‘ਦ ਖ਼ਾਲਸ ਬਿਊਰੋ :ਮੌਸਮ ਵਿਭਾਗ ਵੱਲੋਂ ਕੀਤੀ ਗਈ ਭਵਿੱਖਬਾਣੀ ਅਨੁਸਾਰ ਪੱਛਮੀ ਗੜਬੜੀ ਦੇ ਚਲਦਿਆਂ ਆਉਣ ਵਾਲੇ 2 ਦਿਨਾਂ ਲਈ ਪੰਜਾਬ ਵਿੱਚ ਮੌਸਮ ਇੱਕ ਵਾਰ ਫਿਰ ਬਦਲ ਸਕਦਾ ਹੈ। ਪਿਛਲੇ 8-10 ਦਿਨਾਂ ਤੋਂ ਲਗਾਤਾਰ ਤਿੱਖੀ ਧੁੱਪ ਕਾਰਣ ਲੋਕ ਠੰਡ ਤੋਂ ਰਾਹਤ ਮਹਿਸੂਸ ਕਰ ਰਹੇ ਹਨ ਪਰ ਲਗਦਾ ਹੈ ਕਿ ਇਸ ਹਫ਼ਤੇ ਲੋਕਾਂ ਨੂੰ ਠੰਢ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਮੌਸਮ ਵਿਭਾਗ ਨੇ ਭੱਵਿਖਬਾਣੀ ਕੀਤੀ ਹੈ ਕਿ ਆਉਣ ਵਾਲੇ ਇੱਕ-ਦੋ ਦਿਨਾਂ ਵਿੱਚ ਪੰਜਾਬ ਦੇ ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਨਾਲ ਬਾਰਿਸ਼ ਹੋ ਸਕਦੀ ਹੈ ਤੇ ਸੂਬੇ ਭਰ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਮੌਸਮ ਵਿਭਾਗ ਅਨੁਸਾਰ ਪੱਛਮੀ ਗੜਬੜੀ ਦੇ ਚਲਦਿਆਂ ਕਈ ਜ਼ਿਲ੍ਹਿਆਂ ਵਿੱਚ ਹਵਾ ਅਤੇ ਧੂੜ ਭਰੀ ਹਨੇਰੀ ਆ ਸਕਦੀ ਹੈ ਤੇ ਤਾਪਮਾਨ ਵੀ ਹੇਠਾਂ ਡਿੱਗ ਸਕਦਾ ਹੈ। ਸੰਭਾਵਨਾ ਹੈ ਕਿ 24 ਫਰਵਰੀ ਤੋਂ ਬਾਅਦ ਮੌਸਮ ਸਾਫ਼ ਹੋ ਜਾਵੇਗਾ।