Punjab

ਇਸ ਗਲਤੀ ਦੀ ਵਲਟੋਹਾ ਨੇ ਸ੍ਰੀ ਅਕਾਲ ਤਖ਼ਤ ਤੋਂ ਮੰਗੀ ਮੁਆਫੀ,ਕੀ ਹੁਣ ਸੁਖਬੀਰ ਤੇ ਹੋਰ ਆਗੂ ਮੰਗਣਗੇ ?

ਵਿਰਸਾ ਸਿੰਘ ਵਲਟੋਹਾ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨ ਹਰਪ੍ਰੀਤ ਸਿੰਘ ਨੂੰ ਚਿੱਠੀ ਲਿਖ ਕੇ ਮੁਆਫੀ ਮੰਗੀ

ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਸੀਨਿਅਰ ਆਗੂ ਅਤੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਚਿੱਠੀ ਲਿਖ ਕੇ ਮੁਆਫੀ ਮੰਗੀ ਹੈ । ਉਨ੍ਹਾਂ ਨੇ ਕਿਹਾ ਪੰਥ ਤੋਂ ਛੇਕੇ ਗਏ ਸਪੋਕਸਮੈਨ ਚੈੱਨਲ ਦੇ ਮਾਲਕ ਜੋਗਿੰਦਰ ਸਿੰਘ ਦੇ ਸ਼ੋਸ਼ਲ ਮੀਡੀਆ ਪਲੇਟਫਾਰਮ ‘ਤੇ ਉਨ੍ਹਾਂ ਵੱਲੋਂ ਇੰਟਰਵਿਊ ਦਿੱਤੀ ਗਈ ਸੀ ।

ਜਿਸ ਦੇ ਲਈ ਉਹ ਪੰਥ ਤੋਂ ਮੁਆਫੀ ਮੰਗ ਦੇ ਹਨ। ਵਿਰਸਾ ਸਿੰਘ ਵਲਟੋਹਾ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ, ਆਪ ਅਤੇ ਕਾਂਗਰਸ ਦੇ ਕਈ ਸਿੱਖ ਆਗੂਆਂ ਵੱਲੋਂ ਇਸ ਹੁਕਮਨਾਮੇ ਦੀ ਉਲੰਘਣਾ ਹੋਈ ਹੈ।

ਵਲਟੋਹਾ ਦੇ ਇਸ ਬਿਆਨ ਤੋਂ ਬਾਅਦ ਚਰਚਾਵਾਂ ਨੇ ਜ਼ੋਰ ਫੜ ਲਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਕਾਂਗਰਸ ਅਤੇ ਆਪ ਦੇ ਸਿੱਖ ਆਗੂ ਸ੍ਰੀ ਅਕਾਲ ਤਖ਼ਤ ਤੋਂ ਮੁਆਫੀ ਮੰਗਣਗੇ ਅਤੇ ਸਪੋਕਸਮੈਨ ਚੈੱਨਲ ਦਾ ਬਾਇਕਾਟ ਕਰਨਗੇ।

ਸੁਖਬੀਰ ਬਾਦਲ ਨੇ ਵੀ ਦਿੱਤਾ ਸੀ ਇੰਟਰਵਿਊ

2022 ਦੀਆਂ ਚੋਣਾਂ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਸਪੋਕਸਮੈਨ ਦੇ ਸੋਸ਼ਲ ਮੀਡੀਆ ਚੈੱਨਲ ਨੂੰ ਇੰਟਰਵਿਊ ਦਿੱਤਾ ਸੀ। ਕੀ ਵਲਟੋਹਾ ਤੋਂ ਬਾਅਦ ਹੁਣ ਉਹ ਵੀ ਇਸ ਦੇ ਲਈ ਸ੍ਰੀ ਅਕਾਲ ਤਖ਼ਤ ਤੋਂ ਮੁਆਫੀ ਮੰਗਣਗੇ। ਇਸ ਤੋਂ ਇਲਾਵਾ ਅਕਾਲੀ ਦਲ,ਕਾਂਗਰਸ ਅਤੇ ਆਪ ਦੇ ਕਈ ਦਿੱਗਜ ਆਗੂਆਂ ਦੀ ਇੰਟਰਵਿਊ ਵੀ ਸਪੋਕਸਮੈਨ ਚੈੱਨਲ ‘ਤੇ ਪ੍ਰਸਾਰਤ ਹੋਈ ਸੀ ।

ਕੀ ਉਹ ਆਗੂ ਵੀ ਹੁਣ ਮੁਆਫੀ ਮੰਗਣ ਲਈ ਅੱਗੇ ਆਉਣਗੇ, ਪਰ ਵੱਡਾ ਸਵਾਲ ਇਹ ਹੈ ਕਿ ਵਿਰਸਾ ਸਿੰਘ ਵਲਟੋਹਾ ਵੱਲੋਂ ਹੁਣ ਕਿਉਂ ਆਖਿਰ ਮੁਆਫੀ ਮੰਗੀ ਜਾ ਰਹੀ ਹੈ। ਕੀ ਇਸ ਦੇ ਪਿੱਛੇ ਕੋਈ ਸਿਆਸੀ ਕਾਰਨ ਹੈ ? ਕਿਉਂਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਿੰਨਾਂ ਸਿੱਖ ਆਗੂਆਂ ਨੇ ਸੌਧਾ ਸਾਧ ਦੇ ਡੇਰੇ ਜਾਣ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਮੁਆਫੀ ਮੰਗੀ ਸੀ। ਉਹ ਸਾਰੇ ਆਗੂ 2022 ਦੀਆਂ ਚੋਣਾਂ ਦੌਰਾਨ ਮੁੜ ਤੋਂ ਡੇਰੇ ਵੋਟਾਂ ਮੰਗਣ ਲਈ ਪਹੁੰਚੇ ਸਨ। ਕੀ ਅਕਾਲੀ ਦਲ ਅਤੇ ਸਪੋਕਸਮੈਨ ਦੇ ਆਪਸੀ ਮਤਭੇਦ ਦੀ ਵਜ੍ਹਾਂ ਕਰਕੇ ਸਪੋਕਸਮੈਨ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ? ਕੀ ਇਹ ਜਾਇਜ਼ ਹੈ ?

ਜੋਗਿੰਦਰ ਸਿੰਘ ਨੂੰ ਇਸ ਵਜ੍ਹਾਂ ਨਾਲ ਪੰਥ ਤੋਂ ਛੇਕਿਆ ਸੀ

ਵਿਰਸਾ ਸਿੰਘ ਵਲਟੋਹਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖੇ ਪੱਤਰ ਵਿੱਚ ਲਿਖਿਆ ਹੈ ਕਿ 2004 ਵਿੱਚ ਤਤਕਾਲੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਸਿੱਖ ਸਿਧਾਂਤਾ ਦੇ ਉਲਟ ਬਿਆਨਬਾਜ਼ੀਆਂ ਕਰਨ ‘ਤੇ ਸਪੋਕਸਮੈਨ ਦੇ ਐਡੀਟਰ ਜੋਗਿੰਦਰ ਸਿੰਘ ਨੂੰ ਦੋ ਸ਼ੀ ਮੰਨਿਆ ਸੀ ਅਤੇ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ , ਪਰ ਜੋਗਿੰਦਰ ਸਿੰਘ ਨੇ ਪੇਸ਼ ਹੋਣ ਦੀ ਥਾਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਇਸ ਦੇ ਖਿਲਾਫ਼ ਪਟੀਸ਼ਨ ਪਾ ਦਿੱਤੀ ਸੀ। ਜਿਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੇ ਉਨ੍ਹਾਂ ਨੂੰ ਪੰਥ ਤੋਂ ਛੇਕਣ ਦਾ ਹੁਕਮਨਾਮਾ ਜਾਰੀ ਕੀਤਾ ਸੀ। ਸਪੋਕਸਮੈਨ ਦੇ ਐਡੀਟਰ ਜੋਗਿੰਦਰ ਸਿੰਘ ‘ਤੇ ਇਲ ਜ਼ਾਮ ਸੀ ਕਿ ਉਨ੍ਹਾਂ ਨੇ ਸਿੱਖੀ ਦੇ ਮੁੱਢਲੇ ਸਿਧਾਂਤ ਨਿਤਨੇਮ,ਅੰਮ੍ਰਿਤ ਸੰਚਾਰ ਦੀਆਂ ਬਾਣੀਆਂ,ਸਿੱਖ ਇਤਿਹਾਸ, ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਲੈ ਕੇ ਲਿਖਤਾਂ ਪ੍ਰਕਾਸ਼ਤ ਕੀਤੀਆਂ ਸਨ ,ਜਿਸ ਦੇ ਲਈ ਉਨ੍ਹਾਂ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਸੀ।

ਸ਼੍ਰੋਮਣੀ ਅਕਾਲੀ ਦਲ ਦੇ ਸੀਨਿਅਰ ਆਗੂ ਅਤੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ