ਦੱਖਣੀ ਭਾਰਤ ਦੇ ਕਈ ਰਾਜਾਂ ਵਿਚ ਇਨ੍ਹੀਂ ਦਿਨੀਂ ਭਾਰੀ ਮੀਂਹ ਪੈ ਰਿਹਾ ਹੈ। ਤਾਮਿਲਨਾਡੂ, ਆਂਧਰਾ ਪ੍ਰਦੇਸ਼ ਸਮੇਤ ਕਈ ਸੂਬਿਆਂ ‘ਚ ਹੋ ਰਹੀ ਭਾਰੀ ਬਾਰਿਸ਼ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਦੌਰਾਨ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿ ਆਉਣ ਵਾਲੇ 3 ਦਿਨਾਂ ਤੱਕ ਕੁਝ ਰਾਜਾਂ ਵਿਚ ਭਾਰੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਤਾਮਿਲਨਾਡੂ, ਕੇਰਲ ਦੇ ਤੱਟੀ ਇਲਾਕਿਆਂ ‘ਚ ਭਾਰੀ ਤੋਂ ਬਹੁਤ ਜ਼ਿਆਦਾ ਬਾਰਿਸ਼ ਹੋ ਸਕਦੀ ਹੈ।
ਇਸ ਤੋਂ ਇਲਾਵਾ ਕਰਨਾਟਕ, ਰਾਇਲਸੀਮਾ, ਤੱਟਵਰਤੀ ਆਂਧਰਾ ਪ੍ਰਦੇਸ਼, ਲਕਸ਼ਦੀਪ ਵਿਚ ਵੀ ਭਾਰੀ ਮੀਂਹ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਤਾਮਿਲਨਾਡੂ, ਕੇਰਲ ਅਤੇ ਮਾਹੇ ਦੇ ਕੁਝ ਇਲਾਕਿਆਂ ‘ਚ ਅਗਲੇ 48 ਘੰਟਿਆਂ ‘ਚ ਭਾਰੀ ਬਾਰਿਸ਼ ਹੋ ਸਕਦੀ ਹੈ।
ਮੌਸਮ ਵਿਭਾਗ ਮੁਤਾਬਕ ਦੱਖਣੀ ਆਂਧਰਾ ਪ੍ਰਦੇਸ਼-ਤਾਮਿਲਨਾਡੂ-ਪੁਡੂਚੇਰੀ, ਲਕਸ਼ਦੀਪ ਅਤੇ ਕੋਮੋਰਿਨ ਖੇਤਰਾਂ ‘ਚ 45 ਤੋਂ 55 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।
ਇਸ ਤੋਂ ਇਲਾਵਾ ਅਗਲੇ 25 ਘੰਟਿਆਂ ‘ਚ ਲਕਸ਼ਦੀਪ, ਮਾਲਦੀਵ-ਕੋਮੋਰਿਨ ਖੇਤਰ ਅਤੇ ਕੇਰਲ ਦੇ ਕੁਝ ਇਲਾਕਿਆਂ ‘ਚ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਮੀਂਹ ਅਤੇ ਤੇਜ਼ ਹਵਾਵਾਂ ਦੇ ਖਤਰੇ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਆਂਧਰਾ ਪ੍ਰਦੇਸ਼, ਤਾਮਿਲਨਾਡੂ, ਪੁਡੂਚੇਰੀ, ਸ਼੍ਰੀਲੰਕਾ ਦੇ ਤੱਟਾਂ, ਮੰਨਾਰ ਦੀ ਖਾੜੀ ਅਤੇ ਨਾਲ ਲੱਗਦੇ ਕੋਮੋਰਿਨ ਖੇਤਰ ਦੇ ਨਾਲ-ਨਾਲ ਦੱਖਣ-ਪੱਛਮ ਅਤੇ ਨਾਲ ਲੱਗਦੇ ਪੱਛਮੀ-ਕੇਂਦਰੀ ਖੇਤਰਾਂ ਵਿੱਚ ਮਛੇਰਿਆਂ ਨੂੰ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ।
ਇਸ ਦੇ ਨਾਲ ਹੀ ਮਛੇਰਿਆਂ ਨੂੰ ਅਗਲੇ ਦੋ ਦਿਨਾਂ ਤੱਕ ਅਰਬ ਸਾਗਰ ਅਤੇ ਕੇਰਲ ਤੱਟ, ਲਕਸ਼ਦੀਪ, ਮਾਲਦੀਵ ਦੇ ਤੱਟਾਂ ‘ਤੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।
ਮੌਸਮ ਵਿਭਾਗ ਨੇ ਤਾਜ਼ਾ ਅਪਡੇਟ ‘ਚ ਦੱਸਿਆ ਹੈ ਕਿ ਨਵੀਂ ਪੱਛਮੀ ਗੜਬੜੀ ਦਾ ਪ੍ਰਭਾਵ ਦੇਖਿਆ ਜਾ ਰਿਹਾ ਹੈ। ਅਗਲੇ 48 ਘੰਟਿਆਂ ‘ਚ ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ-ਬਾਲਟਿਸਤਾਨ ਅਤੇ ਮੁਜ਼ੱਫਰਾਬਾਦ, ਹਿਮਾਚਲ ਪ੍ਰਦੇਸ਼ ‘ਚ ਬਰਫਬਾਰੀ ਅਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ‘ਚ ਬਦਲਾਅ ਕਾਰਨ ਇਨ੍ਹਾਂ ਸੂਬਿਆਂ ‘ਚ ਤਾਪਮਾਨ ‘ਚ ਗਿਰਾਵਟ ਆਵੇਗੀ, ਜਿਸ ਕਾਰਨ ਠੰਡ ਹੋਰ ਵਧ ਸਕਦੀ ਹੈ।