India Punjab

ਕਿਸਾਨ ਲੀਡਰਾਂ ਨੇ ਕਿਸਾਨੀ ਹਮਾਇਤ ਵਾਲੇ ਸੋਸ਼ਲ ਅਕਾਊਂਟ ਬੰਦ ਕਰਨ ‘ਤੇ ਸਰਕਾਰ ਨੂੰ ਪਾਈ ਝਾੜ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰਾਂ ਨੇ ਮੌਜੂਦਾ ਕਿਸਾਨ ਲਹਿਰ ਦੀ ਕਵਰੇਜ ਕਰ ਰਹੇ ਸੋਸ਼ਲ ਮੀਡੀਆ ਅਕਾਊਂਟ ਨੂੰ ਬੰਦ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਇਸਦਾ ਵਿਰੋਧ ਕੀਤਾ। ਕਿਸਾਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਰਕਾਰ ਨੇ ਕਿਸਾਨ ਏਕਤਾ ਮੋਰਚਾ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਪੇਜ ਬੰਦ ਕੀਤੇ ਸਨ। ਇਸ ਤੋਂ ਬਾਅਦ ਅੰਦੋਲਨ ਨਾਲ ਜੁੜੇ ਹੋਰ ਸੁਤੰਤਰ ਪੇਜਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ। ਸਰਕਾਰ ਨੇ ਮੋਰਚੇ ‘ਤੇ ਇੰਟਰਨੈੱਟ ‘ਤੇ ਪਾਬੰਦੀ ਲਗਾ ਕੇ ਇੱਕਪਾਸੜ ਏਜੰਡਾ ਵੀ ਫੈਲਾਇਆ ਸੀ।

ਹੁਣ ਕਿਹੜਾ ਅਕਾਊਂਟ ਹੋਇਆ ਬੰਦ

ਕਿਸਾਨ ਲੀਡਰਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੱਲ੍ਹ ਅਮਨਬਾਲੀ ਟਵਿੱਟਰ ਹੈਂਡਲ ਨੂੰ ਭਾਰਤ ਸਰਕਾਰ ਦੇ ਦਬਾਵ ਹੇਠ ਬੰਦ ਕਰ ਦਿੱਤਾ ਗਿਆ ਸੀ। ਇਹ ਅਕਾਊਂਟ ਕਿਸਾਨ ਮੋਰਚੇ ਵਿੱਚ ਸ਼ਹੀਦਾਂ ਦੀ ਜਾਣਕਾਰੀ ਸਮੇਤ ਕਿਸਾਨ ਅੰਦੋਲਨ ਨਾਲ ਸਬੰਧਤ ਹਰ ਛੋਟੀ-ਵੱਡੀ ਜਾਣਕਾਰੀ ਲੋਕਾਂ ਨਾਲ ਸਾਂਝਾ ਕਰ ਰਿਹਾ ਹੈ ਅਤੇ ਕਰੋਨਾ ਵਾਇਰਸ ਸੰਬਧੀ ਜ਼ਰੂਰੀ ਸਹਾਇਤਾ ਵੀ ਕਰ ਰਿਹਾ ਹੈ। ਖਾਲਸਾ ਏਡ, ਜੋ ਕਿਸਾਨ ਅੰਦੋਲਨ ਵਿੱਚ ਲਗਾਤਾਰ ਸੇਵਾ ਕਰ ਰਹੀ ਹੈ ਅਤੇ ਕਰੋਨਾ ਮਹਾਂਮਾਰੀ ਵਿੱਚ ਆਮ ਲੋਕਾਂ ਦੀ ਮਦਦ ਕਰ ਰਹੀ ਹੈ, ਉਨ੍ਹਾਂ ਦੇ ਮੁਖੀ ਰਵੀ ਸਿੰਘ ਦਾ ਫੇਸਬੁੱਕ ਅਕਾਊਂਟ ਵੀ ਬੰਦ ਕਰ ਦਿੱਤਾ ਗਿਆ ਹੈ। ਕਿਸਾਨ ਲੀਡਰਾਂ ਨੇ ਇਸਦਾ ਵਿਰੋਧ ਕਰਦਿਆਂ ਇਨ੍ਹਾਂ ਖਾਤਿਆਂ ਨੂੰ ਮੁੜ ਤੋਂ ਐਕਟਿਵ ਕਰਨ ਦੀ ਮੰਗ ਕੀਤੀ।

ਕਿਸਾਨ ਲੀਡਰਾਂ ਨੇ ਕਿਹਾ ਕਿ ਵਾਢੀ ਦਾ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਕਿਸਾਨ ਵਾਪਸ ਦਿੱਲੀ ਦੇ ਮੋਰਚਿਆਂ ‘ਤੇ ਪਹੁੰਚਣੇ ਸ਼ੁਰੂ ਹੋ ਗਏ ਹਨ। ਅੱਜ ਸਿੰਘੂ ਬਾਰਡਰ ‘ਤੇ ਟਰੈਕਟਰ-ਟਰਾਲੀਆਂ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਪਹੁੰਚੇ ਹਨ। ਕਿਸਾਨ ਲੀਡਰਾਂ ਨੇ ਦੇਸ਼ ਦੇ ਸਾਬਕਾ ਖੇਤੀਬਾੜੀ ਮੰਤਰੀ ਅਤੇ ਕਿਸਾਨ ਲੀਡਰ ਚੌਧਰੀ ਅਜੀਤ ਸਿੰਘ ਦੀ ਮੌਤ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।