Punjab

ਇੱਕ ਵਾਰ ਫਿਰ ਛਲਕਿਆ ਸਿੱਧੂ ਦੇ ਮਾਂ-ਬਾਪ ਦਾ ਦਰਦ,ਕਿਹਾ ਸਰਕਾਰ ਤੋਂ ਹੁਣ ਕੋਈ ਉਮੀਦ ਨਹੀਂ

ਮਾਨਸਾ: ਮਰਹੂਮ ਗਾਇਕ ਸਿੱਧੂ ਮੂਸੇ ਵਾਲੇ ਦੇ ਮਾਂ-ਬਾਪ ਦਾ ਦਰਦ ਇੱਕ ਵਾਰ ਫਿਰ ਤੋਂ ਛੱਲਕਿਆ ਹੈ। ਆਪਣੇ ਘਰ ਮਿਲਣ ਆਏ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਦੋਨਾਂ ਨੇ ਇਨਸਾਫ਼ ਲਈ ਸਰਕਾਰ ਤੋਂ ਨਾ-ਉਮੀਦੀ ਜ਼ਾਹਿਰ ਕੀਤੀ ਹੈ ਤੇ ਆਪ ਸਰਕਾਰ ਦੇ  ਮੰਤਰੀ ਅਮਨ ਅਰੋੜਾ ਵੱਲੋਂ ਵਿਧਾਨ ਸਭਾ ਵਿੱਚ ਦਿੱਤੇ ਬਿਆਨ ‘ਤੇ ਵੀ ਨਿਰਾਸ਼ਾ ਜ਼ਹਿਰ ਕੀਤੀ ਹੈ।

ਸਿੱਧੂ ਮੂਸੇ ਵਾਲੇ ਦੀ ਪਹਿਲੀ ਬਰਸੀ 19 ਮਾਰਚ ਨੂੰ ਮਨਾਈ ਜਾ ਰਹੀ ਹੈ। ਜਿਸ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ ਤੇ ਤਿਆਰੀਆਂ ਵੀ ਚੱਲ ਰਹੀਆਂ ਹਨ। ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਮਿਲਣ ਆਏ ਲੋਕਾਂ ਨੂੰ ਇਹ ਜਾਣਕਾਰੀ ਦਿੱਤੀ ਤੇ ਸੰਬੋਧਨ ਕਰਦੇ ਹੋਏ ਦੱਸਿਆ ਹੈ ਕਿ ਬਰਸੀ ਵਾਲੇ ਦਿਨ ਵੱਡੀ ਗਿਣਤੀ ਵਿੱਚ ਸੰਗਤ ਦੇ ਸ਼ਾਮਲ ਹੋਣ ਦੀ ਉਮੀਦ ਹੈ।

ਉਹਨਾਂ ਇਹ ਵੀ ਕਿਹਾ ਕਿ ਪਿਛਲੇ ਦੱਸ ਮਹੀਨਿਆਂ ਤੋਂ ਇਨਸਾਫ ਲੈਣ ਲਈ ਸੰਘਰਸ਼ ਚੱਲ ਰਿਹਾ ਹੈ। ਉਹਨਾਂ ਇਹ ਕਿਹਾ ਹੈ ਕਿ ਸਰਕਾਰ ਤੇ ਦਬਾਅ ਬਣਾਉਣ ਲਈ ਕਈ ਤਰੀਕੇ ਹਨ,ਵਿਧਾਨ ਸਭਾ ਦੇ ਬਾਹਰ ਧਰਨਾ ਲਾਉਣਾ ਵੀ ਉਹਨਾਂ ਵਿੱਚੋਂ ਇੱਕ ਸੀ ਤੇ ਜੇਕਰ ਹੁਣ ਵੀ ਲੋੜ ਪਈ ਤਾਂ ਦੁਬਾਰਾ ਇਹ ਕਦਮ ਚੁੱਕਿਆ ਜਾ ਸਕਦਾ ਹੈ।ਪੰਜਾਬ ਸਰਕਾਰ ਤੇ ਵਰਦਿਆਂ ਉਹਨਾਂ ਕਿਹਾ ਹੈ ਕਿ ਵਿਧਾਨ ਸਭਾ ਵਿੱਚ ਦਿੱਤੇ ਭਾਸ਼ਣ ਤੋਂ ਬਾਅਦ ਇਹਨਾਂ ਦੇ ਮੰਤਰੀਆਂ ਦੀ ਮਨਸ਼ਾ ਬਾਹਰ ਆ ਗਈ ਹੈ। ਸਿੱਧੂ ਦੀ ਸੁਰੱਖਿਆ ਨੂੰ ਵਾਪਸ ਲੈਣ ਦੀ ਖ਼ਬਰ ਮੀਡਿਆ ਵਿੱਚ ਆਉਂਦੇ ਹੀ ਉਸ ਨਾਲ ਇਹ ਘਟਨਾ ਵਾਪਰ ਗਈ। ਉਸ ਦਿਨ ਜੇ ਉਸ ਨਾਲ ਸੁਰੱਖਿਆ ਹੁੰਦੀ ਤਾਂ ਸ਼ਾਇਦ ਉਹ ਬਚ ਜਾਂਦਾ।

ਪੰਜਾਬ ਸਰਕਾਰ ਨੂੰ ਨਸੀਹਤ ਦਿੰਦੇ ਹੋਏ ਬਲਕੌਰ ਸਿੰਘ ਨੇ ਆਪ ਮੰਤਰੀ ਅਮਨ ਅਰੋੜਾ ਦੇ ਸਿੱਧੂ ਬਾਰੇ ਦਿੱਤੇ ਬਿਆਨ ‘ਤੇ ਇਤਰਾਜ਼ ਜਤਾਇਆ ਹੈ ਤੇ ਕਿਹਾ ਕਿ ਉਹਨਾਂ ਨੂੰ ਇੱਕ ਮੁਸੀਬਤ ਝੱਲ ਰਹੇ ਪਰਿਵਾਰ ਬਾਰੇ ਸੋਚ-ਸਮਝ ਕੇ ਬਿਆਨ ਦੇਣਾ ਚਾਹਿਦਾ ਹੈ। ਉਹਨਾਂ ਇਹ ਵੀ ਸ਼ਿਕਵਾ ਕੀਤਾ ਕਿ ਆਪ ਦੇ ਵਿਧਾਇਕਾਂ ਵਿੱਚ 2 ਗਾਇਕ ਵੀ ਹਨ ਪਰ ਉਹਨਾਂ ਨੇ ਵੀ ਉਸ ਵੇਲੇ ਉਹਨਾਂ ਨਾਲ ਗੱਲ ਕਰਨ ਦੀ ਲੋੜ ਤੱਕ ਨਹੀਂ ਸਮਝੀ ਤੇ ਇਹਨਾਂ ਨੇ ਮਸਲਾ ਕਿਥੋਂ ਹੱਲ ਕਰ ਲੈਣਾ ਹੈ । ਇਸ ਲਈ ਹੁਣ ਸਿਰਫ ਪ੍ਰਮਾਤਮਾ ‘ਤੇ ਹੀ ਉਮੀਦਾਂ ਹਨ।ਉਸ ਦੇ ਘਰ ਦੇਰ ਹੈ,ਹਨੇਰ ਨਹੀਂ। ਉਹਨਾਂ ਦੇ ਪੁੱਤ ਨੂੰ ਇਨਸਾਫ਼ ਜ਼ਰੂਰ ਮਿਲੇਗਾ।

ਸਿੱਧੂ ਦੇ ਮਾਤਾ ਚਰਨ ਕੌਰ ਨੇ ਵੀ ਹਾਲੇ ਤੱਕ ਇਨਸਾਫ਼ ਨਾ ਹੋਣ ਕਾਰਨ ਨਿਰਾਸ਼ਾ ਜ਼ਾਹਿਰ ਕੀਤੀ ਹੈ ਤੇ ਸਰਕਾਰ ਤੋਂ ਹੁਣ ਕੋਈ ਵੀ ਉਮੀਦ ਨਾ ਰਖਣ ਦੀ ਗੱਲ ਕਹੀ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਹੁਣ ਸਿਰਫ ਪ੍ਰਮਾਤਮਾ ‘ਤੇ ਯਕੀਨ ਹੈ। ਸਿੱਧੂ ਦਾ ਬੁਰਾ ਕਰਨਾ ਵਾਲੇ 4 ਰੱਬ ਕੋਲ ਚੱਲ ਗਏ ਹਨ ਤੇ ਬਾਕੀਆਂ ਦੇ ਮਾਮਲੇ ਵਿੱਚ ਵੀ ਹੁਣ ਉਸ ਪ੍ਰਮਾਤਮਾ ਨੇ ਇਨਸਾਫ ਕਰ ਹੀ ਦੇਣਾ ਹੈ।

ਮਾਨਸਾ ਇਲਾਕੇ ਦੇ ਲੋਕਾਂ ਨਾਲ ਗਿਲਾ ਕਰਦੇ ਹੋਏ ਮਾਤਾ ਚਰਨ ਕੌਰ ਨੇ ਕਿਹਾ ਕਿ ਇਹਨਾਂ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਬਣਦਾ ਹੈ ਕਿਉਂਕਿ ਇਹਨਾਂ ਨੇ ਸਿੱਧੂ ਵਰਗੇ ਹੀਰੇ ਨੂੰ ਛੱਡ ਕੇ ਕਿਸੇ ਹੋਰ ਨੂੰ ਚੁਣ ਕੇ ਵਿਧਾਨ ਸਭਾ ਵਿੱਚ ਭੇਜ ਦਿੱਤਾ ਹੈ।
ਉਹਨਾਂ ਇਹ ਵੀ ਕਿਹਾ ਹੈ ਕਿ ਸਿੱਧੂ ਨੂੰ ਮਾਰਨ ਤੋਂ ਪਹਿਲਾਂ ਦੱਸ ਦਿਨ ਗੱਡੀਆਂ ਪਿੰਡ ਮੂਸਾ ਵਿੱਚ ਘੁੰਮਦੀਆਂ ਰਹੀਆਂ ਪਰ ਸਰਕਾਰ ਜਾਂ ਕਿਸੇ ਵੀ ਏਜੰਸੀ ਨੂੰ ਭਿਣਕ ਤੱਕ ਨਹੀਂ ਪਈ । ਆਪ ਮੰਤਰੀ ਵੱਲੋਂ ਵਿਧਾਨ ਸਭਾ ਵਿੱਚ ਦਿੱਤੇ ਗਏ ਬਿਆਨ ‘ਤੇ ਉਹਨਾਂ ਵੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ।