‘ਦ ਖ਼ਾਲਸ ਬਿਊਰੋ : ਵਿਜੀਲੈਂਸ ਬਿਊਰੋ ਬਠਿੰਡਾ ਨੇ ਸਾਬਕਾ ਮੰਤਰੀ ਅਤੇ ਭਾਜਪਾ ਦੀ ਕੋਰ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਬਾਦਲ ਨੂੰ 23 ਅਕਤੂਬਰ ਯਾਨਿ ਕੱਲ੍ਹ ਸਵੇਰੇ 10.30 ਵਜੇ ਬਠਿੰਡਾ ਦਫ਼ਤਰ ਵਿੱਚ ਪੇਸ਼ ਹੋਣ ਲਈ ਇੱਕ ਵਾਰ ਮੁੜ ਸੰਮਨ ਜਾਰੀ ਕੀਤੇ ਹਨ। ਵਿਜੀਲੈਂਸ ਨੂੰ ਮਨਪ੍ਰੀਤ ਬਾਦਲ ਵੱਲੋਂ ਪਾਸਪੋਰਟ ਜਮ੍ਹਾਂ ਕਰਵਾਉਣ ਦੀ ਵੀ ਉਡੀਕ ਹੈ। ਹਾਲਾਂਕਿ ਇਸ ਮੁੱਦੇ ਉੱਤੇ ਅਧਿਕਾਰੀ ਕੁੱਝ ਬੋਲਣ ਨੂੰ ਤਿਆਰ ਨਹੀਂ ਪਰ ਸੂਤਰਾਂ ਨੇ ਸੰਮਨ ਜਾਰੀ ਹੋਣ ਦੀ ਪੁਸ਼ਟੀ ਕੀਤੀ ਹੈ।
ਮਨਪ੍ਰੀਤ ਬਾਦਲ ਵਿਜੀਲੈਂਸ ਅੱਗੇ ਪੇਸ਼ ਹੁੰਦੇ ਹਨ ਜਾਂ ਨਹੀਂ, ਇਹ ਵੀ ਹਾਲੇ ਤੱਕ ਭੇਦ ਹੀ ਬਣਿਆ ਹੋਇਆ ਹੈ। ਵਿੱਤ ਮੰਤਰੀ ਦਾ ਮੋਬਾਇਲ ਫੋਨ ਬੰਦ ਆ ਰਿਹਾ ਹੈ। ਕਥਿਤ ਬੇਨਿਯਮੀਆਂ ਰਾਹੀਂ ਬਠਿੰਡਾ ਵਿਕਾਸ ਅਥਾਰਟੀ ਤੋਂ ਦੋ ਪਲਾਟ ਖ਼ਰੀਦਣ ਦੇ ਮਾਮਲੇ ਵਿੱਚ ਮਨਪ੍ਰੀਤ ਬਾਦਲ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੰਤਰਿਮ ਜਮਾਨਤ ਦੇ ਦਿੱਤੀ ਹੈ ਪਰ ਜਾਂਚ ਟੀਮ ਸਾਬਕਾ ਵਿੱਤ ਮੰਤਰੀ ਤੋਂ ਹੋਰ ਜਿਆਦਾ ਪੁੱਛ ਪੜਤਾਲ ਕਰਨਾ ਚਾਹੁੰਦੀ ਹੈ। ਸੂਤਰ ਮੁਤਾਬਕ ਇਸ ਮਾਮਲੇ ’ਚ ਨਾਮਜ਼ਦ ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਵਿਜੀਲੈਂਸ ਦੇ ਹੱਥ ਕਈ ਅਹਿਮ ਤੱਥ ਲੱਗੇ ਹਨ, ਜਿਸ ਕਰ ਕੇ ਮਨਪ੍ਰੀਤ ਸਿੰਘ ਬਾਦਲ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਹੈ।