Punjab

ਬਰਗਾੜੀ ‘ਚ ਮੁੜ ਕਿਸ ਨੇ ਸ਼ੁਰੂ ਕੀਤਾ ਮੋਰਚਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿਮਰਨਜੀਤ ਸਿੰਘ ਮਾਨ ਨੇ ਬਰਗਾੜੀ ਬੇਅਦਬੀ ਅਤੇ ਗੋਲੀਕਾਂਡ ਮਾਮਲੇ ਵਿੱਚ ਮੁੜ ਮੋਰਚਾ ਲਾਉਣ ਦਾ ਐਲਾਨ ਕੀਤਾ ਹੈ। ਸਿਮਰਨਜੀਤ ਸਿੰਘ ਮਾਨ ਦੀ ਪ੍ਰਸ਼ਾਸਨ ਦੇ ਨਾਲ ਇੱਕ ਘੰਟਾ ਮੀਟਿੰਗ ਚੱਲੀ ਅਤੇ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਇਹ ਮੋਰਚਾ ਸ਼ਾਂਤਮਈ ਤਰੀਕੇ ਨਾਲ ਸ਼ੁਰੂ ਕੀਤਾ ਜਾਵੇਗਾ। ਮਾਨ ਨੇ ਕਿਹਾ ਕਿ ਅੱਜ ਤੋਂ ਬਰਗਾੜੀ ਵਿੱਚ ਮੋਰਚਾ ਸ਼ੁਰੂ ਕਰਨ ਜਾ ਰਹੇ ਹਾਂ।

ਫਰੀਦਕੋਟ ਜ਼ਿਲ੍ਹੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਬਰਗਾੜੀ-ਕੋਟਕਪੂਰਾ ਚੌਂਕ ‘ਤੇ ਪੁਲਿਸ ਦਾ ਪਹਿਰਾ ਲੱਗ ਚੁੱਕਿਆ ਹੈ ਅਤੇ ਥਾਂ-ਥਾਂ ‘ਤੇ ਨਾਕੇ ਲੱਗ ਚੁੱਕੇ ਹਨ। ਬੇਅਦਬੀ ਗੋਲੀਕਾਂਡ ਮੁੱਦੇ ‘ਤੇ ਅੱਜ ਸਿੱਖ ਜਥੇਬੰਦੀਆਂ ਜੁੜ ਰਹੀਆਂ ਹਨ। ਸਿੱਖ ਜਥੇਬੰਦੀਆਂ ਦੁਬਾਰਾ ਮੋਰਚਾ ਲਾਉਣ ਦੀ ਤਿਆਰੀ ਵਿੱਚ ਹਨ। ਸਿਮਰਨਜੀਤ ਸਿੰਘ ਮਾਨ ਨੇ ਸਾਰੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਤਕੜੇ ਹੋ ਕੇ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਲਈ ਇੱਥੇ ਬੈਠਣਾ ਚਾਹੀਦਾ ਹੈ, ਜਦੋਂ ਤੱਕ ਇਨਸਾਫ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਮੋਰਚੇ ਵਿੱਚ ਕੋਈ ਵੀ ਆ ਸਕਦਾ ਹੈ। ਇਸ ਮੌਕੇ ਸਿਮਰਨਜੀਤ ਸਿੰਘ ਮਾਨ ਨੂੰ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ।