Punjab

1984 ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਵਾਲੇ ਫੂਲਕਾ ਹੁਣ ਭਾਜਪਾ ਦੇ ਸੰਗ

ਚੰਡੀਗੜ੍ਹ (1 ਅਪ੍ਰੈਲ, 2026): ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਵੱਡਾ ਧਮਾਕਾ ਹੋਇਆ ਜਦੋਂ ਸੀਨੀਅਰ ਵਕੀਲ ਅਤੇ ‘ਆਪ’ ਦੇ ਸਾਬਕਾ ਦਿੱਗਜ ਆਗੂ ਹਰਵਿੰਦਰ ਸਿੰਘ ਫੂਲਕਾ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਗਏ। ਚੰਡੀਗੜ੍ਹ ਵਿਖੇ ਹੋਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਉਨ੍ਹਾਂ ਨੇ ਪਾਰਟੀ ਦੀ ਮੈਂਬਰਸ਼ਿਪ ਹਾਸਲ ਕੀਤੀ। ਐਡਵੋਕੇਟ ਫੂਲਕਾ, ਜੋ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਰਹਿ ਚੁੱਕੇ ਹਨ, ਨੇ 2019 ਵਿੱਚ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਦੱਸ ਦੇਈਏ ਐਚ.ਐਸ. ਫੂਲਕਾ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਲੜੀ ਗਈ ਲੰਮੀ ਅਤੇ ਨਿੱਡਰ ਕਾਨੂੰਨੀ ਲੜਾਈ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਸੂਬੇ ਵਿੱਚ ਸਿੱਖ ਸਿਆਸਤ ਦੇ ਸਮੀਕਰਨਾਂ ਨੂੰ ਬਦਲਣ ਵਾਲਾ ਕਦਮ ਮੰਨਿਆ ਜਾ ਰਿਹਾ ਹੈ।

ਸੁਨੀਲ ਜਾਖੜ ਦੀ ਪ੍ਰਤੀਕਿਰਿਆ

ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਇਸ ਦਾ ਸਵਾਗਤ ਕਰਦਿਆਂ ਟਵੀਟ ਕੀਤਾ ਕਿ ਸਿੱਖ ਧਰਮ ਲਈ ਨਿਆਂ ਦੀ ਲੜਾਈ ਲੜਨ ਵਾਲੇ ਐਡਵੋਕੇਟ ਫੂਲਕਾ ਵਰਗੀ ਉੱਚੀ ਸ਼ਖ਼ਸੀਅਤ ਦਾ ਪਾਰਟੀ ਨਾਲ ਜੁੜਨਾ ਮਾਣ ਵਾਲੀ ਗੱਲ ਹੈ। 

ਜਾਖੜ ਨੇ ਕਿਹਾ, 

“ਉਨ੍ਹਾਂ ਵਰਗੇ ਉੱਚੇ ਕਿਰਦਾਰ ਦੀ ਸਿੱਖ ਸ਼ਖ਼ਸੀਅਤ ਦਾ ਭਾਜਪਾ ਨਾਲ ਜੁੜਨਾ ਦੱਸਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਸੱਚੇ ਮਨ ਨਾਲ ਸਿੱਖੀ ਲਈ ਕਾਰਜ ਕਰ ਰਹੀ ਹੈ ਅਤੇ ਵਿਰੋਧੀਆਂ ਵੱਲੋਂ ਸਿਰਜੇ ਝੂਠ ਦੇ ਭਰਮ ਟੁੱਟ ਰਹੇ ਹਨ।”