ਬਿਉਰੋ ਰਿਪੋਰਟ – ਜਲੰਧਰ ਲੋਕਸਭਾ ਸੀਟ (Lok Sabha Election 2024) ‘ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਹੁਣ ਕਾਂਗਰਸ ਨੇ ਚੌਧਰੀ ਖ਼ਾਨਦਾਨ ਦੀ ਨਾਰਾਜ਼ਗੀ ਦਾ ਹੱਲ ਵੀ ਲੱਭ ਲਿਆ ਹੈ। ਪਾਰਟੀ ਵਿੱਚ ਚੌਧਰੀ ਖ਼ਾਨਦਾਨ ਨੂੰ ਹੁਸ਼ਿਆਰਪੁਰ ਸ਼ਿਫਟ ਕਰਨ ਦੀ ਚਰਚਾ ਹੈ। ਰਾਜਕੁਮਾਰ ਚੱਬੇਵਾਲ ਦੇ ਆਮ ਆਦਮੀ ਪਾਰਟੀ ਵਿੱਚ ਜਾਣ ਤੋਂ ਬਾਅਦ ਕਾਂਗਰਸ ਕੋਲ ਹੁਸ਼ਿਆਰਪੁਰ ਤੋਂ ਕੋਈ ਉਮੀਦਵਾਰ ਨਹੀਂ ਹੈ। ਇਸੇ ਲਈ ਚੌਧਰੀ ਪਰਿਵਾਰ ਨੂੰ ਹੁਸ਼ਿਆਰਪੁਰ ਦੀ ਸੀਟ ਦਿੱਤੀ ਜਾ ਸਕਦੀ ਹੈ।
ਸੰਤੋਖ ਚੌਧਰੀ ਪਰਿਵਾਰ ਦਾ ਐੱਸਸੀ ਭਾਈਚਾਰੇ ਵਿੱਚ ਚੰਗਾ ਅਧਾਰ ਹੈ। ਪਾਰਟੀ ਪਰਿਵਾਰ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ, ਕਿਉਂਕਿ ਇਸ ਨਾਲ ਜਲੰਧਰ ਵਿੱਚ ਵੀ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ। ਇਸ ਦਾ ਇਸ਼ਾਰਾ ਇਸ ਗੱਲ ਤੋਂ ਮਿਲਦਾ ਹੈ ਕਿ ਪਵਨ ਟੀਨੂੰ ਤੋਂ ਪਹਿਲਾਂ ਬਿਕਰਮ ਚੌਧਰੀ ਦੇ ਆਮ ਆਦਮੀ ਪਾਰਟੀ ਵਿੱਚ ਜਾਣ ਦੀ ਚਰਚਾ ਸੀ, ਪਰ ਉਹ ਨਹੀਂ ਗਏ। ਪਾਰਟੀ ਨੇ ਉਨ੍ਹਾਂ ਨੂੰ ਮਨਾ ਲਿਆ ਹੈ।
ਹੁਣ ਸਵਾਲ ਇਹ ਹੈ ਕਿ ਸੰਤੋਖ ਚੌਧਰੀ ਦੇ ਪੁੱਤਰ ਬਿਕਰਮਜੀਤ ਚੌਧਰੀ ਆਪ ਚੋਣ ਲੜਨਗੇ ਜਾਂ ਫਿਰ ਉਨ੍ਹਾਂ ਦੀ ਮਾਂ ਕਰਮਜੀਤ ਕੌਰ ਚੌਧਰੀ ਨੂੰ ਟਿਕਟ ਮਿਲੇਗਾ। ਹਾਲਾਂਕਿ ਹੁਸ਼ਿਆਰਪੁਰ ਸੀਟ ‘ਤੇ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੀ ਵੀ ਚਰਚਾ ਹੈ।
ਪੰਜਾਬ ਵਿੱਚ ਕਾਂਗਰਸ ਨੇ ਬੀਤੇ ਦਿਨ 13 ਵਿੱਚੋਂ 6 ਉਮੀਦਵਾਰਾਂ ਦਾ ਐਲਾਨ ਕੀਤਾ ਹੈ। 6 ਉਮੀਦਵਾਰਾਂ ਦੀ ਪਹਿਲੀ ਲਿਸਟ ਵਿੱਚ ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਜਦਕਿ ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ, ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ, ਬਠਿੰਡਾ ਤੋਂ ਜੀਤ ਮਹਿੰਦਰ ਸਿੰਘ, ਸ੍ਰੀ ਫਤਿਹਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ, ਪਟਿਆਲਾ ਤੋਂ ਧਰਮਵੀਰ ਗਾਂਧੀ ਨੂੰ ਉਮੀਦਵਾਰ ਬਣਾਇਆ ਹੈ।
ਸਰਵੇ ਵਿੱਚ ਕਾਂਗਰਸ ਲਈ ਚੰਗੀ ਖ਼ਬਰ
ABP ਚੈਨਲ ਦੇ ਤਾਜ਼ਾ ਸਰਵੇ ਵਿੱਚ ਪੰਜਾਬ ਕਾਂਗਰਸ ਨੂੰ ਲੈ ਕੇ ਚੰਗੀ ਖ਼ਬਰ ਆਈ ਹੈ। ਕਾਂਗਰਸ ਨੂੰ 7 ਸੀਟਾਂ ਮਿਲ ਸਕਦੀਆਂ ਹਨ ਜਦਕਿ ਆਮ ਆਦਮੀ ਪਾਰਟੀ 4 ਸੀਟਾਂ ‘ਤੇ ਜਿੱਤ ਹਾਸਲ ਕਰ ਸਕਦਾ ਹੈ ਜਦਕਿ ਬੀਜੇਪੀ ਨੂੰ 2 ਅਤੇ ਅਕਾਲੀ ਦਲ ਦੇ ਹੱਥ ਖ਼ਾਲੀ ਰਹਿ ਸਕਦੇ ਹਨ।