Punjab

ਕਿਹੜੇ ਢਾਡੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਭਰ ਸਕਦੇ ਹਨ ਹਾਜ਼ਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸਬ ਕਮੇਟੀ ਨੇ ਢਾਡੀ ਸਭਾ ਦੇ ਨੁਮਾਇੰਦਿਆਂ ਨੂੰ ਤੱਥਾਂ ਦੇ ਆਧਾਰ ‘ਤੇ ਜਵਾਬ ਦਿੱਤਾ। ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ‘ਪਿਛਲੇ ਦਿਨਾਂ ਵਿੱਚ ਢਾਡੀਆਂ ਦੇ ਕਈ ਅਖੌਤੀ ਮੁਖੀ ਬਣੇ ਹੋਏ ਹਨ, ਜਿਨ੍ਹਾਂ ਨੇ ਲੋਕਾਂ ਵਿੱਚ ਗੁੰਮਰਾਹਕੁੰਨ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਪਿਛਲੇ ਸਮੇਂ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜੋ ਢਾਡੀ ਜਥੇ ਹਾਜ਼ਰੀਆਂ ਭਰਦੇ ਸਨ, ਉਸ ਲਈ ਦੋ ਸੁਸਾਇਟੀਆਂ ਬਣਾਈਆਂ ਹੋਈਆਂ ਸਨ। ਇੱਕ ਸੁਸਾਇਟੀ ਮੀਰੀ-ਪੀਰੀ ਸ਼੍ਰੋਮਣੀ ਢਾਡੀ ਸਭਾ ਅਤੇ ਦੂਜੀ ਸੁਸਾਇਟੀ ਸ਼੍ਰੀ ਹਰਿਗੋਬਿੰਦ ਸਾਹਿਬ ਢਾਡੀ ਸਭਾ ਦੇ ਨਾਂ ਤੋਂ ਬਣਾਈਆਂ ਗਈਆਂ ਸਨ। ਇਨ੍ਹਾਂ ਦੋਵਾਂ ਸੁਸਾਇਟੀਆਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਆਪਸੀ ਖਿੱਚੋਤਾਣ ਕਾਫੀ ਵੱਧ ਚੁੱਕੀ ਹੋਈ ਸੀ’।

ਉਨ੍ਹਾਂ ਇੱਕ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਢਾਡੀਆਂ ਦਾ ਦੀਵਾਨ ਸਜਿਆ ਹੋਇਆ ਸੀ ਤਾਂ ਇੱਕ ਸੁਸਾਇਟੀ ਨੇ ਮਾਈਕ ਦੀਆਂ ਲੀਡਾਂ ਤੋੜ ਦਿੱਤੀਆਂ ਸਨ। ਇੱਕ ਜਥੇ ਦੇ ਮੁਖੀ ਨੇ ਸਾਨੂੰ ਆਪ ਹੀ ਲਿਖ ਕੇ ਦਿੱਤਾ ਕਿ ਜਿਹੜੇ ਢਾਡੀ ਜਥਏ ਇੱਥੇ ਹਾਜ਼ਰੀਆਂ ਭਰਦੇ ਹਨ, ਉਹ ਬਹੁਤ ਨੀਵੇਂ ਪੱਧਰ ਦੇ ਹਨ, ਸੰਗਤਾਂ ਵਿੱਚ ਉਨ੍ਹਾਂ ਦਾ ਬਹੁਤ ਮਾੜਾ ਅਸਰ ਪੈਂਦਾ ਹੈ। ਇਨ੍ਹਾਂ ਦੇ ਨਵੇਂ ਸਿਰੇ ਤੋਂ ਟੈਸਟ ਲੈ ਕੇ ਜਥੇ ਚੁਣੇ ਜਾਣ’।

ਅਜਾਇਬ ਸਿੰਘ ਨੇ ਕਿਹਾ ਕਿ ‘ਸ਼੍ਰੀ ਅਕਾਲ ਤਖਤ ਸਾਹਿਬ ਨੇ ਇਨ੍ਹਾਂ ਦਾ ਆਪਸੀ ਝਗੜਾ ਮੁਕਾਉਣ ਲਈ ਇੱਕ ਸਬ ਕਮੇਟੀ ਦਾ ਗਠਨ ਕੀਤਾ ਸੀ। ਇਸ ਸਬ ਕਮੇਟੀ ਨੇ ਦੋਵਾਂ ਸੁਸਾਇਟੀਆਂ ਦੇ ਮੁਖੀਆਂ ਦੇ ਪੱਖਾਂ ਨੂੰ ਸੁਣਿਆ। ਸਬ ਕਮੇਟੀ ਨੇ ਇਨ੍ਹਾਂ ਦੇ ਪੱਖ ਸੁਣਨ ਤੋਂ ਬਾਅਦ ਫੈਸਲਾ ਕੀਤਾ ਕਿ ਜੋ ਨਵੇਂ ਜਥੇ ਹਨ, ਉਨ੍ਹਾਂ ਲਈ ਇੱਕ ਜੱਜ ਦੀ ਕਮੇਟੀ ਨਿਯੁਕਤ ਕੀਤੀ ਜਾਵੇ ਅਤੇ ਇਨ੍ਹਾਂ ਦਾ ਨਵੇਂ ਸਿਰੇ ਤੋਂ ਟੈਸਟ ਲਿਆ ਜਾਵੇ। ਉਸ ਕਮੇਟੀ ਵੱਲੋਂ ਸਾਰੇ ਨਵੇਂ ਜਥਿਆਂ ਦਾ ਟੈਸਟ ਲਿਆ ਗਿਆ ਅਤੇ ਜੋ 60 ਜਥੇ ਇੱਥੇ ਹਾਜ਼ਰੀ ਭਰਦੇ ਸਨ, ਉਨ੍ਹਾਂ ਵਿੱਚੋਂ 31 ਜਥੇ ਪਾਸ ਹੋਏ’।

ਉਨ੍ਹਾਂ ਕਿਹਾ ਕਿ ‘ਪਾਸ ਹੋਏ ਜਥਿਆਂ ਨੂੰ ਨਿਯਮ ਕੋਡ ਦੱਸਿਆ ਗਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰੀ ਭਰਨ ਸਮੇਂ ਉਨ੍ਹਾਂ ਦਾ ਇੱਕ ਡਰੈੱਸ ਕੋਡ ਹੋਵੇਗਾ। ਉਨ੍ਹਾਂ ਦੇ ਗਲਾਂ ਵਿੱਚ ਹਜ਼ੂਰੀਏ ਪਾਏ ਹੋਣਗੇ। ਇਨ੍ਹਾਂ ਜਥਿਆਂ ਨੇ ਆਪਣੀ ਸਹਿਮਤੀ ਜਤਾਈ ਸੀ ਅਤੇ ਦੀਵਾਨ ਬਹੁਤ ਅਰਾਮ ਨਾਲ ਚੱਲ ਰਹੇ ਸਨ। ਪਰ ਕੁੱਝ ਸ਼ਰਾਰਤੀ ਅਨਸਰਾਂ ਨੇ ਗੜਬੜੀਆਂ ਪੈਦਾ ਕੀਤੀਆਂ। ਸਾਡੇ ਕੋਲ ਸ਼ਿਕਾਇਤਾਂ ਪਹੁੰਚੀਆਂ ਕਿ ਢਾਡੀ ਜਥਿਆਂ ਨੂੰ ਉਨ੍ਹਾਂ ਦਾ ਹੱਕ ਨਹੀਂ ਮਿਲ ਰਿਹਾ। ਜਿਹੜੇ ਜਥੇ ਫੇਲ੍ਹ ਹੋ ਚੁੱਕੇ ਸਨ, ਉਨ੍ਹਾਂ ਨੂੰ ਸ਼ਰਾਰਤੀ ਅਨਸਰਾਂ ਨੇ ਗੁੰਮਰਾਹਕੁੰਨ ਪ੍ਰਚਾਰ ਕੀਤਾ ਕਿ ਉਹ ਫਿਰ ਦੁਬਾਰਾ ਉਨ੍ਹਾਂ ਦੀਆਂ ਇੱਥੇ ਹਾਜ਼ਰੀਆਂ ਭਰਵਾਉਣਗੇ’। ਅਜਾਇਬ ਸਿੰਘ ਨੇ ਕਿਹਾ ਕਿ ‘ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਣ-ਮਰਿਆਦਾ, ਰਹਿਤ ਮਰਿਆਦਾ ਦੇ ਅਨੁਸਾਰ ਹੀ ਇੱਥੇ ਹਾਜ਼ਰੀਆਂ ਭਰਨਗੇ’।