India Punjab

ਵਾਇਰੋਲੌਜਿਸਟ ਗਗਨਦੀਪ ਕੰਗ ਨੇ ਮਈ ਮਹੀਨੇ ਦੇ ਅਖੀਰ ਤੱਕ ਕਰੋਨਾਵਾਇਰਸ ਖਤਮ ਹੋਣ ਦੀ ਜਤਾਈ ਉਮੀਦ

‘ਦ ਖ਼ਾਲਸ ਬਿਊਰੋ :- ਪੰਜਾਬ ਸਰਕਾਰ ਦੇ ਕਰੋਨਾ ਮਹਾਂਮਰੀ ਸਬੰਧੀ ਸਲਾਹਕਾਰ ਅਤੇ ਉੱਘੇ ਵਾਇਰੋਲੌਜਿਸਟ ਗਗਨਦੀਪ ਕੰਗ ਨੇ ਦੇਸ਼ ਵਿੱਚ ਮਈ ਮਹੀਨੇ ਦੇ ਅਖ਼ੀਰ ਤੱਕ ਕੋਵਿਡ-19 ਦੀ ਦੂਜੀ ਲਹਿਰ ਦਾ ਅਸਰ ਘੱਟ ਹੋਣ ਦੀ ਉਮੀਦ ਜਤਾਈ ਹੈ। ਉਨ੍ਹਾਂ ਨੇ ਕਿਹਾ ਕਿ ”ਜਿਸ ਤਰ੍ਹਾਂ ਦੇ ਮਾਡਲ ਅਸੀਂ ਦੇਖ ਰਹੇ ਹਾਂ, ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਈ ਦੇ ਮੱਧ ਤੋਂ ਲੈ ਕੇ ਅੰਤ ਤੱਕ ਕਰੋਨਾ ਦਾ ਪ੍ਰਭਾਵ ਘੱਟ ਹੋਣ ਲੱਗੇਗਾ। ਕੁੱਝ ਮਾਡਲਜ਼ ਨੂੰ ਦੇਖਦੇ ਹੋਏ ਇਹ ਵੀ ਸੰਭਵ ਹੈ ਕਿ ਜੂਨ ਦੀ ਸ਼ੁਰੂਆਤ ਵਿੱਚ ਮਾਮਲੇ ਘੱਟ ਹੋਣ ਲੱਗ ਜਾਣ। ਪਰ ਜੋ ਸਾਨੂੰ ਫਿਲਹਾਲ ਨਜ਼ਰ ਆ ਰਿਹਾ ਹੈ, ਉਸ ਦੇ ਆਧਾਰ ‘ਤੇ ਮਈ ਦੇ ਅਖੀਰ ਤੱਕ ਅਜਿਹਾ ਹੋਣ ਦੀ ਵਧੇਰੇ ਸੰਭਾਵਨਾ ਹੈ।”

ਉਨ੍ਹਾਂ ਕਿਹਾ ਕਿ ਵੈਕਸੀਨ ਹਰ ਹਾਲ ਵਿੱਚ ਵਧੀਆ ਹੈ। ਵੈਕਸੀਨ ਬੀਮਾਰੀਆਂ ਤੋਂ ਬਚਾਉਂਦੀ ਹੈ, ਇਹ ਬੀਮਰੀ ਤੋਂ ਸੁਰੱਖਿਆ ਤਾਂ ਦਿੰਦੀ ਹੀ ਹੈ, ਇਸਦੇ ਨਾਲ ਹੀ ਲਾਗ ਤੋਂ ਵੀ ਬਚਾਉਂਦੀ ਹੈ। ਜੇ ਤੁਸੀਂ ਲਾਗ ਤੋਂ ਬਚੇ ਤਾਂ ਤੁਸੀਂ ਇਸ ਨੂੰ ਹੋਰਾਂ ਤੱਕ ਪਹੁੰਚਾ ਵੀ ਨਹੀਂ ਸਕਦੇ। ਇਸ ਲਈ ਵੈਕਸੀਨ ਹਮੇਸ਼ਾਂ ਬੀਮਾਰੀਆਂ ਦੇ ਖ਼ਿਲਾਫ਼ ਬਹੁਤ ਚੰਗਾ ਕੰਮ ਕਰਦੀ ਹੈ।’ ਉਨ੍ਹਾਂ ਕਿਹਾ ਕਿ ਵੈਕਸੀਨ ਲਾਗ ਨੂੰ ਰੋਕ ਨਹੀਂ ਸਕਦੀ ਪਰ ਇਸ ਨੂੰ ਘਟਾ ਜ਼ਰੂਰ ਸਕਦੀ ਹੈ।

ਕੌਣ ਹਨ ਗਗਨਦੀਪ ਕੰਗ ?

ਗਗਨਦੀਪ ਕੰਗ ਭਾਰਤ ਦੇ ਪਹਿਲੇ ਔਰਤ ਵਿਗਿਆਨੀ ਹਨ, ਜਿਨ੍ਹਾਂ ਨੂੰ ਰੌਇਲ ਸੋਸਾਇਟੀ ਦੇ ਫ਼ੈਲੋ ਵਜੋਂ ਚੁਣਿਆ ਗਿਆ ਹੈ। ਉਹ ਵਾਇਰਸ ਅਤੇ ਬੈਕਟੀਰਿਆ ਨਾਲ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਕੀਤੇ ਗਏ ਇੰਟਰ-ਡਿਸਿਪਲਿਨਰੀ ਰਿਸਰਚ ਲਈ ਜਾਣੇ ਜਾਂਦੇ ਹਨ। ਉਹ ਇਸ ਸਮੇਂ ਪੰਜਾਬ ਅਤੇ ਆਂਧਰਾ ਪ੍ਰਦੇਸ਼ ਸਰਕਾਰ ਦੇ ਨਾਲ ਬਤੌਰ ਸਲਾਹਕਾਰ ਜੁੜੇ ਹੋਏ ਹਨ ਅਤੇ ਕਰੋਨਾ ਮਹਾਂਮਾਰੀ ਨਾਲ ਨਜਿੱਠਣ ਵਿੱਚ ਸੂਬਿਆਂ ਦੀ ਮਦਦ ਕਰ ਰਹੇ ਹਨ।