India Khaas Lekh Khalas Tv Special Punjab

ਭਾਜਪਾ ਪਾਰਲੀਮੈਂਟ ਵਿੱਚ ਮੰਗੇਗੀ 1984 ਲਈ ਮੁਆਫ਼ੀ !

ਕਮਲਜੀਤ ਸਿੰਘ ਬਨਵੈਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿੱਖ ਸ਼ਖਸੀਅਤਾਂ ਨਾਲ ਹਫ਼ਤਾ ਪਹਿਲਾਂ ਹੋਈ ਮੀਟਿੰਗ ਨੂੰ ਭਾਰਤੀ ਜਨਤਾ ਪਾਰਟੀ ਦੀ ਸਿਆਸਤ ਨਾਲ ਜੋੜ ਕੇ ਦੇਖਿਆ ਗਿਆ ਸੀ। ਭਾਜਪਾ ਦੀ ਪੰਜਾਬ ਵਿਧਾਨ ਸਭਾ ਚੋਣਾਂ ਆਪਣੇ ਹੱਕ ਵਿੱਚ ਭੁਗਤਾਉਣ ਦਾ ਹਿੱਸਾ ਸਮਝਿਆ ਜਾਂਦਾ ਰਿਹਾ ਹੈ। ਪੱਛੜ ਕੇ ਹੀ ਸਹੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ ਤੋਂ ਪੰਜਾਬੀਆਂ ਵਿਸ਼ੇਸ਼ ਕਰਕੇ ਸਿੱਖਾਂ ਲਈ ਸੱਚ ਵਿੱਚ ਹੀ ਕੁੱਝ ਚੰਗਾ ਕਰਨ ਦੇ ਸੰਕੇਤ ਮਿਲਣ ਲੱਗੇ ਹਨ।

ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਵਾਲੇ ਵਫ਼ਦ ਵਿੱਚੋਂ ਇੱਕ ਸਿੱਖ ਸ਼ਖਸ ਦਾ ਦੱਸਣਾ ਹੈ ਕਿ ਮੁਲਾਕਾਤ ਦੌਰਾਨ 1984 ਦੇ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਅਤੇ ਸਿੱਖ ਨਸਲਕੁਸ਼ੀ ਲਈ ਪਾਰਲੀਮੈਂਟ ਵਿੱਚ ਮੁਆਫ਼ੀ ਮੰਗਣ ਉੱਤੇ ਕੋਈ ਉਜ਼ਰ ਨਹੀਂ ਦਿਖਾਈ ਸੀ। ਦੂਜੀ ਸਿੱਖਾਂ ਦੀ ਵੱਖਰੀ ਪਛਾਣ ਬਾਰੇ ਮੰਗ ਬਾਰੇ ਵੀ ਕੋਈ ਨੰਨਾ ਨਹੀਂ ਭਰਿਆ। ਭਾਜਪਾ ਵੱਲੋਂ ਮੀਟਿੰਗ ਤੋਂ ਪਹਿਲਾਂ ਹੀ ਸਿੱਖ ਬੰਦੀਆਂ ਨੂੰ ਰਿਹਾਅ ਕਰਨ ਦੇ ਦਿੱਤੇ ਜਾ ਰਹੇ ਸੰਕੇਤਾਂ ਨੂੰ ਅਮਲੀ ਰੂਪ ਦੇਣ ਦੀ ਕਾਰਵਾਈ ਚੱਲ ਰਹੀ ਹੈ। ਕਿਸੇ ਤਰ੍ਹਾਂ ਦਾ ਕੋਈ ਨਵਾਂ ਅੜਿੱਕਾ ਨਾ ਪਿਆ ਤਾਂ ਸਾਡੇ ਸੂਤਰ ਦਾਅਵਾ ਕਰਦੇ ਹਨ ਕਿ ਫਾਂਸੀ ਦੀ ਸਜ਼ਾ ਯਾਫ਼ਤਾ ਬਲਵੰਤ ਸਿੰਘ ਰਾਜੋਆਣਾ ਸਮੇਤ ਕਈ ਹੋਰ ਬੰਦੀ ਸਿੰਘਾਂ ਦਾ ਜੇਲ੍ਹਾਂ ਤੋਂ ਬਾਹਰ ਆਉਣ ਦਾ ਅਮਲ ਜਲਦ ਸ਼ੁਰੂ ਹੋ ਜਾਵੇਗਾ। ਪਰ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਾਮਲਾ ਦਿੱਲੀ ਸਰਕਾਰ ਕੋਲ ਅਟਕਿਆ ਪਿਆ ਹੈ।

ਇਹ ਵੀ ਪਤਾ ਲੱਗਾ ਹੈ ਕਿ ਸਿੱਖ ਵਫ਼ਦ ਦੇ ਮੈਂਬਰ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਮੁਲਾਕਾਤ ਦਾ ਸੱਦਾ ਭੇਜਿਆ ਗਿਆ ਸੀ, ਦੀ ਪ੍ਰਧਾਨ ਮੰਤਰੀ ਦੀ ਰਿਹਾਇਸ਼ ਵਿੱਚ ਦਾਖਲੇ ਵੇਲੇ ਕੋਈ ਤਲਾਸ਼ੀ ਨਹੀਂ ਲਈ ਗਈ ਸੀ। ਇੱਥੋਂ ਤੱਕ ਕਿ ਤਿੰਨ ਤੋਂ ਚਾਰ ਸਿੰਘ ਹਸਤੀਆਂ ਨੂੰ ਤਿੰਨ ਫੁੱਟੀ ਸ੍ਰੀ ਸਾਹਿਬ ਲਿਜਾਣ ਦੀ ਵੀ ਖੁੱਲ੍ਹ ਦਿੱਤੀ ਗਈ। ਪ੍ਰਧਾਨ ਮੰਤਰੀ ਆਪ ਵੀ ਸੁਰੱਖਿਆ ਦੇ ਘੇਰੇ ਵਿੱਚੋਂ ਬਾਹਰ ਹੋ ਕੇ ਵਿਚਰੇ। ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਅਤੇ ਸਿੱਖ ਹਸਤੀਆਂ ਵਿੱਚ ਵਨ ਟੂ ਵਨ ਜਾਣ-ਪਛਾਣ ਹੋਈ। ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਪ੍ਰਧਾਨ ਮੰਤਰੀ ਕੋਲ ਸਿੱਖਾਂ ਦੀ ਤਰਜਮਾਨੀ ਕਰਦਿਆਂ ਮਸਲੇ ਵੀ ਰੱਖੇ ਅਤੇ ਦੋਹਾਂ ਧਿਰਾਂ ਦੇ ਸੋਹਲੇ ਵੀ ਗਾਏ। ਭਾਜਪਾ ਵੱਲੋਂ ਸਿੱਖਾਂ ਲਈ ਜਤਾਏ ਜਾ ਰਹੇ ਤੇਹ ਅਤੇ ਨਰਿੰਦਰ ਮੋਦੀ ਦੇ ਸਿੱਖਾਂ ਨਾਲ ਖ਼ਾਸ ਲਗਾਅ ਹੋਣ ਦਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤਾ ਇੱਕ ਤਾਜ਼ਾ ਬਿਆਨ ਇਸੇ ਹੱਕ ਵਿੱਚ ਭੁਗਤਦਾ ਲੱਗਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਮੌਕੇ ਦਿੱਤੇ ਭਾਸ਼ਣ ਇਸੇ ਕੜੀ ਦੀ ਪਹਿਲੀ ਲੜੀ ਦਿਸਣ ਲੱਗੀ ਹੈ। ਅਮਿਤ ਸ਼ਾਹ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਬੰਦ ਕਮਰਾ ਮੀਟਿੰਗ ਖਾਸਾ ਮਹੱਤਵ ਰੱਖਦੀ ਹੈ। ਮੀਟਿੰਗ ਦੌਰਾਨ ਦੋਹਾਂ ਧਿਰਾਂ ਵੱਲੋਂ ਇੱਕ-ਦੂਜੇ ਨੂੰ ਬਖ਼ਸ਼ੇ ਮਾਣ-ਸਨਮਾਨ ਦੀਆਂ ਖ਼ਬਰਾਂ ਵੀ ਬਾਹਰ ਆਉਣ ਲੱਗੀਆਂ ਹਨ।

ਪ੍ਰਧਾਨ ਮੰਤਰੀ ਮੋਦੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਵੇਲੇ 19 ਨਵੰਬਰ ਨੂੰ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰਨ ਤੋਂ ਬਾਅਦ ਉਹ ਸਿੱਖਾਂ ਨਾਲ ਨੇੜਤਾ ਵਧਾਉਣ ਲਈ ਪਹਿਲ ਕਰਨ ਲੱਗੇ ਹਨ। ਇਹ ਪੰਜਾਬ ਅਤੇ ਵਿਦੇਸ਼ ਵਿੱਚ ਵੱਸਦੇ 25 ਲੱਖ ਸਿੱਖਾਂ ਲਈ ਇੱਕ ਸੁੱਖ ਦਾ ਸੁਨੇਹਾ ਹੈ। ਉਂਝ ਇੱਥੇ ਇਹ ਵੀ ਦੱਸਣਾ ਵਾਜਿਬ ਹੋਵੇਗਾ ਕਿ ਸਿੱਖਾਂ ਦਾ ਕੇਂਦਰ ਨਾਲ ਕਦੇ ਟਕਰਾਅ ਨਹੀਂ ਰਿਹਾ। ਉਹ ਕੇਂਦਰ ‘ਤੇ ਕਾਬਜ਼ ਸਿਆਸੀ ਪਾਰਟੀਆਂ ਨਾਲ ਟੱਕਰ ਲੈਂਦੇ ਰਹੇ ਹਨ। ਜੇ ਕੈਨੇਡਾ ਦੀ ਸਰਕਾਰ ਕਾਮਾਗਾਟਾਮਾਰੂ ਲਈ ਅਤੇ ਇੰਗਲੈਂਡ ਦੀ ਮਹਾਰਾਣੀ ਜੱਲ੍ਹਿਆਂਵਾਲੇ ਬਾਗ ਲਈ ਖਿਮਾ ਦੀ ਯਾਚਨਾ ਕਰ ਸਕਦੀ ਹੈ ਤਾਂ ਭਾਰਤ ਦੀ ਪਾਰਲੀਮੈਂਟ ਨੇ ਮੁਆਫ਼ੀ ਮੰਗ ਕੇ ਸਿੱਖਾਂ ਸਿਰ ਕੋਈ ਵੱਡਾ ਅਹਿਸਾਨ ਨਹੀਂ ਕਰ ਦੇਣਾ ਸਗੋਂ ਪੱਛੜ ਕੇ ਸਹੀ, ਕੇਂਦਰ ਸਰਕਾਰ ਸਹੀ ਪਾਸੇ ਤੁਰਨ ਲੱਗੀ ਹੈ।

‘ਦ ਖ਼ਾਲਸ ਟੀਵੀ ਦੇ ਆਲਾ ਮਿਆਰੀ ਸੂਤਰਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਖ਼ਬਰ ਪਰਪੱਖ ਹੋਣ ਦੀ ਪੁਸ਼ਟੀ ਕੀਤੀ ਹੈ।

ਸੰਪਰਕ : 98147 34035