ਭਾਰਤ ਵਿੱਚ ਜੁੱਤੀਆਂ ਤਿਆਰ ਕਰਨ ਲਈ ਨਵੇਂ ਭਾਰਤੀ ਮਾਪਦੰਡ ਤਿਆਰ ਕੀਤੇ ਜਾ ਰਹੇ ਹਨ। ਹੁਣ ਅਗਲੇ ਸਾਲ ਯਾਨੀ 2025 ਤੋਂ ਕੰਪਨੀਆਂ ਭਾਰਤੀਆਂ ਲਈ ਵੱਖਰੇ ਤੌਰ ‘ਤੇ ਜੁੱਤੀਆਂ ਦਾ ਉਤਪਾਦਨ ਕਰਨਗੀਆਂ। ਇਸਦੇ ਲਈ ਕੋਡ ‘ਭਾ’ (Bha) ਰੱਖਿਆ ਗਿਆ ਹੈ, ਜਿਸਦਾ ਅਰਥ ਹੈ ਭਾਰਤ। ਇਸਦੇ ਲਈ ਅਜੇ ਬਿਊਰੋ ਆਫ ਇੰਡੀਅਨ ਸਟੈਂਡਰਡਸ (Bureau of Indian Standards) ਤੋਂ ਮਾਨਤਾ ਮਿਲਣੀ ਬਾਕੀ ਹੈ। ਨਵੀਂ ਵਿਵਸਥਾ ‘ਚ ਹੁਣ ਕੰਪਨੀਆਂ ਨੂੰ 10 ਦੀ ਬਜਾਏ 8 ਨਾਪਾਂ ‘ਚ ਫੁੱਟਵੀਅਰ ਬਣਾਉਣੇ ਹੋਣਗੇ।
ਦਰਅਸਲ ਹੁਣ ਤਕ ਭਾਰਤ ਵਿੱਚ ਉਪਲਬਧ ਜੁੱਤੀਆਂ ਤੇ ਚੱਪਲਾਂ ਅਮਰੀਕੀ ਜਾਂ ਯੂਰਪੀਅਨ ਨਾਪ ਦੀਆਂ ਪਾਈਆਂ ਜਾਂਦੀਆਂ ਹੁੰਦੀਆਂ ਹਨ। ਇਸ ਕਰਕੇ ਅਕਸਰ ਹੁੰਦਾ ਹੈ ਕਿ ਇਹ ਜੁੱਤੀਆਂ ਸਾਡੇ ਦੇਸ਼ ਦੇ ਲੋਕਾਂ ਦੇ ਪੈਰਾਂ ‘ਤੇ ਸਹੀ ਨਹੀਂ ਬੈਠਦੀਆਂ। ਖ਼ਾਸ ਕਰਕੇ ਜਦੋਂ ਜੁੱਤੀ ਆਨਲਾਈਨ ਆਰਡਰ ਕਰਨੀ ਹੋਵੇ ਤਾਂ ਬਹੁਤ ਮੁਸ਼ਕਲ ਆਉਂਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਭਾਰਤੀਆਂ ਦੇ ਪੈਰ ਅਮਰੀਕੀਆਂ ਤੇ ਯੂਰਪੀਅਨਾਂ ਨਾਲੋਂ ਚੌੜੇ ਹਨ। ਪਰ ਕੰਪਨੀਆਂ ਅਮਰੀਕੀਆਂ ਜਾਂ ਯੂਰਪੀਅਨਾਂ ਦੇ ਪੈਰਾਂ ਦੀ ਲੰਬਾਈ ਅਤੇ ਚੌੜਾਈ ਦੇ ਆਧਾਰ ‘ਤੇ ਹੀ ਜੁੱਤੀਆਂ ਤੇ ਚੱਪਲਾਂ ਤਿਆਰ ਕਰਦੀਆਂ ਹਨ। ਪਰ, ਹੁਣ ਇਹ ਸਿਸਟਮ ਬਦਲਣ ਵਾਲਾ ਹੈ।
ਇਸ ਮੰਤਵ ਦੇ ਲਈ ਕਾਉਂਸਿਲ ਆਫ਼ ਸਾਇੰਟਿਫਿਕ ਐਂਡ ਇੰਡਸਟਰੀਅਲ ਰਿਸਰਚ (Council of Scientific & Industrial Research CSIR) ਤੇ ਸੈਂਟਰਲ ਲੈਦਰ ਰਿਸਰਚ ਇੰਸਟੀਚਿਊਟ (Central Leather Research Institute) ਨੇ ਪੂਰੇ ਭਾਰਤ ਵਿੱਚ ਇੱਕ ਸਰਵੇਖਣ ਕੀਤਾ ਹੈ। ਇਸ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਔਰਤਾਂ ਦੇ ਪੈਰਾਂ ਦਾ ਆਕਾਰ 11 ਸਾਲ ਦੀ ਉਮਰ ਤੱਕ ਵਧਦਾ ਹੈ, ਜਦੋਂ ਕਿ ਮਰਦਾਂ ਵਿੱਚ ਇਹ 15-16 ਸਾਲ ਤੱਕ ਵਧਦਾ ਰਹਿੰਦਾ ਹੈ।
ਜੁੱਤੀਆਂ ਦੇ ਨਾਪ ਦੇ ਮਾਪਦੰਡਾਂ ਵਿੱਚ ਇਸ ਵੱਡੇ ਬਦਲਾਅ ਦਾ ਸਭ ਤੋਂ ਵੱਡਾ ਕਾਰਨ ਭਾਰਤ ਵਿੱਚ ਜੁੱਤੀਆਂ ਦਾ ਵੱਡਾ ਬਾਜ਼ਾਰ ਹੈ। ਇੱਥੇ ਹਰ ਭਾਰਤੀ ਕੋਲ ਔਸਤਨ 1.5 ਜੁੱਤੀਆਂ ਹਨ। ਇਹ ਸਾਹਮਣੇ ਆਇਆ ਹੈ ਕਿ ਆਨਲਾਈਨ ਖ਼ਰੀਦੀਆਂ ਗਈਆਂ 50 ਫ਼ੀਸਦੀ ਜੁੱਤੀਆਂ ਨੂੰ ਵਾਪਸ ਕਰ ਦਿੱਤਾ ਜਾਂਦਾ ਹੈ ਕਿਉਂਕਿ ਇਹ ਸਹੀ ਨਾਪ ਦੀਆਂ ਨਹੀਂ ਨਿਕਲਦੀਆਂ।
ਪੈਰਾਂ ਦੀ ਸ਼ਕਲ ਤੇ ਆਕਾਰ ਨੂੰ ਸਮਝਣ ਲਈ ਦਸੰਬਰ 2021 ਤੋਂ ਮਾਰਚ 2022 ਦਰਮਿਆਨ ਇੱਕ ਸਰਵੇਖਣ ਕੀਤਾ ਗਿਆ ਸੀ। ਇਸ ਸਰਵੇਖਣ ਵਿੱਚ ਪੰਜ ਭੂਗੋਲਿਕ ਖੇਤਰਾਂ ਵਿੱਚ 79 ਥਾਵਾਂ ‘ਤੇ ਰਹਿਣ ਵਾਲੇ ਲਗਭਗ 1,01,880 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇੰਨਾ ਹੀ ਨਹੀਂ, ਭਾਰਤੀ ਪੈਰਾਂ ਦੀ ਸ਼ਕਲ, ਮਾਪ ਤੇ ਬਣਤਰ ਨੂੰ ਸਮਝਣ ਲਈ 3D ਫੁੱਟ ਸਕੈਨਿੰਗ ਮਸ਼ੀਨਾਂ ਵੀ (3D Foot Scanner) ਲਾਈਆਂ ਗਈਆਂ ਸਨ।