ਚੰਡੀਗੜ੍ਹ : ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀਏ ਮੀਨੂੰ ਪੰਕਜ ਮਲਹੋਤਰਾ ਦੇ ਘਰ ਵਿਜੀਲੈਂਸ ਨੇ ਛਾਪਾ ਮਾਰਿਆ ਅਤੇ ਉਸਦੀਆਂ ਪ੍ਰਾਪਰਟੀਆਂ ਦੀ ਪੈਮਾਇਸ਼ ਕੀਤੀ ਹੈ। ਮਲਹੋਤਰਾ ਦਾਣਾ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘੁਟਾਲਾ ਵਿੱਚ ਨਾਮਜ਼ਦ ਹੈ। ਵਿਜੀਲੈਂਸ ਦੀ ਟੀਮ ਵਿੱਚ ਇੱਕ ਇੰਜਨੀਅਰਾਂ ਦੀ ਟੀਮ ਵੀ ਵਿਸ਼ੇਸ਼ ਤੌਰ ਉੱਤੇ ਚੰਡੀਗੜ੍ਹ ਤੋਂ ਆਈ ਸੀ, ਜੋ ਜਾਇਦਾਦਾਂ ਦੀ ਪੈਮਾਇਸ਼ ਮਗਰੋਂ ਅਸਲ ਕੀਮਤ ਦਾ ਪਤਾ ਲਾਵੇਗੀ।

ਮੀਨੂੰ ਪੰਕਜ ਮਲਹੋਤਰਾ ਦੇ ਪਿਤਾ ਵੀ ਵਿਜੀਲੈਂਸ ਦੀ ਟੀਮ ਨਾਲ ਮੌਜੂਦ ਸਨ। ਵਿਜੀਲੈਂਸ ਦੀ ਟੀਮ ਵੱਲੋਂ ਮੀਨੂੰ ਪੰਕਜ ਮਲਹੋਤਰਾ ਨਾਲ ਸਬੰਧਤ ਛੇ ਜਾਇਦਾਦਾਂ ਦੀ ਇੱਕ ਸੂਚੀ ਤਿਆਰ ਕੀਤੀ ਗਈ ਸੀ, ਜਿਨ੍ਹਾਂ ਦੀ ਅਸਲ ਕੀਮਤ ਬਾਰੇ ਜਾਣਕਾਰੀ ਹਾਸਲ ਕਰਨ ਲਈ ਜਾਂਚ ਟੀਮਾਂ ਨੇ ਇਲਾਕੇ ਵਿੱਚ ਕਈ ਥਾਈਂ ਪੁੱਛ-ਪੜਤਾਲ ਕੀਤੀ। ਵਿਜੀਲੈਂਸ ਦੀ ਟੀਮ ਨੇ ਜਵਾਹਰ ਨਗਰ ਕੈਂਪ ਤੇ ਕੋਚਰ ਮਾਰਕੀਟ ਇਲਾਕੇ ਵਿੱਚ ਪੁੱਛ ਪੜਤਾਲ ਕੀਤੀ। ਹਾਲਾਂਕਿ, ਇਸ ਦੌਰਾਨ ਇਹ ਵੀ ਰੌਲਾ ਪਿਆ ਕਿ ਵਿਜੀਲੈਂਸ ਦੀ ਟੀਮ ਮੀਨੂੰ ਪੰਕਜ ਮਲਹੋਤਰਾ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ।

ਇੰਜਨੀਅਰ ਨੂੰ ਨਾਲ ਲੈ ਕੇ ਵਿਜੀਲੈਂਸ ਦੀ ਟੀਮ ਨੇ ਪ੍ਰਾਪਰਟੀਆਂ ਦੀਆਂ ਕੀਮਤਾਂ ਜਾਂਚੀਆਂ। ਇਸ ਮੌਕੇ ਪਲਾਟ ਦੀ ਕੀਮਤ, ਉਸ ’ਤੇ ਹੋਇਆ ਖ਼ਰਚ, ਉਸਾਰੀ ਕਦੋਂ ਹੋਈ, ਆਦਿ ਨੁਕਤਿਆਂ ਸਬੰਧੀ ਜਾਣਕਾਰੀ ਹਾਸਲ ਕਰਕੇ ਰਿਪੋਰਟ ਤਿਆਰ ਕੀਤੀ ਗਈ ਹੈ। ਐੱਸਐੱਸਪੀ ਰਵਿੰਦਰਪਾਲ ਸੰਧੂ ਨੇ ਕਿਹਾ ਕਿ ਟੈਂਡਰ ਘੁਟਾਲੇ ਮਾਮਲੇ ਵਿੱਚ ਮੀਨੂੰ ਪੰਕਜ ਮਲਹੋਤਰਾ ਦੀ ਪ੍ਰਾਪਰਟੀ ਦੀ ਕੀਮਤ ਜਾਂਚੀ ਜਾ ਰਹੀ ਹੈ। ਫਿਲਹਾਲ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ, ਪਰ ਉਸ ਦੀ ਭਾਲ ਲਈ ਥਾਂ-ਥਾਂ ਛਾਪੇ ਮਾਰੇ ਜਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਟੈਂਡਰ ਘੁਟਾਲਾ ਮਾਮਲੇ ’ਚ ਸਭ ਤੋਂ ਪਹਿਲਾਂ ਠੇਕੇਦਾਰ ਤੇਲੂਰਾਮ ਦੀ ਗ੍ਰਿਫ਼ਤਾਰੀ ਹੋਈ ਸੀ। ਉਸ ਤੋਂ ਬਾਅਦ ਲਗਪਗ 40 ਦਿਨ ਪਹਿਲਾਂ ਸਾਬਕਾ ਮੰਤਰੀ ਆਸ਼ੂ ਦੇ ਪੀਏ ਮੀਨੂੰ ਪੰਕਜ ਮਲਹੋਤਰਾ ਨੂੰ ਨਾਮਜ਼ਦ ਕੀਤਾ ਗਿਆ ਸੀ।