ਲੁਧਿਆਣਾ-ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪਸ਼ੂ ਪਾਲਣ ਕਿੱਤਿਆਂ ਵਿੱਚ ਨਿਵੇਕਲੀ ਕਾਰਗੁਜ਼ਾਰੀ ਵਿਖਾਉਣ ਵਾਲੇ ਅਗਾਂਹਵਧੂ ਕਿਸਾਨਾਂ ਲਈ ਇਸ ਵਰੇ੍ਹ ਦੇ ਮੁੱਖ ਮੰਤਰੀ ਪੁਰਸਕਾਰਾਂ ਦੀ ਘੋਸ਼ਣਾ ਕਰ ਦਿੱਤੀ ਗਈ ਹੈ।ਇਹ ਪੁਰਸਕਾਰ 14 ਮਾਰਚ ਨੂੰ ਯੂਨੀਵਰਸਿਟੀ ਦੇ ਪਸ਼ੂ ਪਾਲਣ ਮੇਲੇ ਵਿੱਚ ਭੇਟ ਕੀਤੇ ਜਾਣਗੇ।
ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਪੁਰਸਕਾਰਾਂ ਬਾਰੇ ਦੱਸਦਿਆਂ ਕਿਹਾ ਕਿ ਪਸ਼ੂ ਪਾਲਣ ਕਿੱਤਿਆਂ ਨੂੰ ਉਤਸਾਹਿਤ ਕਰਨ ਲਈ ਪੰਜਾਬ ਦੇ ਸਮੂਹ ਕਿਸਾਨਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਪ੍ਰਾਪਤ ਹੋਈਆਂ ਅਰਜ਼ੀਆਂ ਦੀ ਮੁਢਲੀ ਜਾਂਚ ਪੜਤਾਲ ਤੋਂ ਬਾਅਦ ਯੂਨੀਵਰਸਿਟੀ ਦੇ ਮਾਹਿਰਾਂ ਦੀ ਟੀਮ ਨੇ ਵੱਖ ਵੱਖ ਫਾਰਮਾਂ ਦਾ ਦੌਰਾ ਕੀਤਾ ਅਤੇ ਪਸ਼ੂ ਪਾਲਕਾਂ ਵੱਲੋਂ ਅਪਣਾਈਆਂ ਜਾਣ ਵਾਲੀਆਂ ਨਵੀਨਤਮ ਤੇ ਆਪਣੇ ਤੌਰ `ਤੇ ਵਿਕਸਿਤ ਤਕਨੀਕਾਂ ਦਾ ਬਾਰੀਕੀ ਨਾਲ ਮੁਆਇਨਾ ਕਰਨ ਉਪਰੰਤ ਕਰਨ ਤੋਂ ਬਾਅਦ ਚਾਰ ਕਿਸਾਨਾਂ ਨੂੰ ਪੁਰਸਕਾਰ ਲਈ ਯੋਗ ਚੁਣਿਆ ਹੈ, ਜਿਨ੍ਹਾਂ ਦੇ ਨਾਮ ਹੇਠ ਲਿਖੇ ਹਨ। ਡਾ. ਬਰਾੜ ਨੇ ਦੱਸਿਆ ਕਿ ਪੁਰਸਕਾਰ ਵਿਚ ਨਗਦ ਇਨਾਮ ਤੋਂ ਇਲਾਵਾ ਸਨਮਾਨ ਪੱਤਰ, ਸ਼ਾਲ ਅਤੇ ਸਜਾਵਟੀ ਤਖਤੀ ਦੇ ਕੇ ਸਨਮਾਨਿਆ ਜਾਂਦਾ ਹੈ।
1. ਸ਼੍ਰੀਮਤੀ ਦਲਜੀਤ ਕੌਰ ਤੂਰ, ਪਤਨੀ ਸ. ਗੁਰਮੀਤ ਸਿੰਘ ਤੂਰ, ਪਿੰਡ ਖੋਸਾ ਕੋਟਲਾ, ਜ਼ਿਲ੍ਹਾ ਮੋਗਾ ਨੂੰ ਮੱਝਾਂ ਦੀ ਡੇਅਰੀ ਫਾਰਮਿੰਗ ਸ਼੍ਰੇਣੀ ਵਿੱਚ ਇਨਾਮ ਦਿੱਤਾ ਜਾਵੇਗਾ। ਯੂਨੀਵਰਸਿਟੀ ਵੱਲੋਂ ਨਿਰਧਾਰਿਤ ਕੀਤੀਆਂ ਵਿਭਿੰਨ ਸ਼ੇ੍ਰਣੀਆਂ ਵਿਚੋਂ ਮੁੱਖ ਮੰਤਰੀ ਪੁਰਸਕਾਰ ਪ੍ਰਾਪਤ ਕਰਨ ਵਾਲੀ ਇਹ ਪਹਿਲੀ ਕਿਸਾਨ ਔਰਤ ਹੈ। ਇਨ੍ਹਾਂ ਨੇ 2019 ਵਿਚ ਆਧੁਨਿਕ ਡੇਅਰੀ ਸਥਾਪਿਤ ਕਰਕੇ ਕੰਮ ਸ਼ੁਰੂ ਕੀਤਾ ਸੀ। ਅੱਜ ਉਨ੍ਹਾਂ ਕੋਲ 32 ਨੀਲੀ ਰਾਵੀ ਮੱਝਾਂ ਹਨ। ਜਿਨ੍ਹਾਂ ਵਿਚੋਂ ਦੁੱਧ ਦੇਣ ਵਾਲੀਆਂ 13 ਮੱਝਾਂ 150 ਲਿਟਰ ਦੁੱਧ ਰੋਜ਼ਾਨਾ ਪੈਦਾ ਕਰ ਰਹੀਆਂ ਹਨ। ਇਸ ਫਾਰਮ ਦੀ ਇਕ ਮੱਝ ਨੇ ਵੱਧ ਤੋਂ ਵੱਧ 22 ਲਿਟਰ ਦੁੱਧ ਵੀ ਪੈਦਾ ਕੀਤਾ ਹੈ। ਉਹ ਸਿੱਧਾ ਖ਼ਪਤਕਾਰਾਂ ਨੂੰ ਹੀ ਦੁੱਧ ਵੇਚਦੇ ਹਨ ਅਤੇ ਘਿਓ ਵੀ ਤਿਆਰ ਕਰਦੇ ਹਨ। ਇਨ੍ਹਾਂ ਨੇ ਗੋਬਰ ਗੈਸ ਪਲਾਂਟ ਵੀ ਲਗਾਇਆ ਹੋਇਆ ਹੈ ਅਤੇ ਪਲਾਂਟ ਦੀ ਰਹਿੰਦ-ਖੂੰਹਦ ਨੂੰ ਖਾਦ ਦੇ ਤੌਰ ’ਤੇ ਵਰਤਦੇ ਹਨ।
2. ਬੱਕਰੀ ਪਾਲਣ ਦੇ ਖੇਤਰ ਵਿਚ ਸ. ਬਰਜਿੰਦਰ ਸਿੰਘ ਕੰਗ, ਪੁੱਤਰ ਸ. ਕਰਨੈਲ ਸਿੰਘ ਕੰਗ, ਸਰਿਹੰਦ ਰੋਡ, ਪਟਿਆਲਾ ਨੂੰ ਦਿੱਤਾ ਜਾਏਗਾ। ਐਮ ਬੀ ਏ ਸਿੱਖਿਆ ਪ੍ਰਾਪਤ ਇਸ ਕਿਸਾਨ ਨੇ ਤਿੰਨ ਚਾਰ ਸਾਲ ਕੈਨੇਡਾ ਵਿਖੇ ਵੀ ਕੰਮ ਕੀਤਾ। ਉਥੋਂ ਪਰਤ ਕੇ ਉਨ੍ਹਾਂ ਨੇ 2017 ਵਿਚ ਬੱਕਰੀ ਫਾਰਮ ਦਾ ਕਿੱਤਾ ਸ਼ੁਰੂ ਕੀਤਾ ਸੀ।ਇਸ ਵੇਲੇ ਉਨ੍ਹਾਂ ਕੋਲ ਬੱਕਰੇ, ਬੱਕਰੀਆਂ ਅਤੇ ਲੇਲੇ ਪਾ ਕੇ 85 ਜਾਨਵਰ ਹਨ। ਉਹ ਆਪਣੀ ਫੀਡ ਤਿਆਰ ਕਰਦੇ ਹਨ ਅਤੇ ਕੁਦਰਤੀ ਬਨਸਪਤੀ ਖੁਰਾਕ ’ਤੇ ਵਧੇਰੇ ਜ਼ੋਰ ਦਿੰਦੇ ਹਨ। ਮਹੀਨੇ ਵਿਚ ਉਨ੍ਹਾਂ ਦੇ ਫਾਰਮ `ਤੇ 1500 ਲਿਟਰ ਦੇ ਕਰੀਬ ਦੁੱਧ ਪੈਦਾ ਹੁੰਦਾ ਹੈ ਜਿਸ ਵਿਚ ਵੱਧ ਤੋਂ ਵੱਧ ਉਤਪਾਦਕਤਾ 3.8 ਲਿਟਰ ਪ੍ਰਤੀ ਦਿਨ ਦੀ ਰਹੀ ਹੈ।
3. ਮੱਛੀ ਪਾਲਣ ਦੇ ਖੇਤਰ ਵਿਚ ਇਹ ਸਨਮਾਨ ਸ. ਰੁਪਿੰਦਰ ਪਾਲ ਸਿੰਘ, ਪੁੱਤਰ ਸ. ਜਸਪਾਲ ਸਿੰਘ, ਪਿੰਡ ਜੰਡਵਾਲਾ ਚੜ੍ਹਤ ਸਿੰਘ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਦਿੱਤਾ ਜਾਵੇਗਾ।ਸੰਨ 2012 ਵਿੱਚ ਉਨ੍ਹਾਂ ਨੇ 5 ਏਕੜ ਰਕਬੇ ਵਿੱਚ ਮੱਛੀ ਪਾਲਣ ਦਾ ਕਿੱਤਾ ਸ਼ੁਰੂ ਕੀਤਾ। ਇਸ ਵੇਲੇ ਉਹ 36 ਏਕੜ ਰਕਬੇ ਵਿੱਚ ਮੱਛੀ ਪਾਲਣ ਦਾ ਕਿੱਤਾ ਕਰ ਰਹੇ ਹਨ। ਬੀ ਟੈਕ ਗ੍ਰੈਜੂਏਟ ਇਸ ਕਿਸਾਨ ਨੇ ਇਕ ਏਕੜ ਵਿਚੋਂ 2200 ਕਿਲੋ ਉਤਪਾਦਨ ਵੀ ਪ੍ਰਾਪਤ ਕੀਤਾ ਹੈ। ਹੁਣ ਉਨ੍ਹਾਂ ਨੇ ਨਾਲ ਨਾਲ ਝੀਂਗਾ ਪਾਲਣ ਦਾ ਕੰਮ ਵੀ ਸ਼ੁਰੂ ਕਰ ਲਿਆ ਹੈ।
4. ਸੂਰ ਪਾਲਣ ਦੇ ਖੇਤਰ ਵਿੱਚ ਪਿੰਡ ਫ਼ਤਹਿਗੜ੍ਹ ਸ਼ੁਕਰਚੱਕ, ਜ਼ਿਲ੍ਹਾ ਅੰਮ੍ਰਿਤਸਰ ਦੇ ਸ. ਬਿਕਰਮਜੀਤ ਸਿੰਘ, ਪੁੱਤਰ ਸ. ਪਰਮਜੀਤ ਸਿੰਘ ਨੂੰ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਨੇ ਕੰਪਿਊਟਰ ਸਾਇੰਸ ਵਿਚ ਬੀ ਟੈਕ ਕੀਤੀ ਹੈ ਅਤੇ 2016 ਵਿਚ ਇਹ ਕੰਮ ਸ਼ੁਰੂ ਕੀਤਾ। ਇਸ ਵੇਲੇ ਇਨ੍ਹਾਂ ਕੋਲ ਸੂਰ, ਸੂਰੀਆਂ ਅਤੇ ਬੱਚੇ ਮਿਲਾ ਕੇ 650 ਦੇ ਕਰੀਬ ਜਾਨਵਰ ਹਨ। ਇਹ ਆਪਣੀ ਫੀਡ ਤਿਆਰ ਕਰਦੇ ਹਨ ਅਤੇ ਸੂਰਾਂ ਨੂੰ ਮੰਡੀ ਵਿਚ ਵੇਚਣ ਦੇ ਨਾਲ ਨਾਲ ਇਸ ਦੀ ਪ੍ਰਾਸੈਸਿੰਗ ਕਰਕੇ ਅਚਾਰ ਵੀ ਤਿਆਰ ਕਰਦੇ ਹਨ।