ਬਿਉਰੋ ਰਿਪੋਟਰ : 1 ਜੂਨ 1984 ਅਤੇ 31 ਅਕਤੂਬਰ 1984,ਭਾਰਤ ਦੇ ਇਤਿਹਾਸ ਵਿੱਚ ਇੱਕ ਹੀ ਸਾਲ ਦੇ ਅੰਦਰ ਇੰਨਾਂ 2 ਤਰੀਕਾਂ ਦੌਰਾਨ ਹੋਇਆ ਘਟਨਾਵਾਂ ਨੂੰ ਕਦੇ ਨਹੀਂ ਬੁਲਾਇਆ ਜਾ ਸਕਦਾ ਹੈ । ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਦੀ ਤਰੀਕ 1 ਜੂਨ ਅਤੇ 31 ਅਕਤੂਬਰ ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੀ ਤਰੀਕ ਵਿੱਚ 5 ਮਹੀਨੇ ਦਾ ਸਮਾਂ ਸੀ । ਸ਼੍ਰੀ ਦਰਬਾਰ ਸਾਹਿਬ ‘ਤੇ ਹੋਏ ਹਮਲੇ ਨੂੰ 5 ਮਹੀਨੇ ਬੀਤ ਚੁੱਕੇ ਸਨ । ਪਰ ਇਹ ਹਮਲਾ ਹਰ ਇੱਕ ਸਿੱਖ ਦੇ ਮਨਾਂ ਵਿੱਚ ਰੋਜ਼ਾਨਾ ਤੀਰ ਵਾਂਗ ਚੁੱਬ ਰਿਹਾ ਸੀ । ਇੰਦਰਾ ਗਾਂਧੀ ਦੇ ਕਤਲ ਵਿੱਚ ਸ਼ਾਮਲ ਉਨ੍ਹਾਂ ਦੇ ਸੁਰੱਖਿਆ ਗਾਰਡ ਬੇਅੰਤ ਸਿੰਘ ਦੇ ਮਨ ਵਿੱਚ ਵੀ ਇਹ ਹੀ ਚੁਬਨ ਸੀ । 1707 ਵਿੱਚ ਜਿੱਥੋ ਦਸਮ ਪਿੇਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਲੀ ਦੇ ਬਾਦਸ਼ਾਹ ਬਹਾਦਰਸ਼ਾਹ ਦੇ ਪਲੰਘ ‘ਤੇ ਤੀਰ ਛੱਡ ਕੇ ਆਪਣੇ ਦਿੱਲੀ ਪਹੁੰਚਣ ਦਾ ਸੁਨੇਹਾ ਦਿੱਤਾ । ਉਸੇ ਇਤਿਹਾਸਕ ਥਾਂ ਗੁਰਦੁਆਰਾ ਮੋਤੀ ਬਾਗ ਤੋਂ ਹੀ ਬੇਅੰਤ ਸਿੰਘ ਨੂੰ ਵੀ ਇੱਕ ਸੁਨੇਹਾ ਮਿਲਿਆ । ਬੇਅੰਤ ਸਿੰਘ ਨੇ ਸਤਵੰਤ ਸਿੰਘ ਨਾਲ ਪਲਾਨਿੰਗ ਬਣਾਕੇ ਤਤਕਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮਾਰਿਆ ਉਸ ਦਾ ਸੁਨੇਹਾ ਦਿੱਲੀ ਦੇ ਇਤਿਹਾਸਕ ਗੁਰਦੁਆਰੇ ਮੋਤੀ ਬਾਗ ਤੋਂ ਹੀ ਮਿਲਿਆ ਸੀ ।

ਬੇਅੰਤ ਸਿੰਘ ਅਤੇ ਸਤਵੰਤ ਸਿੰਘ ਦੋਵੇ ਇੰਦਰਾ ਗਾਂਧੀ ਦੇ ਸੁਰੱਖਿਆ ਗਾਰਡ ਸਨ । ਦੱਸਿਆ ਜਾਂਦਾ ਹੈ ਕਿ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਬੇਅੰਤ ਸਿੰਘ ਬਹੁਤ ਧਾਰਮਿਕ ਨਹੀਂ ਸੀ । ਪਰ ਜੂਨ 1984 ਦੀ ਘਟਨਾ ਨੇ ਕਰੋੜਾਂ ਸਿੱਖਾਂ ਵਾਂਗ ਉਸ ਦੇ ਦਿਲ ‘ਤੇ ਵੀ ਗਹਿਰਾ ਅਸਰ ਛੱਡਿਆ । ਪਰਿਵਾਰ ਤੋਂ ਦੂਰ ਬੇਅੰਤ ਸਿੰਘ ਜਦੋਂ ਦਰਬਾਰ ਸਾਹਿਬ ਦੀ ਘਟਨਾ ਨੂੰ ਯਾਦ ਕਰਦਾ ਸੀ ਤਾਂ ਉਸ ਦੀਆਂ ਅੱਖਾਂ ਭਿੱਝ ਜਾਂਦੀਆਂ ਸਨ । ਉਹ ਅਕਸਰ ਆਪਣਾ ਮਨ ਹਲਕਾ ਕਰਨ ਦੇ ਲਈ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਮੋਤੀ ਬਾਗ ਆਉਂਦਾ ਸੀ ਜਿੱਥੇ ਉਸ ਦੀ ਮੁਲਾਕਾਤ ਉਸ ਦੇ ਚਾਚੇ ਕੇਹਰ ਸਿੰਘ ਨਾਲ ਹੋਈ । ਇੱਕ ਦਿਨ ਬੇਅੰਤ ਸਿੰਘ ਆਪਰੇਸ਼ਨ ਬਲੂ ਸਟਾਰ ਦੀ ਗੱਲ ਕਰਦੇ ਹੋਏ ਬਹੁਤ ਹੀ ਜ਼ਿਆਦਾ ਭਾਵੁਕ ਹੋ ਗਿਆ ਅਤੇ ਰੋਣ ਲੱਗਿਆ ਤਾਂ ਕੇਹਰ ਸਿੰਘ ਨੇ ਕਿਹਾ ਰੋ ਨਾ,ਬਦਲਾ ਲੈ । ਇਸੇ ਦਿਨ ਬੇਅੰਤ ਦੇ ਦਿਮਾਗ ਵਿੱਚ ਇੰਦਰਾ ਗਾਂਧੀ ਦੇ ਕਤਲ ਦਾ ਖਿਆਲ ਆ ਗਿਆ । ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ 17 ਅਕਤੂਬਰ ਯਾਨੀ ਕਤਲ ਦੇ 14 ਦਿਨ ਪਹਿਲਾਂ ਉਸ ਨੇ ਇੰਦਰਾ ਗਾਂਧੀ ਦੀ ਸੁਰੱਖਿਆ ਵਿੱਚ ਲੱਗੇ ਇੱਕ ਹੋਰ ਸਾਥੀ ਸੁਰੱਖਿਆ ਗਾਰਡ ਸਤਵੰਤ ਸਿੰਘ ਨੂੰ ਇਸ ਕਤਲ ਦੀ ਪਲਾਨਿੰਗ ਬਾਰੇ ਦੱਸਿਆ। ਫਿਰ ਸਤਵੰਤ ਸਿੰਘ ਛੁੱਟੀ ‘ਤੇ ਗੁਰਦਾਸਪੁਰ ਗਿਆ ਅਤੇ ਫਿਰ ਉਸ ਨੇ ਬੇਅੰਤ ਸਿੰਘ ਦੇ ਨਾਲ ਮਿਲਕੇ ਪੂਰੀ ਪਲਾਨਿੰਗ ਬਣਾਈ ।

ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਇੰਦਰਾ ਗਾਂਧੀ ਦੇ ਕਤਲ ਦਾ ਸ਼ੱਕ ਸੀ । ਜਿਸ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਲੱਗੇ ਸਿੱਖ ਗਾਰਡ ਨੂੰ ਇਕੱਠੇ ਰੱਖਣ ਦੀ ਥਾਂ ਵੱਖ-ਵੱਖ ਥਾਵਾਂ ‘ਤੇ ਤਾਇਨਾਤ ਕੀਤਾ ਗਿਆ । ਪਰ 31 ਅਕਤੂਬਰ ਨੂੰ ਸਤਵੰਤ ਸਿੰਘ ਨੇ ਬਹਾਨਾ ਕੀਤਾ ਕਿ ਉਸ ਦਾ ਪੇਟ ਖਰਾਬ ਹੈ । ਇਸ ਲਈ ਉਸ ਨੂੰ ਪਖਾਣੇ ਦੇ ਨੇੜੇ ਤਾਇਨਾਤ ਕੀਤਾ ਜਾਵੇ। ਇਸ ਤਰ੍ਹਾਂ ਬੇਅੰਤ ਤੇ ਸਤਵੰਤ ਇੱਕੋ ਥਾਂ ‘ਤੇ ਤਾਇਨਾਤ ਹੋਏ । 31 ਅਕਤੂਬਰ 1984 ਯਾਨੀ ਆਪਰੇਸ਼ਨ ਬਲੂ ਸਟਾਰ ਤੋਂ ਠੀਕ 5 ਮਹੀਨੇ ਬਾਅਦ ਸਵੇਰ ਦੇ 9 ਵਜਕੇ 10 ਮਿੰਟ ਦਾ ਸਮਾਂ ਸੀ । ਇੰਦਰਾ ਗਾਂਧੀ ਸਾਹਮਣੇ ਤੋਂ ਆ ਰਹੀ ਸੀ । ਅਚਾਨਕ ਉੱਥੇ ਤਾਇਨਾਤ ਸੁਰੱਖਿਆ ਅਫ਼ਸਰ ਬੇਅੰਤ ਸਿੰਘ ਨੇ ਰਿਵਾਲਵਰ ਕੱਢ ਕੇ ਇੰਦਰਾ ਗਾਂਧੀ ‘ਤੇ ਫਾਇਰ ਕੀਤਾ। ਗੋਲੀ ਇੰਦਰਾ ਗਾਂਧੀ ਦੇ ਢਿੱਡ ’ਚ ਵੱਜੀ। ਇੰਦਰਾ ਨੇ ਚਿਹਰਾ ਬਚਾਉਣ ਦੇ ਲਈ ਆਪਣਾ ਸੱਜਾ ਹੱਥ ਚੁੱਕਿਆ ਪਰ ਉਸੇ ਵੇਲੇ ਬੇਅੰਤ ਨੇ ਬਿਲਕੁਲ ਪੁਆਇੰਟ ਬਲੈਂਕ ਰੇਜ ਤੋਂ ਦੋ ਫਾਇਰ ਹੋਰ ਕੀਤੇ। ਇਹ ਗੋਲੀਆਂ ਇੰਦਰਾ ਗਾਂਧੀ ਦੇ ਛਾਤੀ ਅਤੇ ਢਿੱਡ ‘ਤੇ ਲੱਗੀਆਂ।

5 ਫੁੱਟ ਦੀ ਦੂਰੀ ‘ਤੇ ਸਤਵੰਤ ਸਿੰਘ ਆਪਣੀ ਆਟੋਮੈਟਿਕ ਕਾਰਬਾਈਨ ਦੇ ਨਾਲ ਖੜ੍ਹਾ ਸੀ । ਇੰਦਰਾ ਗਾਂਧੀ ਨੂੰ ਡਿੱਗ ਦੇ ਹੋਏ ਵੇਖ ਉਹ ਸੁੰਨ ਹੋ ਗਿਆ । ਬੇਅੰਤ ਸਿੰਘ ਦੀ ਬੰਦੂਕ ਤੋਂ ਨਿਕਲੀ ਗੋਲੀ ਨੂੰ 25 ਸੈਕੰਡ ਬੀਤ ਚੁੱਕੇ ਸਨ ਫਿਰ ਬੇਅੰਤ ਸਿੰਘ ਨੇ ਸਤਵੰਤ ਸਿੰਘ ਨੂੰ ਜ਼ੋਰ ਦੀ ਆਵਾਜ਼ ਵਿੱਚ ਕਿਹਾ ਗੋਲੀ ਚਲਾਓ,ਸਤਵੰਤ ਨੇ ਫੌਰਨ ਆਪਣੀ ਆਟੋਮੈਟਿਕ ਕਾਰਵਾਈਨ ਦੀਆਂ 25 ਗੋਲੀਆਂ ਇੰਦਰਾ ਗਾਂਧੀ ‘ਤੇ ਚਲਾ ਦਿੱਤੀਆਂ । ਸਤਵੰਤ ਲਗਾਤਾਰ ਫਾਇਰ ਕਰ ਰਿਹਾ ਸੀ। ਇੰਦਰਾ ਗਾਂਧੀ ਦਾ ਨਿੱਜੀ ਸੁਰੱਖਿਆ ਅਫਸਰ ਰਾਮੇਸ਼ਵਰ ਦਿਆਲ ਨੇ ਅੱਗੇ ਦੌੜਨਾ ਸ਼ੁਰੂ ਕੀਤਾ ਪਰ ਇੰਦਰਾ ਤੱਕ ਪਹੁੰਚਣ ਤੋਂ ਪਹਿਲਾਂ ਸਤਵੰਤ ਵੱਲੋਂ ਚਲਾਈਆਂ ਗੋਲੀਆਂ ਇੰਦਰਾ ਗਾਂਧੀ ਦੇ ਪੱਟ ਅਤੇ ਪੈਰ ਵਿੱਚ ਲੱਗੀਆਂ ਅਤੇ ਉਹ ਉੱਥੇ ਹੀ ਢੇਰ ਹੋ ਗਏ। ਇੰਦਰਾ ਗਾਂਧੀ ਨੂੰ ਏਮਸ ਪਹੁੰਚਾਇਆ ਗਿਆ ਪਰ ਸ਼ਾਮ 6 ਵਜੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ।

ਦੱਸਿਆ ਜਾਂਦਾ ਹੈ ਇੰਦਰਾ ਗਾਂਧੀ ਦਾ ਕਤਲ ਕਰਨ ਤੋਂ ਬਾਅਦ ਬੇਅੰਤ ਅਤੇ ਸਤਵੰਤ ਨੇ ਆਪਣੇ ਹਥਿਆਰ ਸੁੱਟ ਦਿੱਤੇ,ਬੇਅੰਤ ਨੇ ਕਿਹਾ ‘ਅਸੀਂ ਜੋ ਕਰਨਾ ਸੀ ਕਰ ਦਿੱਤਾ ਹੁਣ ਤੁਸੀਂ ਜੋ ਕਰਨਾ ਹੈ ਕਰੋ’। ਉਸ ਵੇਲੇ ਨਾਰਾਇਣ ਸਿੰਘ ਨੇ ਬੇਅੰਤ ਨੂੰ ਜ਼ਮੀਨ ‘ਤੇ ਸੁੱਟ ਲਿਆ । ਨੇੜੇ ਗਾਰਡ ਰੂਮ ਤੋਂ ITBP ਦੇ ਜਵਾਨ ਆਏ ਅਤੇ ਉਨ੍ਹਾਂ ਨੇ ਸਤਵੰਤ ਨੂੰ ਘੇਰੇ ਵਿੱਚ ਲੈ ਲਿਆ। ਇਸ ਦੌਰਾਨ ਬੇਅੰਤ ਸਿੰਘ ਅਤੇ ਸਤਵੰਤ ਸਿੰਘ ‘ਤੇ ਹੋਰ ਸੁਰੱਖਿਆ ਗਾਰਡ ਨੇ ਗੋਲੀਆਂ ਵੀ ਚਲਾਇਆ । ਬੇਅੰਤ ਸਿੰਘ ਦੀ ਕੁਝ ਦੇਰ ਪੁਲਿਸ ਕਸਟਡੀ ਦੌਰਾਨ ਮੌਤ ਹੋ ਗਈ ਜਦਕਿ ਸਤਵੰਤ ਸਿੰਘ ਜਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ । ਕੁਝ ਸਮੇਂ ਬਾਅਦ ਬੇਅੰਤ ਸਿੰਘ ਨੂੰ ਡੈਡ ਡਿਕਲੇਅਰ ਕਰ ਦਿੱਤਾ ਗਿਆ । ਫਿਰ ਸੁਰੱਖਿਆ ਏਜੰਸੀਆਂ ਨੇ ਇਸ ਕਤਲਕਾਂਡ ਦੇ ਮਾਮਲੇ ਵਿੱਚ ਬੇਅੰਤ ਸਿੰਘ ਦੇ ਚਾਚੇ ਕੇਹਰ ਸਿੰਘ ਨੂੰ ਫੜ ਲਿਆ ਜੋ ਸਰਕਾਰੀ ਦਫਤਰ ਵਿੱਚ ਕਲਰਕ ਰਿਟਾਇਡ ਸਨ ਫਿਰ ਸ਼ੁਰੂ ਹੋਇਆ ਕਾਨੂੰਨ ਦਾਅ ਪੇਚ ਦਾ ਸਿਲਸਿਲੀ ।

ਸਤਵੰਤ ਸਿੰਘ ਨਹੀਂ ਚਾਹੁੰਦਾ ਸੀ ਵਕੀਲ

ਸਤਵੰਤ ਸਿੰਘ ਜਦੋਂ ਹਸਪਤਾਲ ਤੋਂ ਡਿਸਚਾਰਜ ਹੋ ਕੇ ਪੁਲਿਸ ਕਸਟਡੀ ਵਿੱਚ ਆ ਗਿਆ ਤਾਂ ਉਹ ਨਹੀਂ ਚਾਉਂਦਾ ਸੀ ਕਿ ਮੇਰਾ ਕੋਈ ਕੇਸ ਲੜੇ ਪਰ ਪਿਤਾ ਨੇ ਸਮਝਾਉਣ ਤੋਂ ਬਾਅਦ ਉਹ ਵਕੀਲ ਕਰਨ ਦੇ ਲਈ ਰਾਜ਼ੀ ਹੋ ਗਿਆ । ਦਿੱਲੀ ਹਾਈਕੋਰਟ ਦੇ ਸਾਬਕਾ ਜੱਜ ਰਹੇ RS ਸੋਢੀ ਉਨ੍ਹਾਂ ਦੇ ਵਕੀਲ ਬਣੇ। ਸੋਢੀ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਉ ਵਿੱਚ ਦੱਸਿਆ ਕਿ ਉਹ ਆਪ ਵੀ ਦਿਲੋ ਚਾਉਂਦੇ ਸਨ ਕਿ ਉਹ ਸਤਵੰਤ ਸਿੰਘ ਦਾ ਕੇਸ ਲੜਨ ਉਨ੍ਹਾਂ ਦੇ ਮਨ ਵਿੱਚ ਵੀ ਸ਼੍ਰੀ ਦਰਬਾਰ ਸਾਹਿਬ ‘ਤੇ ਹੋਏ ਹਮਲੇ ਦਾ ਦੁੱਖ ਸੀ। ਵਕੀਲ ਤੋਂ ਜੱਜ ਬਣੇ ਆਰ ਐੱਸ ਸੋਢੀ ਨੇ ਦੱਸਿਆ ਕਿ ਇੱਕ ਦਿਨ ਤਿਰਲੋਕ ਸਿੰਘ ਉਨ੍ਹਾਂ ਦੇ ਕੋਲ ਆਏ ਅਤੇ ਉਨ੍ਹਾਂ ਨੇ ਕਿਹਾ ਮੈਂ ਸਤਵੰਤ ਸਿੰਘ ਦਾ ਪਿਤਾ ਹਾਂ ਤੁਸੀਂ ਮੇਰੇ ਪੁੱਤਰ ਦਾ ਕੇਸ ਲੜੋ । ਰਿਟਾਇਡ ਜਸਟਿਸ ਸੋਢੀ ਨੇ ਕਿਹਾ ਉਹ ਪਹਿਲਾਂ ਹੀ ਤਿਆਰ ਬੈਠੇ ਸਨ ਉਨ੍ਹਾਂ ਨੇ ਫੌਰਨ ਆ ਕਰ ਦਿੱਤੀ ।

ਆਰ ਸੋਢੀ ਨੇ ਦੱਸਿਆ ਕਿ ਜਦੋਂ ਉਹ ਪਹਿਲੀ ਵਾਰ ਸਤਵੰਤ ਸਿੰਘ ਨੂੰ ਮਿਲਣ ਦਿੱਲੀ ਦੀ ਤਿਹਾੜ ਜੇਲ੍ਹ ਗਏ ਤਾਂ ਉਹ ਨੇ ਕਿਹਾ ਮੈਂ ਵੇਖ ਕੇ ਹੈਰਾਨ ਹੋ ਗਿਆ ਸਤਵੰਤ ਸਿੰਘ ਛੋਟੀ ਉਮਰ ਸੀ ਹਲਕੀ-ਹਲਕੀ ਦਾੜ੍ਹੀ ਆਈ ਸੀ । ਮੈਂ ਕਿਹਾ ‘ਤੂੰ ਹੀ ਸਤਵੰਤ ਸਿੰਘ ਹੈ’, ਤਾਂ ਉਸ ਨੇ ਕਿਹਾ ਜੀ ਹਾਂ ਮੈਂ ਹੀ ਹਾਂ,ਇੰਨੀ ਛੋਟੀ ਉਮਰ ਵਿੱਚ ਤੂੰ ਮਾਰਿਆ ਹੈ, ਸਤਵੰਤ ਸਿੰਘ ਨੇ ਕਿਹਾ ਜੀ ਹਾਂ ਫਿਰ ਬਦਲਾ ਤਾਂ ਲੈਣਾ ਹੀ ਸੀ ਸ਼੍ਰੀ ਅਕਾਲ ਤਖਤ ਦੀ ਬੇਅਦਬੀ ਦਾ’ । ਆਰ ਸੋਢੀ ਨੇ ਕਿਹਾ ਮੈਂ ਤਾਂ ਨਹੀਂ ਲੈ ਸੱਕਿਆ, ਫਿਰ ਮੈਂ ਉਸ ਨੂੰ ਦੱਸਿਆ ਕਿ ਚੱਲ ਮੈਂ ਤੇਰਾ ਵਕੀਲ ਹਾਂ’। ਤਾਂ ਸਤਵੰਤ ਸਿੰਘ ਨੇ ਕਿਹਾ ਕੀ ਫਾਇਦਾ ? ਤਾਂ ਉਨ੍ਹਾਂ ਕਿਹਾ ਤੇਰੇ ਪਿਤਾ ਜੀ ਮੈਨੂੰ ਲੈਕੇ ਆਏ ਹਨ । ਤਾਂ ਸਤਵੰਤ ਸਿੰਘ ਨੇ ਕਿਹਾ ਹੈ ਤੁਸੀਂ ਜਿਵੇਂ ਕਹਿੰਦੇ ਹੋ ਮੈਂ ਕਰ ਦਿੰਦਾ ਹਾਂ। ਵਕੀਲ ਆਰ ਐੱਸ ਸੋਢੀ ਦੱਸ ਦੇ ਹਨ ਕਿ ਸਤਵੰਤ ਸਿੰਘ ਵਕੀਲ ਲਈ ਰਾਜ਼ੀ ਨਹੀਂ ਸੀ ਕਿਉਂਕਿ ਉਨ੍ਹਾਂ ਨੇ ਕਿਹਾ ਮੈਂ ਇੰਦਰਾ ਗਾਂਧੀ ਮਾਰਨ ਵੇਲੇ ਹੀ ਕਹਿ ਦਿੱਤਾ ਸੀ ਅਸੀਂ ਆਪਣਾ ਕੰਮ ਕਰ ਦਿੱਤਾ ਹੈ ਹੁਣ ਤੁਸੀਂ ਕਰ ਲਿਓ। ਆਰ ਐੱਸ ਸੋਢੀ ਦੱਸ ਦੇ ਹਾਂ ਕਿ ਉਨ੍ਹਾਂ ਨੂੰ ਵਕਾਲਤ ਕਰਦੇ ਸਮੇਂ ਸਿਰਫ਼ 10 ਸਾਲ ਹੀ ਹੋਏ ਸਨ । ਦੇਸ਼ ਦੇ ਸਭ ਤੋਂ ਵੱਡੇ ਕੇਸ ਨੂੰ ਲੜਨ ਦੇ ਲਈ ਉਨ੍ਹਾਂ ਨੂੰ ਤਜ਼ੁਰਬੇਕਾਰ ਵਕੀਲਾਂ ਦੀ ਜ਼ਰੂਰਤ ਸੀ । ਫਿਰ ਉਨ੍ਹਾਂ ਨੇ ਇੱਕ ਟੀਮ ਬਣਾਉਣ ਸ਼ੁਰੂ ਕੀਤੀ ।

ਦੇਸ਼ ਦੇ ਵੱਡੇ ਵਕੀਲਾਂ ਨੇ ਫ੍ਰੀ ਵਿੱਚ ਕੇਸ ਲੜੇ

ਆਰ ਐੱਸ ਸੋਢੀ ਨੇ ਦੱਸਿਆ ਕਿ ਉਹ ਉਸ ਸਮੇਂ ਦੇ ਸਭ ਤੋਂ ਵੱਡੇ ਵਕੀਲ ਪੀਐੱਨ ਲੇਖੀ ਕੋਲ ਪਹੁੰਚੇ ਅਤੇ ਸਤਵੰਤ ਸਿੰਘ ਦੇ ਕੇਸ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਕਿਹਾ ਫੀਸ ਕਿੰਨੀ ਹੋਵੇਗੀ ਤਾਂ ਆਰ ਐੱਸ ਸੋਢੀ ਨੇ ਕਿਹਾ ਫੀਸ ਤਾਂ ਕੋਈ ਨਹੀਂ ਹੋਵੇਗੀ ਤਾਂ ਉਨ੍ਹਾਂ ਨੇ ਕਿਹਾ ਆਉਣ ਦਾ ਜਾਣ ਦਾ ਖਰਚਾ ਪਾਣੀ ਤਾਂ ਆਰ ਐੱਸ ਸੋਢੀ ਨੇ ਉਨ੍ਹਾਂ ਨੂੰ ਦੂਜੇ ਤਰੀਕੇ ਨਾਲ ਸਮਝਾਇਆ ਕਿ ਦੇਸ਼ ਦੇ ਸਭ ਤੋਂ ਵੱਡੇ ਕੇਸ ਨਾਲ ਜੁੜਨ ‘ਤੇ ਉਨ੍ਹਾਂ ਦਾ ਕਾਫੀ ਨਾਂ ਹੋਵੇਗਾ । ਪੀਐੱਨ ਲੇਖੀ ਇਸ ਕੇਸ ਨਾਲ ਜੁੜ ਗਏ ਅਤੇ ਫਿਰ ਇਸ ਕੇਸ ਦੀ ਪੈਰਵੀ ਸ਼ੁਰੂ ਹੋ ਗਈ । ਇਸ ਤੋਂ ਬਾਅਦ ਆਰ ਐੱਸ ਸੋਢੀ ਨੇ ਇੱਕ ਹੋਰ ਵਕੀਲ PP Grover ਨੂੰ ਇਸ ਕੇਸ ਨਾਲ ਇਸੇ ਤਰ੍ਹਾ ਜੋੜਿਆ ਕਿ ਜੇਕਰ ਉਹ ਹਾਈਪ੍ਰੋਫਾਈਲ ਕੇਸ ਲੜਨਗੇ ਤਾਂ ਉਨ੍ਹਾਂ ਦਾ ਪੂਰੇ ਭਾਰਤ ਵਿੱਚ ਨਾਂ ਹੋਵੇਗਾ । ਉਹ ਵੀ ਫ੍ਰੀ ਵਿੱਚ ਕੇਸ ਲੜਨ ਦੇ ਲਈ ਰਾਜੀ ਹੋ ਗਏ । ਆਰ ਐੱਸ ਸੋਢੀ ਦੱਸ ਦੇ ਹਨ ਕਿ ਇਸੇ ਤਰ੍ਹਾਂ ਉਨ੍ਹਾਂ ਨੇ ਸਤਵੰਤ ਸਿੰਘ ਅਤੇ ਕੇਹਰ ਸਿੰਘ ਦੇ ਕੇਸ ਲਈ ਇੱਕ ਟੀਮ ਤਿਆਰ ਕੀਤੀ ।

‘ਸਤਵੰਤ ਸਿੰਘ ਦੇ ਬੋਲਾਂ ਨੇ ਮੇਰੀ ਜ਼ਿੰਦਗੀ ਬਦਲੀ’

ਆਰ ਐੱਸ ਸੋਢੀ ਨੇ ਦੱਸਿਆ ਕਿ ਅਸੀਂ ਸਤਵੰਤ ਸਿੰਘ ਦੇ ਕੇਸ ਵਿੱਚ ਪੂਰੀ ਵਾਹ ਲਾ ਦਿੱਤੀ । ਪਰ ਅਦਾਲਤ ਨੇ ਜਦੋਂ ਸਤਵੰਤ ਸਿੰਘ ਅਤੇ ਕੇਹਰ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਤਾਂ ਆਰ ਐੱਸ ਸੋਢੀ ਦੱਸ ਦੇ ਹਨ ਕਿ ਉਨ੍ਹਾਂ ਨੇ ਸਤਵੰਤ ਸਿੰਘ ਵੱਲ ਵੇਖਿਆ ਤਾਂ ਉਸ ਨੇ ਹੱਸ ਦੇ ਹੋਏ ਕਿਹਾ ‘ਹੋ ਗਿਆ ਜੀ’ । ਆਰ ਸੋਢੀ ਨੇ ਪੁੱਛਿਆ ਤੈਨੂੰ ਨਹੀਂ ਪਤਾ ਕੀ ਹੋਇਆ ? ਤਾਂ ਸਤਵੰਤ ਸਿੰਘ ਨੇ ਕਿਹਾ ਮੁੱਕ ਗਿਆ । ਤੁਸੀਂ 1 ਸਾਲ ਤੋਂ ਇਸ ਕੇਸ ਨੂੰ ਬੇਵਜ੍ਹਾ ਲਟਕਾ ਰਹੇ ਸੀ ਮੈਂ ਤਾਂ ਪਹਿਲੇ ਦਿਨ ਹੀ ਕਹਿ ਦਿੱਤਾ ਸੀ ਮੈਂ ਤਿਆਰ ਹਾਂ,ਬੇਅੰਤ ਸਿੰਘ ਨਾਲ ਗੋਲੀਆਂ ਮੈਨੂੰ ਵੀ ਲਗੀਆਂ ਸਨ ਮੈਂ ਕਿਵੇਂ ਬਚ ਗਿਆ ਹੈਰਾਨ ਹਾਂ । ਆਰ ਐੱਸ ਸੋਢੀ ਕਿਹਾ ਮੈਂ ਦੁੱਖੀ ਸੀ ਕਿ ਸਤਵੰਤ ਸਿੰਘ ਨੂੰ ਫਾਂਸੀ ਤੋਂ ਨਹੀਂ ਬਚਾ ਸਕਿਆ ਮੇਰਾ ਦਿਲ ਬੈਠ ਗਿਆ ਜਦੋਂ ਮੈਂ ਸਤਵੰਤ ਦਾ ਹੱਸ ਦਾ ਹੋਇਆ ਚਹਿਰਾ ਵੇਖਿਆ ਤਾਂ ਮੈਂ ਕਿਹਾ ‘ਵਾਹ ਬਾਈ ਵਾਹ ਬਲੇ ਸ਼ੇਰਾ ਮੈਂ ਵੀ ਤਗੜਾ ਹੋ ਗਿਆ’ । ਆਰ ਐੱਸ ਸੋਢੀ ਦੱਸ ਦੇ ਹਨ ਉਸ ਦਿਨ ਨੇ ਮੇਰੀ ਜ਼ਿੰਦਗੀ ਜੀਉਣ ਦਾ ਤਰੀਕਾ ਹੀ ਬਦਲ ਦਿੱਤਾ । ਜਦੋਂ ਵੀ ਮੇਰੇ ਕੋਲ ਕੋਈ ਪੁੱਛ ਦਾ ਹੈ ਠੀਕ ਹੋ ਤਾਂ ਮੈਂ ਹਮੇਸ਼ਾ ਚੜ੍ਹਦੀ ਕਲਾਂ ਕਹਿੰਦਾ ਹਾਂ,ਇਹ ਸ਼ਬਦ ਮੇਰੀ ਜ਼ਿੰਦਗੀ ਵਿੱਚ ਸਤਵੰਤ ਸਿੰਘ ਨੇ ਸ਼ਾਮਲ ਕੀਤਾ । ਸਤਵੰਤ ਸਿੰਘ ਦਾ ਕੇਸ ਜਿਸ ਤਰ੍ਹਾਂ ਆਰ ਐੱਸ ਸੋਢੀ ਨੇ ਪੂਰੀ ਤਾਕਤ ਨਾਲ ਲੜਿਆ ਉਸੇ ਤਰ੍ਹਾਂ ਭਾਰਤ ਦੇ ਸਭ ਤੋਂ ਵੱਡੇ ਵਕੀਲ ਰਾਮਜੇਠਮਲਾਨੀ ਨੇ ਕੇਹਰ ਸਿੰਘ ਦਾ ਕੇਸ ਲਈ ਬਿਨਾਂ ਪੈਸੇ ਲਏ ਪੂਰੀ ਜਾਨ ਲੱਗਾ ਦਿੱਤੀ ਅਤੇ ਸੁਪਰੀਮ ਕੋਰਟ ਵਿੱਚ ਅਜਿਹੀਆਂ ਦਲੀਲਾਂ ਪੇਸ਼ ਕੀਤੀਆਂ ਕਿ ਜੱਜ ਵੀ ਹੈਰਾਨ ਹੋ ਗਏ ।

ਕੇਹਰ ਸਿੰਘ ਨੂੰ ਬਚਾਉਣ ਵਿੱਚ ਰਾਮਜੇਠਮਲਾਨੀ ਨੇ ਪੂਰੀ ਜਾਨ ਲੱਗਾ ਦਿੱਤੀ

ਭਾਰਤ ਵਿੱਚ ਹੁਣ ਵੀ ਜਦੋਂ ਸਭ ਤੋਂ ਮਹਿੰਗੇ ਵਕੀਲਾਂ ਦੀ ਲਿਸਟ ਤਿਆਰ ਹੁੰਦੀ ਹੈ ਤਾਂ ਰਾਮਜੇਠਮਲਾਨੀ ਦਾ ਨਾਂ ਸਭ ਤੋਂ ਉੱਤੇ ਹੁੰਦਾ ਹੈ । 1984 ਤੋਂ 89 ਤੱਕ ਜਦੋਂ ਉਹ ਕੇਹਰ ਸਿੰਘ ਦਾ ਕੇਸ ਲੜ ਰਹੇ ਸਨ ਤਾਂ ਉਸ ਵੇਲੇ ਹੀ ਉਨ੍ਹਾਂ ਦੀ ਫੀਸ ਲੱਖਾਂ ਰੁਪਏ ਸੀ । ਪਰ ਰਾਮਜੇਠਮਲਾਨੀ ਨੇ ਫ੍ਰੀ ਵਿੱਚ ਇਹ ਕੇਸ ਲੜਿਆ । ਇਸ ਦੇ ਪਿੱਛੇ 2 ਕਾਰਨ ਸਨ,ਇੰਦਰਾ ਗਾਂਧੀ ਨਾਲ ਉਨ੍ਹਾਂ ਦੀ ਦੁਸ਼ਮਣੀ ਸੀ, ਦੂਜਾ ਭਾਰਤ ਦੇ ਇਤਿਹਾਸ ਦਾ ਸਭ ਤੋਂ ਵੱਡਾ ਕੇਸ ਸੀ । ਜਦੋਂ ਰਾਸ਼ਟਰਪਤੀ ਨੇ ਕੇਹਰ ਸਿੰਘ ਅਤੇ ਸਤਵੰਤ ਸਿੰਘ ਦੀ ਮੁਆਫੀ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਤਾਂ 18 ਅਕਤੂਬਰ ਨੂੰ ਕੇਹਰ ਸਿੰਘ ਅਤੇ ਸਤਵੰਤ ਸਿੰਘ ਦੀ ਫਾਂਸੀ ਦੀ ਤਰੀਕ ਤੈਅ ਹੋਈ । ਹਰਿਆਣਾ ਅਤੇ ਪੰਜਾਬ ਵਿੱਚ ਹਫਤੇ ਦੀਆਂ ਛੁੱਟੀਆਂ ਕਰ ਦਿੱਤੀਆਂ। ਪਰ ਰਾਮਜੇਠਮਲਾਨੀ ਨੇ ਸੁਪਰੀਮ ਕੋਰਟ ਪਟੀਸ਼ਨ ਪਾਕੇ ਇਸ ਨੂੰ ਚੁਣੌਤੀ ਦਿੱਤੀ । ਉਨ੍ਹਾਂ ਨੇ ਦਲੀਲ ਦਿੱਤੀ ਕਿ ਕਿਉਂਕਿ ਰਾਸ਼ਟਰਪਤੀ ਆਪ ਫੈਸਲਾ ਨਹੀਂ ਲੈਂਦਾ ਹੈ ਇਸ ਪਿੱਛੇ ਸਰਕਾਰ ਦੀ ਸਲਾਹ ਹੁੰਦੀ ਹੈ । ਸਰਕਾਰ ਨੇ ਰਾਸ਼ਟਰਪਤੀ ਨੂੰ ਗਲਤ ਸਲਾਹ ਦਿੱਤੀ ਹੈ । ਸੁਪਰੀਮ ਕੋਰਟ ਰਾਮਜੇਠਮਲਾਨੀ ਦੀ ਪਟੀਸ਼ਨ ਸੁਣਨ ਦੇ ਰਾਜੀ ਹੋ ਗਿਆ ਅਤੇ ਫਿਰ ਕੇਹਰ ਸਿੰਘ ਦੀ ਫਾਂਸੀ ਨੂੰ ਰੋਕ ਦਿੱਤਾ । ਜਿਵੇਂ ਹੀ ਕੇਹਰ ਸਿੰਘ ਫਾਂਸੀ ਰੁਕੀ ਸਤਵੰਤ ਸਿੰਘ ਦੇ ਵਕੀਲ ਆਰ ਸੋਢੀ ਨੇ ਵੀ ਇਸੇ ਨੂੰ ਅਧਾਰ ਬਣਾ ਕੇ ਪਟੀਸ਼ਨ ਪਾਈ, ਦੋਵਾਂ ਦੀ ਫਾਂਸੀ ਨੂੰ ਰੋਕ ਦਿੱਤਾ ਗਿਆ । ਅਦਾਲਤ ਵਿੱਚ ਰਾਮਜੇਠਮਲਾਨੀ ਨੇ ਦਲੀਲ ਦਿੱਤੀ ਰਾਸ਼ਟਰਪਤੀ ਕਿਸ ਤਰ੍ਹਾਂ ਫਾਂਸੀ ਦੀ ਮੁਆਫੀ ਦੀ ਸਜ਼ਾ ‘ਤੇ ਫੈਸਲਾ ਲਏ ਇਸ ਤੇ ਗਾਇਡ ਲਾਈਨ ਤਿਆਰ ਹੋਣੀ ਚਾਹੀਦੀ ਹੈ । ਦੇਸ਼ ਦੇ ਸਾਬਕਾ ਕਾਨੂੰਨ ਮੰਤਰੀ ਅਤੇ ਵੱਡੇ ਵਕੀਲ ਸ਼ਾਂਤੀ ਭੂਸ਼ਣ ਨੇ ਵੀ ਫਾਂਸੀ ਦੇਣ ਦਾ ਵਿਰੋਧ ਕੀਤਾ ਅਤੇ ਰਾਮਜੇਠਮਲਾਨੀ ਹੀ ਹਮਾਇਤ ਕੀਤੀ । ਸਰਕਾਰ ਦੇ ਵਕੀਲ ਨੇ ਕਿਹਾ ਇਹ ਬਹਿਸ ਦਾ ਵਿਸ਼ਾ ਹੈ ਕਿ ਫਾਂਸੀ ਹੋਣੀ ਚਾਹੀਦੀ ਹੈ ਜਾਂ ਨਹੀਂ ਪਰ ਇਸ ਕੇਸ ਵਿੱਚ ਸਜ਼ਾ ਅਦਾਲਤ ਸੁਣਾ ਚੁੱਕੀ ਹੈ। ਜਦੋਂ ਰਾਮਜੇਠਮਲਾਨੀ ਨੇ ਵੇਖਿਆ ਕਿ ਇਹ ਸਾਰੇ ਦਾਅ ਪੇਚ ਸਫਲ ਨਹੀਂ ਹੋ ਰਹੇ ਹਨ ਤਾਂ ਉਨ੍ਹਾਂ ਨੇ ਦਲੀਲ ਦਿੱਤੀ ਕਿ ਪੰਜਾਬ ਪੁਲਿਸ ਨੇ ਇੰਦਰਾ ਗਾਂਧੀ ਦੇ ਕਤਲ ਮਾਮਲੇ ਵਿੱਚ ਅਤਿੰਦਰਪਾਲ ਸਿੰਘ ਨੂੰ ਫੜਿਆ ਹੈ । ਜੋ ਕਿ ਇਸ ਕੇਸ ਦਾ ਮਾਸਟਰ ਮਾਇੰਡ ਹੋ ਸਕਦਾ ਹੈ,ਕੇਹਰ ਸਿੰਘ ਦਾ ਇਸ ਪਲਾਨਿੰਗ ਵਿੱਚ ਕੋਈ ਹੱਥ ਨਹੀਂ ਹੈ । ਇਸ ਲਈ ਪੂਰੇ ਮਾਮਲੇ ਦੀ ਮੁੜ ਤੋਂ ਜਾਂਚ ਕੀਤੀ ਜਾਵੇ।

ਸਰਕਾਰੀ ਵਕੀਲ ਰਾਮਜੇਠਮਲਾਨੀ ਦੇ ਇਸ ਦਾਅ ਨੂੰ ਸਮਝ ਚੁੱਕੇ ਸਨ ਇਸ ਲਈ ਸਰਕਾਰ ਨੇ ਇੰਦਰਾ ਗਾਂਧੀ ਦੇ ਕਤਲ ਮਾਮਲੇ ਵਿੱਚ ਗ੍ਰਿਫਤਾਰ ਅਤਿੰਦਰਪਾਲ ਸਿੰਘ ਅਤੇ ਅਸਤੀਫਾ ਦੇਕੇ IPS ਅਫਸਰ ਸਿਰਮਨਜੀਤ ਸਿੰਘ ਮਾਨ ਦੇ ਖਿਲਾਫ ਚਾਰਸ਼ੀਟ ਫਾਈਲ ਨਹੀਂ ਕੀਤੀ ਤਾਂਕੀ ਕੇਹਰ ਸਿੰਘ ਅਤੇ ਸਤਵੰਤ ਸਿੰਘ ਦੀ ਫਾਂਸੀ ਦੀ ਸਜ਼ਾ ਵਿੱਚ ਦੇਰ ਨਾ ਹੋ ਸਕੇ। ਰਾਮਜੇਠਮਲਾਨੀ ਦਾ ਕਹਿਣਾ ਸੀ ਕਿ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਭਾਵੇ ਇੰਦਰਾ ਗਾਂਧੀ ਦੇ ਕੇਸ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਹੋ ਸਕਦੇ ਹਨ ਪਰ ਕੇਹਰ ਸਿੰਘ ਨੂੰ ਬੇਵਜ੍ਹਾ ਫਸਾਇਆ ਜਾ ਰਿਹਾ ਹੈ ਅਤੇ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ ਹੈ । ਪਰ ਅਦਾਲਤ ਨੇ ਰਾਮਜੇਠਮਲਾਨੀ ਦੀਆਂ ਸਾਰੀਆਂ ਦਲੀਲਾਂ ਨੂੰ ਖਾਰਜ ਕਰ ਦਿੱਤਾ ਅਤੇ 6 ਜਨਵਰੀ 1989 ਵਿੱਚ ਕੇਹਰ ਸਿੰਘ ਅਤੇ ਸਤਵੰਤ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ ।