ਨਵਾਂ ਸ਼ਹਿਰ : ਮੁੱਖ ਮੰਤਰੀ ਭਗਵੰਤ ਮਾਨ ( Chief Minister Bhagwant Singh Mann ) ਅੱਜ ਨਵਾਂਸ਼ਹਿਰ ਦੇ ਦੌਰੇ ‘ਤੇ ਹਨ। ਇੱਥੇ ਉਹ ਪਿੰਡ ਚਾਂਦਪੁਰ ਰੁੜਕੀ ਵਿੱਚ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੇ ਬੁੱਤ ਦਾ ਉਦਘਾਟਨ ਕਰਨ ਪਹੁੰਚੇ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੇਸ਼ ਦੇ ਫੌਜੀ ਜਵਾਨਾਂ ਦੀ ਜ਼ਿਕਰ ਕਰਦਿਆਂ ਕਿਹਾ ਕਿ ਜਿਸ ਵਖ਼ਤ ਅਸੀਂ ਆਪਣੀ ਜਿੰਦਗੀ ਦਾ ਅਨੰਦ ਮਾਣ ਰਹੇ ਹੁੰਦੇ ਹਾਂ ਉਸ ਵੇਲੇ ਦੇਸ਼ ਦੀਆਂ ਸਰਹੱਦਾਂ ‘ਤੇ ਸਾਡੀ ਰੱਖਿਆ ਲਈ ਫੌਜੀ ਤਾਇਨਾਤ ਹੁੰਦੇ ਨੇ।
ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੀ ਬਹਾਦੁਰੀ ਨੂੰ ਯਾਦ ਕਰਦਿਆਂ ਮਾਨ ਨੇ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਕੁਲਦੀਪ ਸਿੰਘ ਚਾਂਦਪੁਰੀ ਨੂੰ ਲੌਂਗੇਵਾਲਾ ਮੋਰਚੇ ‘ਤੇ ਹੋਈ ਲੜਾਈ ਦਾ ਹੀਰੋ ਮੰਨਿਆ ਜਾਂਦਾ ਹਨ। ਪਾਕਿਸਤਾਨੀ ਥਲ ਸੈਨਾ ਦੇ 51ਵੇਂ ਬ੍ਰਿਗੇਡ ਦੇ 3,000 ਫ਼ੌਜੀਆਂ ਨੇ ਹਮਲਾ ਬੋਲ ਦਿੱਤਾ ਸੀ।
ਉਨ੍ਹਾਂ ਨਾਲ 22ਵੀਂ ਹਥਿਆਰਬੰਦ ਰੈਜਿਮੈਂਟ ਦੇ ਫ਼ੌਜੀ ਵੀ ਸਨ ਪਰ ਇੱਧਰ ਬ੍ਰਿਗੇਡੀਅਰ ਕੁਲਦੀਪ ਸਿੰਘ ਚੰਦਪੁਰੀ ਹੁਰਾਂ ਕੋਲ ਸਿਰਫ਼ 120 ਵਿਅਕਤੀ ਸਨ ਤੇ ਉਨ੍ਹਾਂ ਸਭਨਾਂ ਨੇ ਆਪਣੇ ਸਾਹਮਣੇ ਮੌਜੂਦ ਦੁਸ਼ਮਣ ਦੀ ਫ਼ੌਜ ਦੇ ਹਜ਼ਾਰਾਂ ਫ਼ੌਜੀਆਂ ਨੂੰ ਜ਼ਬਰਦਸਤ ਟੱਕਰ ਦਿੱਤੀ ਸੀ। ਬ੍ਰਿਗੇਡੀਅਰ ਚਾਂਦਪੁਰੀ, ਉਨ੍ਹਾਂ ਦੇ ਬਹਾਦਰ ਸਾਥੀ ਫ਼ੌਜੀ ਜਵਾਨਾਂ ਤੇ ਹੋਰ ਭਾਰਤੀ ਪਲਟਣਾਂ ਦੀ ਉਸ ਵੀਰਤਾ ਸਦਕਾ ਹੀ ਭਾਰਤ ਨੇ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਹਰਾਇਆ ਸੀ। ਉਸ ਤੋਂ ਪਹਿਲਾਂ 1965 ‘ਚ ਪਾਕਿਸਤਾਨ ਨਾਲ ਹੋਈ ਜੰਗ ਵਿੱਚ ਵੀ ਉਨ੍ਹਾਂ ਆਪਣੀ ਬਹਾਦਰੀ ਦੇ ਜੌਹਰ ਵਿਖਾਏ ਸਨ।
ਉਨਾਂ ਨੇ ਕਿਹਾ ਕਿ ਅੱਜ ਦੇਸ਼ ਜਿਸ ਮੁਕਾਮ ‘ਤੇ ਹੈ ਜਾਂ ਅਸੀਂ ਅੱਜ ਆਪਣੀ ਆਜ਼ਾਦੀ ਨੂੰ ਮਾਣ ਰਹੇ ਹਾਂ ਤਾਂ ਉਹ ਸਿਰਫ ਉਨ੍ਹਾਂ ਸ਼ਹੀਦਾਂ ਦੀ ਵਜ੍ਹਾ ਕਰਕੇ ਜਿਨਾਂ ਨੇ ਦੇਸ਼ ਦੇ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ। ਇਸ ਕਰਕੇ ਉਨ੍ਹਾਂ ਸ਼ਹੀਦਾਂ ਨੂੰ ਯਾਦ ਰੱਖਣਾ ਬਹੁਤ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਸੰਵਿਧਾਨ ਸਾਰਿਆਂ ਨੂੰ ਬਰਾਬਰਤਾ ਦਾ ਸੰਦੇਸ਼ ਦਿੰਦਾ ਹੈ।
ਉਨ੍ਹਾਂ ਭਗਤ ਸਿੰਘ ਦੀ ਕੁਰਬਾਨੀ ਦੀ ਮਿਸਾਲ ਦਿੰਦਿਆਂ ਕਿਹਾ ਕਿ ਮਨੁੱਖ ਆਪਣੇ ਸਾਲਾਂ ਤੋਂ ਨਹੀਂ, ਸਗੋਂ ਆਪਣੇ ਵਿਚਾਰਾਂ ਕਰਕੇ ਮਹਾਨ ਬਣਦਾ ਹੈ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਦੇਸ਼ ਦੀ ਰੱਖਿਆ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ ਅਤੇ ਅੱਗੇ ਵੀ ਦੇਸ਼ ਲਈ ਕੁਰਬਾਨੀਆਂ ਦਿੰਦੇ ਰਹਿਣਗੇ। ਮੁੱਖ ਮੰਤਰੀ ਮਾਨ ਨੇ ਪਿਛਲੀਆਂ ਸਰਕਾਰਾਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੇਸ਼ ਨੂੰ ਆਜ਼ਾਦੀ ਮਿਲੇ ਨੂੰ 75 ਸਾਲ ਹੋ ਗਏ ਹਨ ਪਰ ਸਰਕਾਰਾਂ ਦੀਆਂ ਨਾਕਾਮੀਆਂ ਕਾਰਨ ਅਸੀਂ ਹਾਲੇ ਨਾਲਿਆਂ ਅਤੇ ਸੜਕਾਂ ‘ਤੇ ਹੀ ਖੜ੍ਹੇ ਹਾਂ ਕਿਉਂਕਿ ਸਰਕਾਰਾਂ ਨੇ ਆਮ ਲੋਕਾਂ ਦਾ ਧਿਆਨ ਇੰਨਾ ਮੁੱਦਿਆਂ ਤੋਂ ਹੱਟਣ ਹੀ ਨਹੀਂ ਦਿੱਤਾ।
ਮਾਨ ਨੇ ਕਿਹਾ ਕਿ ਦਿੱਲੀ ਵਿੱਚ ਜੋ ਚੰਗੇ ਕੰਮ ਹੋਏ ਹਨ, ਪੰਜਾਬ ਵਿੱਚ ਵੀ ਉਹੀ ਕੰਮ ਤੇਜ਼ੀ ਨਾਲ ਹੋਣਗੇ। ਹੁਣ ਤੱਕ ਪੰਜਾਬ ਦੀ ਰਾਜਨੀਤੀ ਕੁਝ ਪਰਿਵਾਰਾਂ ਦੇ ਹੱਥ ਵਿੱਚ ਗਿਰਵੀ ਰੱਖੀ ਹੋਈ ਸੀ। ਪਾਰਟੀਆਂ ਨੇ ਆਪਸ ਵਿੱਚ ਮਿਲ ਕੇ ਪੰਜਾਬ ਨੂੰ ਲੁੱਟ ਕੇ ਖਾ ਲਿਆ ਸੀ।
ਭ੍ਰਿਸ਼ਟਾਚਾਰ ਮਾਮਲਿਆਂ ਤੇ ਕਾਰਵਾਈ ਕਰਦਿਆਂ ਉਹਨਾਂ ਕਿਹਾ ਕਿ ਆਪ ਸਰਕਾਰ ਭ੍ਰਿਸ਼ਟਾਚਾਰ ਮਾਮਲਿਆਂ ਨੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ ।ਮੁੱਖ ਮੰਤਰੀ ਮਾਨ ਨੇ ਰਵਾਇਤੀ ਪਾਰਟੀਆਂ ‘ਤੇ ਨਿਸ਼ਾਨੇ ਲਾਉਦਿਆਂ ਕਿਹਾ ਕਿ ਜਿਸ ਨੇ ਵੀ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਚੋਂ ਪੈਸਾ ਲੁੱ ਟਿਆ ਹੈ ਉਸਦਾ ਵੀ ਹਾਲੇ ਹਿਸਾਬ ਲੈਣਾ ਬਾਕੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਜੋ ਪੈਸਾ ਆਮ ਲੋਕਾਂ ਤੋਂ ਲੁੱ ਟਿਆ ਹੈ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮੁੜ ਤੋਂ ਉਸ ਪੈਸੇ ਨੂੰ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਤੱਕ ਪਹੁੰਚਾਏਗੀ। ਮਾਨ ਨੇ ਇਹ ਵੀ ਕਿਹਾ ਕਿ ਆਮ ਲੋਕਾਂ ਤੋਂ ਲੁੱ ਟਿਆ ਹੋਇਆ ਪੈਸਾ ਅਤੇ ਪਾਰਟੀਆਂ ਦੀ ਜੇਬ ਵਿਚ ਜਾਣ ਵਾਲਾ ਪੈਸਾ ਹੁਣ ਸਰਕਾਰੀ ਖਜ਼ਾਨੇ ’ਚ ਜਾਵੇਗਾ ਜੋ ਕਿ ਆਮ ਲੋਕਾਂ ਦੇ ਲਈ ਵਰਤਿਆ ਜਾਵੇਗਾ।