‘ਦ ਖ਼ਾਲਸ ਬਿਊਰੋ : ਕ੍ਰਿਕਟ ਦੇ ਮੈਦਾਨ ਵਿੱਚ ਕਈ ਰਿਕਾਰਡ ਬਣਾਉਣ ਵਾਲੇ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਦੀ ਸੋਸ਼ਲ ਮੀਡੀਆ ਤੋਂ ਹੋਣ ਵਾਲੀ ਕਮਾਈ ਤੁਹਾਨੂੰ ਸਭ ਨੂੰ ਹੈਰਾਨ ਕਰ ਦੇਵੇਗੀ। ਵਿਰਾਟ ਕੋਹਲੀ ਦੀ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਵਿੱਚ ਹੋਣ ਵਾਲੀ ਕਮਾਈ ਵੱਧ ਗਈ ਹੈ। Hopper HQ ਦੀ ਇੱਕ ਰਿਪੋਰਟ ਦੇ ਮੁਤਾਬਕ ਵਿਰਾਟ ਕੋਹਲੀ ਹੁਣ ਇੱਕ ਇੰਸਟਾਗ੍ਰਾਮ ਪੋਸਟ ਉੱਤੇ 8 ਕਰੋੜ ਰੁਪਏ ਕਮਾਉਂਦੇ ਹਨ। ਉਨ੍ਹਾਂ ਦੇ ਇੰਸਟਾਗ੍ਰਾਮ ਉੱਤੇ 21 ਕਰੋੜ ਤੋਂ ਵੱਧ ਫੋਲੋਅਰਜ਼ ਹਨ।
ਵਿਰਾਟ ਕੋਹਲੀ ਇੰਸਟਾਗ੍ਰਾਮ ‘ਤੇ ਦੁਨੀਆ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਮਸ਼ਹੂਰ ਹਸਤੀਆਂ ਦੀ ਸੂਚੀ ਵਿੱਚ 14ਵੇਂ ਸਥਾਨ ‘ਤੇ ਹਨ। ਸੂਚੀ ਵਿੱਚ ਚੋਟੀ ਦੇ 15 ਨਾਮਾਂ ਵਿੱਚ ਸ਼ਾਮਲ ਹੋਣ ਵਾਲੇ ਉਹ ਇਕਲੌਤੇ ਭਾਰਤੀ ਹਨ। ਵਿਰਾਟ ਕੋਹਲੀ ਕਈ ਬ੍ਰਾਂਡਾਂ ਦਾ ਪ੍ਰਚਾਰ ਕਰਦੇ ਹਨ। ਇਸ ਤੋਂ ਇਲਾਵਾ ਉਹ ਆਪਣੀ ਕੰਪਨੀ ਵੀ ਚਲਾਉਂਦੇ ਹਨ, ਜੋ ਜੁੱਤੀਆਂ-ਕੱਪੜੇ ਅਤੇ ਪਰਫਿਊਮ ਵੀ ਬਣਾਉਂਦੀ ਹੈ। ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਕ੍ਰਿਕਟ ਕਰੀਅਰ ਵਿੱਚ ਹੁਣ ਤੱਕ ਕਈ ਵੱਡੇ ਮੀਲ ਪੱਥਰ ਹਾਸਲ ਕੀਤੇ ਹਨ। ਵਿਰਾਟ ਕੋਹਲੀ ਨੂੰ ਆਪਣਾ ਆਈਡਲ ਮੰਨਣ ਵਾਲੇ ਲੋਕਾਂ ਦੀ ਕਮੀ ਨਹੀਂ ਹੈ। ਉਹ ਸੋਸ਼ਲ ਮੀਡੀਆ ‘ਤੇ ਵੀ ਸੁਪਰਹਿੱਟ ਹੈ।
ਵਿਰਾਟ ਕੋਹਲੀ ਇੰਸਟਾਗ੍ਰਾਮ ‘ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਖਿਡਾਰੀਆਂ ਵਿੱਚੋਂ ਇੱਕ ਹਨ। ਉਹ ਕ੍ਰਿਕਟਰਾਂ ਦੀ ਸੂਚੀ ‘ਚ ਸਭ ਤੋਂ ਉੱਪਰ ਹੈ। ਸਮੁੱਚੇ ਖਿਡਾਰੀਆਂ ਦੀ ਸੂਚੀ ਵਿਚ ਉਹ ਚੌਥੇ ਨੰਬਰ ‘ਤੇ ਹੈ। ਉਸ ਤੋਂ ਉੱਪਰ ਕ੍ਰਿਸਟੀਆਨੋ ਰੋਨਾਲਡੋ, ਲਿਓਨੇਲ ਮੇਸੀ ਅਤੇ ਨੇਮਾਰ ਹਨ। ਵਿਰਾਟ ਕੋਹਲੀ ਫਿਲਹਾਲ ਟੀਮ ਇੰਡੀਆ ਦੇ ਨਾਲ ਹਨ, ਜੋ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ‘ਚ ਰੁੱਝੀ ਹੋਈ ਹੈ।