Punjab

‘CM ਮਾਨ ਨੂੰ ਇਹ ਪੱਟੀ ਕਿਸ ਨੇ ਪੜ੍ਹਾਈ ਹੈ’ ?

‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੱਲ੍ਹ ਉਨ੍ਹਾਂ ਉੱਤੇ ਲਾਏ ਗਏ ਦੋਸ਼ਾਂ ਦਾ ਜਵਾਬ ਦਿੱਤਾ ਹੈ। ਸੁਖਬੀਰ ਬਾਦਲ ਨੇ ਮੁੱਖ ਮੰਤਰੀ ਮਾਨ ਨੂੰ ਪੰਜਾਬ ਦੀਆਂ ਸਮੱਸਿਆਵਾਂ ਬਾਰੇ ਮੀਡੀਆ ਕਰਮੀਆਂ ਤੋਂ ਜਾਣਕਾਰੀ ਹਾਸਿਲ ਕਰਨ ਦੀ ਸਲਾਹ ਦਿੱਤੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੂੰ ਪੰਜਾਬ ਦੀਆਂ ਸਮੱਸਿਆਵਾਂ ਬਾਰੇ ਕੁੱਝ ਵੀ ਪਤਾ ਨਹੀਂ ਹੈ।

ਸੁਖਬੀਰ ਬਾਦਲ ਨੇ ਮੁੱਖ ਮੰਤਰੀ ਮਾਨ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅਕਾਲੀ ਸਰਕਾਰ ਦੌਰਾਨ ਇਕੱਲੇ ਮੁਹਾਲੀ ਵਿੱਚ ਹੀ ਨਹੀਂ, ਬਲਕਿ ਸੂਬੇ ਦੇ ਹਰ ਜ਼ਿਲ੍ਹੇ ਤੇ ਹਰ ਤਹਿਸੀਲ ਵਿੱਚ ਪੰਜਾਬ ਸਰਕਾਰ ਦੇ ਪ੍ਰਸਾਸ਼ਨਿਕ ਕੰਪਲੈਕਸ ਖੜ੍ਹੇ ਕੀਤੇ ਗਏ ਸਨ। ਉਨ੍ਹਾਂ ਨੇ ਮਾਨ ਨੂੰ ਆਪਣੇ ਜ਼ਿਲ੍ਹੇ ਸੰਗਰੂਰ ਦੇ ਹੈਡਕੁਆਰਟਰ ਵਿੱਚ ਝਾਤੀ ਮਾਰਨ ਦੀ ਨਸੀਹਤ ਵੀ ਦਿੱਤੀ।

ਬਾਦਲ ਨੇ ਕਿਹਾ ਕਿ ਤੁਹਾਨੂੰ ਇਹ ਪੱਟੀ ਕਿਸ ਨੇ ਪੜ੍ਹਾਈ ਹੈ ਕਿ ਪੰਜਾਬ ਦੇ ਹੋਰਨਾ ਜ਼ਿਲ੍ਹਿਆਂ ਵਿੱਚ ਤਰੱਕੀ ਅਤੇ ਮੁਢਲੇ ਢਾਂਚੇ ਦੇ ਨਵੇਂ ਤੇ ਅਤਿ-ਆਧੁਨਿਕ ਮੀਲ ਪੱਥਰ ਖੜ੍ਹੇ ਕਰਨ ਦਾ ਚੰਡੀਗੜ੍ਹ ਉੱਤੇ ਪੰਜਾਬ ਦੇ ਹੱਕ ਨਾਲ ਦੂਰ-ਦੂਰ ਦਾ ਵੀ ਕੋਈ ਸੰਬੰਧ ਹੈ ? ‘ਨਿਊ’ ਚੰਡੀਗੜ੍ਹ ਪੁਰਾਣੇ ਚੰਡੀਗੜ੍ਹ ਦੇ ਨਾਲ ਲੱਗਦਾ ਨਵਾਂ ਵਸਾਇਆ ਇੱਕ ਵੱਖਰਾ ਖ਼ੂਬਸੂਰਤ ਸ਼ਹਿਰ ਹੈ, ਪਰ ਇਸ ਦਾ ਚੰਡੀਗੜ੍ਹ ਉੱਤੇ ਪੰਜਾਬ ਦੇ ਹੱਕ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਗੱਲਾਂ ਸੰਜੀਦਾ ਤੇ ਵਿਚਾਰਸ਼ੀਲ ਹਨ ਅਤੇ ਇਸ ਕਰਕੇ ਤੁਹਾਡੇ ਵੈਸੇ ਹੀ ਪੱਲੇ ਨਹੀਂ ਪੈਣੀਆਂ, ਪਰ ਜੇ ਪੈ ਵੀ ਜਾਣ ਤਾਂ ਵੀ ਕੁਝ ਨਹੀਂ ਹੋਣ ਲੱਗਾ, ਕਿਉਂਕਿ ਜੇ ਮੱਤ, ਮਨ, ਜ਼ਮੀਰ ਤੇ ਅਵਾਜ਼ ਗਿਰਵੀ ਰੱਖ ਦਿੱਤੇ ਜਾਣ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ ਵੀ ਦਿੱਲੀ ਵਾਲੇ ਹੀ ਖ਼ੁਦ ਲਿਖ ਕੇ ਜਾਰੀ ਕਰਨ ਲੱਗ ਜਾਣ, ਤਾਂ ਫ਼ਿਰ ਤੁਹਾਡੇ ਨਾਲ ਗਿਲਾ ਕਰਨ ਦਾ ਵੀ ਕੀ ਫ਼ਾਇਦਾ? ਤੁਹਾਡੇ ਬਿਆਨ ਤੁਹਾਨੂੰ ਕਿਹੜਾ ਪੁੱਛ ਕੇ ਜਾਰੀ ਕੀਤੇ ਜਾਂਦੇ ਹਨ, ਤੇ ਤੁਹਾਨੂੰ ਕਿਹੜਾ ਇਸ ਬੇ-ਗ਼ੈਰਤੀ ਤੇ ਕੋਈ ਇਤਰਾਜ਼ ਹੈ!

ਸੁਖਬੀਰ ਬਾਦਲ ਨੇ ਹਰਿਆਣਾ ਨੂੰ ਚੰਡੀਗੜ੍ਹ ਵਿੱਚ ਵਿਧਾਨ ਸਭਾ ਲਈ ਜ਼ਮੀਨ ਦੇਣ ਵਾਲੇ ਮਾਮਲੇ ਵਿੱਚ ਵੱਡਾ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਦੇ ਹੱਕ ਹਰਿਆਣੇ ਤੇ ਦਿੱਲੀ ਦੇ ਨਾਮ ਕਰਨ ਲਈ ਤੁਹਾਡਾ ਅੰਗੂਠਾ ਲਗਵਾਉਣ ਦੀ ਜਿਸ ਸਾਜ਼ਿਸ਼ ਵਿੱਚ ਤੁਸੀਂ ਰਜ਼ਾ ਮੰਦੀ ਦੇ ਚੁੱਕੇ ਹੋ, ਉਹ ਸਾਜ਼ਿਸ਼ ਨੰਗੀ ਹੋ ਚੁੱਕੀ ਹੈ ਤੇ ਤੁਸੀਂ ਭੁੱਲ ਜਾਓ ਕਿ ਪੰਜਾਬੀ ਤੁਹਾਨੂੰ ਇਹ ਇਜਾਜ਼ਤ ਦੇਣਗੇ ਕਿ ਤੁਸੀਂ ਮੁੱਖ ਮੰਤਰੀ ਵਾਲੀ ਕੁਰਸੀ ਦੀ ਕੀਮਤ ਪੰਜਾਬ ਦੀ ਗ਼ੈਰਤ ਵੇਚ ਕੇ ਚੁਕਾਓ।

ਦਰਅਸਲ, ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਆਗੂਆਂ ਵੱਲੋਂ ਸੂਬੇ ਦੀ ਰਾਜਧਾਨੀ ਦੇ ਮੁੱਦੇ ‘ਤੇ ਕੀਤੀ ਬਿਆਨਬਾਜ਼ੀ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਸੀ ਕਿ ਪੰਜਾਬੀ ਭਲੀ-ਭਾਂਤ ਜਾਣਦੇ ਹਨ ਕਿ ਸੂਬਾ ਸਰਕਾਰ ਦੇ ਦਫ਼ਤਰਾਂ ਨੂੰ ਚੰਡੀਗੜ੍ਹ ਤੋਂ ਮੁਹਾਲੀ ਤਬਦੀਲ ਕਿਸ ਨੇ ਕੀਤਾ ਅਤੇ ਨਿਊ ਚੰਡੀਗੜ੍ਹ ਦੀ ਸਥਾਪਨਾ ਕਰਨ ਵਾਲੇ ਕੌਣ ਹਨ। ਉਨ੍ਹਾਂ ਨੇ ਕਿਹਾ ਸੀ ਕਿ ਚੰਡੀਗੜ੍ਹ ‘ਤੇ ਪੰਜਾਬ ਦੇ ਦਾਅਵਿਆਂ ਨੂੰ ਖੋਰਾ ਲਾਉਣ ਲਈ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਕੇਂਦਰ ਦੀਆਂ ਸਰਕਾਰਾਂ ਨਾਲ ਮਿਲੀਭੁਗਤ ਰਹੀ ਹੈ। ਉਨ੍ਹਾਂ ਨੇ ਸੁਖਬੀਰ ਬਾਦਲ ਤੋਂ ਪੁੱਛਿਆ ਕਿ ਕੇਂਦਰ ਦੀ ਸਰਕਾਰ ‘ਚ ਭਾਈਵਾਲ ਹੋਣ ਦੇ ਬਾਵਜੂਦ ਉਨ੍ਹਾਂ ਨੇ ਚੰਡੀਗੜ੍ਹ ਨੂੰ ਲੈ ਕੇ ਚੁੱਪ ਕਿਉਂ ਧਾਰੀ ਰੱਖੀ। ਭਗਵੰਤ ਮਾਨ ਨੇ ਕਿਹਾ ਸੀ ਕਿ ਬਾਦਲ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਚੁੱਪ ਰਹੇ ਅਤੇ ਕਾਂਗਰਸ ਲੀਡਰਸ਼ਿਪ ਵੀ ਇਸ ਸਮੁੱਚੇ ਮਾਮਲੇ ‘ਤੇ ਮੂਕ ਦਰਸ਼ਕ ਬਣੀ ਰਹੀ।