India International

ਚੀਨ ਵਿੱਚੋਂ ਆਹ ਬਿਮਾਰੀ ਹੋ ਗਈ ਪੂਰੀ ਤਰ੍ਹਾਂ ਖਤਮ

ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਵਿਸ਼ਵ ਸਿਹਤ ਸੰਸਥਾ ਨੇ ਚੀਨ ਨੂੰ ਮਲੇਰੀਆ ਮੁਕਤ ਦੇਸ਼ ਦਾ ਸਰਟੀਫਿਕੇਟ ਦੇ ਦਿੱਤਾ ਹੈ।ਇਹ ਮੱਛਰਾਂ ਤੋਂ ਪੈਦਾ ਹੋਣ ਵਾਲੀ ਬਿਮਾਰੀ ਦੇ ਖਿਲਾਫ 70 ਸਾਲ ਤੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ।
ਜਾਣਕਾਰੀ ਅਨੁਸਾਰ 1940 ਤੋਂ ਬਾਅਦ ਦੇਸ਼ ਵਿਚ ਇਸ ਬਿਮਾਰੀ ਦੇ ਕੋਈ 30 ਲੱਖ ਕੇਸ ਦਰਜ ਕੀਤੇ ਗਏ ਹਨ। ਜਦੋਂ ਕਿ ਪਿਛਲੇ 4 ਸਾਲਾਂ ਤੋਂ ਕੋਈ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਪਾਕਿਸਤਾਨ ਦੀ ਚਰਚਿਤ ਅਖਬਾਰ ਦੇ ਨਿਊਜ਼ ਪੋਰਟਲ ਅਨੁਸਾਰ ਵਿਸ਼ਵ ਸਿਹਤ ਸੰਸਥਾ ਦੇ ਮਹਾਨਿਦੇਸ਼ਕ ਨੇ ਕਿਹਾ ਕਿ ਅਸੀਂ ਚੀਨ ਦੀ ਜਨਤਾ ਨੂੰ ਇਸ ਬਿਮਾਰੀ ਤੋਂ ਨਿਜਾਤ ਪਾਉਣ ਲਈ ਵਧਾਈ ਦਿੰਦੇ ਹਾਂ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਹ ਸਫਲਤਾ ਬੇਸ਼ੱਕ ਬਹੁਤ ਮੁਸ਼ਕਿਲ ਉਦੇਸ਼ ਸੀ, ਪਰ ਪਾਏਦਾਰ ਕਾਰਵਾਈਆਂ ਕਾਰਨ ਇਹ ਸੰਭਵ ਹੋ ਗਿਆ ਹੈ।
ਇਸ ਐਲਾਨ ਨਾਲ ਚੀਨ ਉਨ੍ਹਾਂ ਦੇਸ਼ਾਂ ਦੀ ਗਿਣਤੀ ਵਿੱਚ ਸ਼ਾਮਲ ਹੋ ਗਿਆ ਜੋ ਸੰਸਾਰ ਨੂੰ ਮਲੇਰੀਆ ਮੁਕਤ ਭਵਿੱਖ ਨੂੰ ਇੱਕ ਵਿਹਾਰਕ ਟੀਚਾ ਦੱਸ ਰਹੇ ਹਨ।ਮਲੇਰੀਆ ਮੁਕਤ ਦੇਸ਼ ਦਾ ਪ੍ਰਮਾਣ ਹਾਸਿਲ ਕਰਨ ਲਈ ਉਹ ਦੇਸ਼ ਆਰਜੀ ਦੇ ਸਕਦੇ ਹਨ, ਜਿਨ੍ਹਾਂ ਨੇ ਘੱਟੋ-ਘੱਟ ਤਿੰਨ ਸਾਲ ਮਲੇਰੀਆ ਦਾ ਕੋਈ ਕੇਸ ਨਹੀਂ ਦੇਖਿਆ ਹੈ। ਇਸ ਅਰਜੀ ਲਈ ਉਨ੍ਹਾਂ ਨੂੰ ਬਕਾਇਦਾ ਸਬੂਤ ਵੀ ਦਿਖਾਉਣ ਪੈਣਗੇ।

ਜ਼ਿਕਰਯੋਗ ਹੈ ਕਿ ਇਸ ਹਫ਼ਤੇ ਆਪਣੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਦੀ 100 ਵੀਂ ਵਰ੍ਹੇਗੰਢ ਮਨਾ ਰਹੇ ਬੀਜਿੰਗ ਨੇ WHO ਵੱਲੋਂ ਦਿੱਤੀ ਇਸ ਪ੍ਰਮਾਣਿਕਤਾ ਨੂੰ ਚੀਨ ਦੇ ਮਨੁੱਖੀ ਅਧਿਕਾਰਾਂ ਲਈ ਵੱਡੀ ਪ੍ਰਾਪਤੀ ਕਿਹਾ ਹੈ।

ਇਸ ਤੋਂ ਪਹਿਲਾਂ 2021 ਵਿਚ ਈਆਈ ਸਲਵਾਦਰ, 2019 ਵਿਚ ਅਲਜੀਰੀਆ ਤੇ ਅਰਜਨਟੀਨਾ ਤੇ 2018 ਵਿਚ ਪੈਰਾਗੌਏ ਤੇ ਉਜਬੇਕਿਸਤਾਨ ਨੂੰ ਇਹ ਖਿਆਤੀ ਮਿਲ ਚੁੱਕੀ ਹੈ।ਇਸ ਤੋਂ ਇਲਾਵਾ ਇਕ 61 ਦੇਸ਼ਾਂ ਦੀ ਅਲੱਗ ਸੂਚੀ ਵੀ ਜਿੱਥੇ ਕਦੇ ਮਲੇਰੀਆ ਨਹੀਂ ਮਿਲਿਆ ਹੈ ਤੇ ਜਾਂ ਫਿਰ ਕੁੱਝ ਖਾਸ ਕੋਸ਼ਿਸ਼ਾਂ ਨਾਲ ਖਤਮ ਹੋ ਗਿਆ ਹੈ।

2019 ਵਿਚ ਆਲਮੀ ਪੱਧਰ ਉੱਤੇ ਮਲੇਰੀਆ ਦੇ 229 ਲੱਖ ਕੇਸ ਸਾਹਮਣੇ ਆਏ ਸਨ।1950 ਵਿਚ ਵਿਚ ਬੀਜਿੰਗ ਨੇ ਮਲੇਰੀਆ ਫੈਲਣ ਨੂੰ ਰੋਕਣ ਲਈ ਕਾਰਜ ਅਰੰਭ ਦਿੱਤਾ ਸੀ।ਚੀਨ ਨੇ ਮੱਛਰਾਂ ਨੂੰ ਵਧਣ ਫੁੱਲਣ ਤੋਂ ਰੋਕਿਆ ਅਤੇ ਘਰਾਂ ਵਿਚ ਮੱਛਰ ਮਾਰਨ ਵਾਲੀਆਂ ਦਵਾਈਆਂ ਦਾ ਛਿੜਕਾਅ ਕੀਤਾ।