ਪਾਕਿਸਤਾਨ ਦੇ ਪੇਸ਼ਾਵਰ ‘ਚ ਹੋਏ ਆਤਮਘਾਤੀ ਹਮਲੇ ‘ਚ 90 ਲੋਕਾਂ ਦੀ ਮੌਤ ਹੋ ਗਈ, ਜਿਹਨਾਂ ‘ਚ ਪੁਲਿਸ ਕਰਮੀ ਵੱਡੀ ਗਿਣਤੀ ‘ਚ ਸ਼ਾਮਲ ਹਨ। 150 ਦੇ ਕਰੀਬ ਲੋਕ ਜ਼ਖਮੀ ਹਨ। ਇੰਨੇ ਵੱਡੇ ਹਮਲੇ ਨੂੰ ਅੰਜਾਮ ਪਾਕਿਾਤਸਨ ਦੀ ਟੀਟੀਪੀ ਅੱਤਵਾਦੀ ਜਥੇਬੰਦੀ ਨੇ ਦਿੱਤਾ। ਖੈਬਰ ਪਖਤੂਨਖਵਾ ਸੂਬਾ, ਜਿੱਥੇ ਇਹ ਬੰਬ ਧਮਾਕਾ ਹੋਇਆ, ਇਸੇ ਧਰਤੀ ਨੇ ਹੀ ਕਦੇ ਟੀਟੀਪੀ ਸੰਗਠਨ ਨੂੰ ਜਨਮ ਦਿੱਤਾ ਸੀ, ਜਿਸ ਦਾ ਅੰਜਾਮ ਅੱਜ ਪੂਰਾ ਪਾਕਿਸਤਾਨ ਭੁਗਤ ਰਿਹਾ ਹੈ। ਟੀਟੀਪੀ ਨੇ ਇਸ ਕਾਰਵਾਈ ਨੂੰ ਆਪਣੇ ਕਮਾਂਡਰ ਦੀ ਮੌਤ ਦਾ ਬਦਲਾ ਦੱਸਿਆ ਹੈ। ਇੱਕ ਕਮਾਂਡਰ ਬਦਲੇ 90 ਲੋਕਾਂ ਨੂੰ ਢੇਰ ਕਰ ਦਿੱਤਾ ਗਿਆ।
ਆਖਿਰ ਕੌਣ ਸੀ ਟੀਟੀਪੀ ਦਾ ਕਮਾਂਡਰ ਉਮਰ ਖਾਲਿਦ ?
ਪਿਛਲੇ ਸਾਲ ਅਗਸਤ ਮਹੀਨੇ ਵਿੱਚ ਅਫਗਾਨਿਸਤਾਨ ਵਿੱਚ ਹੋਏ ਇੱਕ ਭਿਆਨਕ ਬੰਬ ਧਮਾਕੇ ਵਿੱਚ ਅੱਤਵਾਦੀ ਸਮੂਹ ਤਹਿਰੀਕ ਏ ਤਾਲਿਬਾਨ (TTP) ਦਾ ਇੱਕ ਚੋਟੀ ਦਾ ਕਮਾਂਡਰ ਉਮਰ ਖਾਲਿਦ ਖੁਰਾਸਾਨੀ ਮਾਰਿਆ ਗਿਆ ਸੀ। ਉਸ ਨੇ ਹਾਲ ਹੀ ਦੇ ਸਾਲਾਂ ਵਿੱਚ ਕਈ ਘਾਤਕ ਹਮਲਿਆਂ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਸਦਾ ਅਸਲ ਨਾਂ ਅਬਦੁਲ ਵਲੀ ਮੁਹੰਮਦ ਹੈ। ਉਸ ਦੀਆਂ ਕਾਰਵਾਈਆਂ ਕਾਰਨ ਉਸ ਨੂੰ ਅਮਰੀਕੀ ਵਿਦੇਸ਼ ਵਿਭਾਗ ਦੀ ਲੋੜੀਂਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਉਸ ਦੇ ਠਿਕਾਣੇ ਦੀ ਜਾਣਕਾਰੀ ਲਈ $3 ਮਿਲੀਅਨ ਤੱਕ ਦੀ ਇਨਾਮੀ ਰਾਸ਼ੀ ਨਿਰਧਾਰਤ ਕੀਤੀ ਗਈ ਸੀ।
ਖੁਰਾਸਾਨੀ ਨੂੰ ਅੱਤਵਾਦੀ ਜਥੇਬੰਦੀ ਅਲਕਾਇਦਾ ਦੇ ਸੰਸਥਾਪਕ ਨੇਤਾ ਓਸਾਮਾ ਬਿਨ ਲਾਦੇਨ ਅਤੇ ਅਲ-ਜ਼ਵਾਹਿਰੀ ਦਾ ਕਰੀਬੀ ਮੰਨਿਆ ਜਾਂਦਾ ਸੀ।
ਇੱਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਖੁਰਾਸਾਨੀ ਨੇ ਟੀਟੀਪੀ ਤੋਂ ਵੱਖ ਹੋ ਕੇ ਜਮਾਤ-ਉਲ-ਅਹਿਰਾਰ ਦੇ ਨਾਮ ਨਾਲ ਇੱਕ ਵੱਖਰੀ ਜਥੇਬੰਦੀ ਬਣਾਈ ਸੀ। ਇਸ ਜਥੇਬੰਦੀ ਨੇ ਪਾਕਿਸਤਾਨ ਵਿਚ ਕਈ ਭਿਆਨਕ ਅਤੇ ਜਾਨਲੇਵਾ ਹਮਲੇ ਕੀਤੇ ਸਨ। ਇਸ ਵਿੱਚ ਪੂਰਬੀ ਸ਼ਹਿਰ ਲਾਹੌਰ ਵਿੱਚ 2016 ਦਾ ਬੰਬ ਧਮਾਕਾ ਸ਼ਾਮਲ ਹੈ, ਜਿਸ ਵਿੱਚ ਈਸਟਰ ਐਤਵਾਰ ਨੂੰ ਦੇਸ਼ ਵਿੱਚ ਘੱਟ ਗਿਣਤੀ ਈਸਾਈ ਭਾਈਚਾਰੇ ਦੇ ਘੱਟੋ-ਘੱਟ 75 ਲੋਕ ਮਾਰੇ ਗਏ ਸਨ।
ਖੁਰਾਸਾਨੀ ਨੇ ਬਾਅਦ ਵਿਚ ਟੀਟੀਪੀ ਦੀ ਮੁਹਿੰਮ ਵਿਚ ਸ਼ਾਮਲ ਹੋਣ ਲਈ ਆਪਣੀ ਜਮਾਤ-ਉਲ-ਅਹਰਾਰ ਨੂੰ ਤੋੜ ਦਿੱਤਾ। ਇਸ ਮੁਹਿੰਮ ਦਾ ਮਕਸਦ ਵੱਖ-ਵੱਖ ਅੱਤਵਾਦੀ ਸੰਗਠਨਾਂ ਨੂੰ ਇਕੱਠੇ ਕਰਨਾ ਸੀ। ਅਮਰੀਕੀ ਵਿਦੇਸ਼ ਵਿਭਾਗ ਨੇ ਉਸ ਦਾ ਜ਼ਿਕਰ ਪਾਕਿਸਤਾਨ ਦੇ ਕਈ ਮਦਰੱਸਿਆਂ ‘ਚ ਸਾਬਕਾ ਪੱਤਰਕਾਰ ਅਤੇ ਕਵੀ ਦੱਸਿਆ ਹੈ।
ਜਿਸ ਧਰਤੀ ਨੂੰ, ਜਿਸ ਦੇਸ਼ ਨੂੰ ਸਾਰੀ ਦੁਨੀਆ ਆਖਦੀ ਰਹੀ ਕਿ ਪਾਕਸਿਤਾਨ ਅੱਤਵਾਦੀਆਂ ਨੂੰ ਪਨਾਹ ਦੇ ਰਿਹਾ ਤੇ ਕਈ ਵੱਡੇ ਵੱਡੇ ਅੱਤਵਾਦੀਆਂ ਨੂੰ ਪਾਲ ਰਿਹਾ ਤਾਂ ਅੱਜ ਪਾਕਿਸਤਾਨ ਦੀ ਅਵਾਮ ਇਸ ਦਾ ਨਤੀਜਾ ਭੁਗਤ ਰਹੀ ਹੈ।
ਪਿਸ਼ਾਵਰ ਧਮਾਕਾ ਹੀ ਨਹੀਂ, ਇੱਕ ਤੋਂ ਇੱਕ ਕਈ ਧਮਾਕਿਆਂ ਨਾਲ ਪਾਕਿਸਤਾਨ ਦਹਿਲਿਆ ਹੈ।
ਲਾਹੌਰ ਬੰਬ ਧਮਾਕਾ
ਪਿਛਲੇ ਸਾਲ ਪਾਕਿਸਤਾਨ ਵਿੱਚ ਲਾਹੌਰ ਦੇ ਜੌਹਰ ਟਾਊਨ ਵਿੱਚ ਵੀ ਇੱਕ ਧਮਾਕਾ ਹੋਇਆ ਸੀ ਜਿਸ ’ਚ ਕਈ ਜਾਨਾਂ ਚਲੀਆਂ ਗਈਆਂ ਸਨ। ਲਾਹੌਰ ਦੀ ਜਿਸ ਗਲੀ ਵਿੱਚ ਧਮਾਕਾ ਹੋਇਆ ਸੀ, ਉੱਥੇ ਇੱਕ ਟੌਆ ਪੈ ਗਿਆ ਸੀ। ਮੌਕੇ ’ਤੇ ਇੱਕ ਕਾਰ ਅਤੇ ਮੋਟਰਬਾਈਕ ਵੀ ਬਰਾਮਦ ਹੋਈ ਸੀ ਜੋ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਸੀ।
ਬਲੋਚਿਸਤਾਨ ਅੱਤਵਾਦੀ ਹਮਲਾ
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਦੋ ਵੱਖ-ਵੱਖ ਇਲਾਕਿਆਂ ਨੌਸ਼ਕੀ ਅਤੇ ਪੰਜਗੂਰ ‘ਚ ਐੱਫਸੀ ਦੇ ਦਫਤਰਾਂ ‘ਤੇ ਅੱਤਵਾਦੀ ਹਮਲਿਆਂ ‘ਚ ਕਈ ਜਵਾਨਾਂ ਦੇ ਮਰਨ ਦੀ ਖਬਰ ਸਾਹਮਣੇ ਆਈ ਸੀ, ਜਦਕਿ ਜਵਾਬੀ ਕਾਰਵਾਈ ‘ਚ 15 ਅੱਤਵਾਦੀ ਮਾਰੇ ਗਏ ਸਨ।
ਸ਼ਾਪਿੰਗ ਮਾਲ ‘ਚ ਵੀ ਹੋਇਆ ਸੀ ਧਮਾਕਾ
ਬਲੋਚਿਸਤਾਨ ਦੇ ਇੱਕ ਸ਼ਾਪਿੰਗ ਮਾਲ ਵਿੱਚ ਵੀ ਬੰਬ ਧਮਾਕਾ ਹੋਇਆ ਜਿਸ ਵਿੱਚ ਵੀ ਕਾਫ਼ੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ।
ਅਜਿਹਾ ਨੁਕਸਾਨ ਹੀ ਬੀਤੇ ਦਿਨ ਪੇਸ਼ਵਾਰ ‘ਚ ਦੇਖਣ ਨੂੰ ਮਿਲਿਆ। 90 ਲੋਕਾਂ ਦੀਆਂ ਜਾਨਾ ਗਈਆਂ, 150 ਦੇ ਕਰੀਬ ਲੋਕ ਜਿੰਦਗੀ ਦੀ ਜੰਗ ਲੜ ਰਹੇ ਹਨ। ਹਸਪਾਤਲਾਂ ‘ਚ ਐਮਰਜੰਸੀ ਸੇਵਾਵਾਂ ਲਈ ਹਾਹਾਕਾਰ ਮਚਿਆ ਹੋਇਆ ਹੈ। ਇਹ ਧਮਾਕਾ ਉਸ ਸਮੇਂ ਹੋਇਆ, ਜਦੋਂ ਮਸਜਿਦ ਲੋਕਾਂ ਨਾਲ ਭਰੀ ਹੋਈ ਸੀ। ਘਟਨਾ ਦਾ ਸਮਾਂ ਸ਼ਾਮ ਕਰੀਬ 1:30 ਸੀ। ਹਮਲੇ ਦਾ ਸ਼ਿਕਾਰ ਹੋਈ ਮਸਜਿਦ ਪੇਸ਼ਾਵਰ ਦੀ ਪੁਲਿਸ ਲਾਇਨ ਵਿਚ ਸੀ। ਹਮਲੇ ਦੌਰਾਨ ਮਰਨ ਵਾਲਿਆਂ ਵਿਚ ਜ਼ਿਆਦਾਤਰ ਪੁਲਿਸ ਮੁਲਾਜ਼ਮ ਸਨ।
ਸਥਾਨਕ ਮੀਡੀਆ ਦੀਆਂ ਅਣਅਧਿਕਾਰਿਤ ਖ਼ਬਰਾਂ ਮੁਤਾਬਕ ਕੰਧ ਦਾ ਅੱਧਾ ਹਿੱਸਾ ਢਹਿ ਗਿਆ, ਮਸਜਿਦ ਰੋੜਿਆਂ ਅਤੇ ਮਲਬੇ ਵਿੱਚ ਤਬਦੀਲ ਹੋ ਗਈ, ਜਿਸ ਉਪਰ ਲੋਕ ਬਚਣ ਲਈ ਭੱਜ ਕੇ ਚੜ ਰਹੇ ਸਨ। ਕੁਝ ਵੀਡੀਓ ਵਿੱਚ ਦਿਖ ਰਿਹਾ ਸੀ ਕਿ ਜ਼ਖਮੀਆਂ ਨੂੰ ਟਰੱਕਾਂ ਵਿੱਚ ਲਿਜਾਇਆ ਜਾ ਰਿਹਾ ਸੀ। ਪੇਸ਼ਾਵਰ ਦੀ ਲੇਡੀ ਰੀਡਿੰਗ ਹਸਪਤਾਲ ਨੇ ਐਮਰਜੈਂਸੀ ਐਲਾਨ ਦਿੱਤੀ ਹੈ। ਉਹਨਾਂ ਕਿਹਾ ਕਿ ਧਮਾਕੇ ਵਿੱਚ ਜ਼ਖਮੀ ਮਰੀਜ਼ ਲਗਾਤਾਰ ਆ ਰਹੇ ਹਨ। ਇਸ ਧਮਾਕੇ ਵਿੱਚ ਜ਼ਖਮੀ ਹੋਏ ਵਿਅਕਤੀਆਂ ਵਿਚੋਂ ਕਈ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ਼ ਨੇ ਦੱਸਿਆ ਕਿ ਆਤਮਘਾਤੀ ਧਮਾਕਾ ਕਰਨ ਵਾਲਾ ਕੱਟੜਪੰਥੀ ਨਮਾਜ਼ ਕਰਨ ਵਾਲੇ ਲੋਕਾਂ ਨਾਲ ਪਹਿਲੀ ਕਤਾਰ ਵਿਚ ਖੜਾ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਹਿਬਾਜ਼ ਸ਼ਰੀਫ ਨੇ ਹਮਲੇ ਦੀ ਨਿਖੇਧੀ ਕੀਤੀ ਹੈ। ਉਹਨਾਂ ਇੱਕ ਬਿਆਨ ਵਿੱਚ ਕਿਹਾ ਕਿ ਮਸਜਿਦ ਵਿੱਚ ਪ੍ਰਾਰਥਨਾ ਕਰਦੇ ਮੁਸਲਮਾਨਾਂ ਨੂੰ ਮਾਰਨਾ ਇਸਲਾਮ ਦੀਆਂ ਸਿੱਖਿਆਵਾਂ ਦੇ ਖ਼ਿਲਾਫ਼ ਹੈ। ਸ਼ਰੀਫ ਨੇ ਕਿਹਾ ਕਿ ਦਹਿਸ਼ਤਗਰਦ ਅਜਿਹੀਆਂ ਕਾਰਵਾਈਆਂ ਨਾਲ ਦੇਸ ਵਿੱਚ ਡਰ ਦਾ ਮਹੌਲ ਪੈਦਾ ਕਰਨਾ ਚਹੁੰਦੇ ਹਨ।
ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਵੀ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਅੱਤਵਾਦ ਅਤੇ ਇਸ ਦੇ ਮਦਦਗਾਰਾਂ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ।