ਪ੍ਰਬੰਧ ਕੀਤਾ ਸੀ । ਬੀਬੀ ਜਗੀਰ ਕੌਰ ਨੂੰ ਵੀ ਪੂਰੀ ਉਮੀਦ ਸੀ ਸੁਖਬੀਰ ਬਾਦਲ ਉਨ੍ਹਾਂ ਦੇ ਨਾਂ ਦਾ ਐਲਾਨ ਕਰ ਸਕਦੇ ਹਨ। ਪਰ ਸੁਖਬੀਰ ਬਾਦਲ ਨੇ ਮੰਚ ਤੋਂ ਐਲਾਨ ਨਹੀਂ ਕੀਤਾ । ਉਸ ਵੇਲੇ ਤੋਂ ਦੋਵਾਂ ਦੇ ਵਿਚਾਲੇ ਪਹਿਲੀ ਤਰੇੜ ਪਈ ਸੀ। ਸੂਤਰਾਂ ਮੁਤਾਬਿਕ ਬੀਬੀ ਜਗੀਰ ਕੌਰ ਉਸ ਵੇਲੇ SGPC ਦੀ ਪ੍ਰਧਾਨ ਸਨ । ਸੁਖਬੀਰ ਬਾਦਲ ਵੱਲੋਂ ਬੀਬੀ ਜਗੀਰ ਕੌਰ ਨੂੰ ਕਿਹਾ ਗਿਆ ਸੀ ਕਿ ਉਹ SGPC ਦੇ ਪ੍ਰਧਾਨ ਬਣੇ ਰਹਿਣ ਜਾਂ ਫਿਰ ਭੁੱਲਥ ਤੋਂ ਚੋਣ ਲੜਨ । ਪਰ ਬੀਬੀ ਜਗੀਰ ਕੌਰ ਦੋਵੇ ਕੁਰਸੀਆਂ ਚਾਉਂਦੀ ਸੀ। ਪਿਛਲੇ ਸਾਲ ਨਵੰਬਰ ਵਿੱਚ ਬੀਬੀ ਜਗੀਰ ਕੌਰ ਨੂੰ SGPC ਦੇ ਪ੍ਰਧਾਨ ਦੀ ਕੁਰਸੀ ਨਹੀਂ ਮਿਲੀ। ਹਾਲਾਂਕਿ ਬਾਅਦ ਵਿੱਚੋਂ ਬੀਬੀ ਜਗੀਰ ਕੌਰ ਨੂੰ ਭੁੱਲਥ ਤੋਂ ਟਿਕਟ ਮਿਲੀ ਪਰ ਉਹ ਸੁਖਪਾਲ ਖਹਿਰਾ ਤੋਂ ਚੋਣ ਹਾਰ ਗਈ । ਪਰ ਮਨ ਦੇ ਅੰਦਰ ਬੀਬੀ ਜਗੀਰ ਕੌਰ ਦੇ SGPC ਦਾ ਮੁੜ ਪ੍ਰਧਾਨ ਨਾ ਬਣਨ ਦੀ ਟੀਸ ਰਰੀ । ਇਸ ਤੋਂ ਬਾਅਦ ਸੁਖਬੀਰ ਬਾਦਲ ਨਾਲ ਦੂਜੀ ਨਰਾਜ਼ਗੀ ਇਸੇ ਸਾਲ ਵਿਧਾਨਸਭਾ ਚੋਣਾਂ ਤੋਂ ਬਾਅਦ ਹੋਈ ।

ਬੀਬੀ ਜਗੀਰ ਕੌਰ ਦੀ ਨਰਾਜ਼ਗੀ ਦੀ ਦੂਜੀ ਵਜ੍ਹਾ

2022 ਦੀਆਂ ਚੋਣਾਂ ਹਾਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿੱਚ ਇੱਕ ਵਾਰ ਮੁੜ ਤੋਂ ਸੁਖਬੀਰ ਬਾਦਲ ਖਿਲਾਫ਼ ਆਵਾਜ਼ ਉੱਠੀ,ਜਗਮੀਤ ਬਰਾੜ,ਮਨਪ੍ਰੀਤ ਇਆਲੀ ਵਰਗੇ ਆਗੂਆਂ ਨੇ ਇਸ ਨੂੰ ਹਵਾ ਦਿੱਤਾ। ਪੰਜਾਬ ਵਿਧਾਨਸਭਾ ਦੇ ਸਾਬਕਾ ਸਪੀਕਰ ਰਹੇ ਨਿਰਮਲ ਸਿੰਘ ਕਾਹਲੋ ਦੇ ਦੇਹਾਂਤ ਤੋਂ ਬਾਅਦ ਕਾਹਲੋ ਦੇ ਪੁੱਤਰ ਨੂੰ ਮਿਲਣ ਪਹੁੰਚੇ ਜਗਮੀਤ ਬਰਾੜ,ਮਨਪ੍ਰੀਤ ਇਆਲੀ ਦੇ ਨਾਲ ਹੋਰ ਬਾਗ਼ੀ ਆਗੂਆਂ ਨੇ ਬੰਦ ਕਮਰੇ ਵਿੱਚ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਬੀਬੀ ਜਗੀਰ ਕੌਰ ਵੀ ਸ਼ਾਮਲ ਸਨ। ਸੁਖਬੀਰ ਬਾਦਲ ਦੇ ਸਾਹਮਣੇ ਜਦੋਂ ਬੀਬੀ ਜਗੀਰ ਕੌਰ ਦੀਆਂ ਇਹ ਤਸਵੀਰਾਂ ਆਇਆ ਤਾਂ ਉਹ ਕਾਫ਼ੀ ਨਰਾਜ਼ ਹੋ ਗਏ । ਸੂਤਰਾਂ ਮੁਤਾਬਿਕ ਬੀਬੀ ਜਗੀਰ ਕੌਰ ਨੇ ਉਸ ਵੇਲੇ ਸੁਖਬੀਰ ਬਾਦਲ ਤੋਂ ਮਿਲਣ ਦਾ ਸਮਾਂ ਵੀ ਮੰਗਿਆ ਸੀ ਪਰ ਉਨ੍ਹਾਂ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਵਾਰ ਵੀ ਬੀਬੀ ਜਗੀਰ ਕੌਰ SGPC ਦੀ ਚੋਣ ਲੜਨਾ ਚਾਉਂਦੀ ਸੀ ਪਰ ਉਨ੍ਹਾਂ ਦੀ ਮੰਗ ਸਿਰੇ ਨਹੀਂ ਚੜੀ ਤਾਂ ਪਹਿਲਾਂ ਉਨ੍ਹਾਂ ਨੇ 9 ਨਵੰਬਰ ਨੂੰ SGPC ਦੀ ਪ੍ਰਧਾਨਗੀ ਚੋਣ ਰੱਖਣ ‘ਤੇ ਸਵਾਲ ਚੁੱਕੇ ਜਦੋਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਖਾਰਜ ਕਰ ਦਿੱਤਾ ਤਾਂ ਉਨ੍ਹਾਂ ਨੇ ਸੁਖਬੀਰ ਬਾਦਲ ਦੇ ਲਿਫਾਫਾ ਕਲਚਰ ਦੇ ਜਰੀਏ SGPC ਦਾ ਪ੍ਰਧਾਨ ਚੁਣੇ ਜਾਣ ‘ਤੇ ਸਵਾਲ ਚੁੱਕੇ ਅਤੇ ਆਜ਼ਾਦ ਉਮੀਦਵਾਰ ਵੱਜੋਂ SGPC ਦੇ ਪ੍ਰਧਾਨ ਦੀ ਚੋਣ ਲੜਨ ਦਾ ਐਲਾਨ ਕਰ ਦਿੱਤਾ ।