ਬਿਊਰੋ ਰਿਪੋਰਟ : ਟਰਾਲੀ ‘ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲ਼ਈ ਆ ਰਹੇ ਵੱਡੀ ਗਿਣਤੀ ਸ਼ਰਧਾਲੂ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਏ। ਪ੍ਰਸ਼ਾਸਨ ਮੁਤਾਬਿਕ ਹੁਣ ਤੱਕ 8 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਜਦਕਿ 37 ਜ਼ਖਮੀ ਹੋਏ ਹਨ, ਜਿਨ੍ਹਾੰ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਹ ਸੜਕੀ ਹਾਦਸਾ ਉੱਤਰਾਖੰਡ ਦੇ ਊਧਮ ਸਿੰਘ ਨਗਰ ਵਿੱਚ ਵਾਪਰਿਆ ਹੈ ਜਦੋਂ ਇੱਕ ਟਰੱਕ ਨੇ ਜ਼ੋਰਦਾਰ ਟਰਾਲੀ ਨੂੰ ਟੱਕਰ ਮਾਰੀ, ਜਿਸ ਦੀ ਵਜ੍ਹਾ ਕਰਕੇ ਟਰਾਲੀ ਬੇਕਾਬੂ ਹੋ ਗਈ। ਹਰ ਐਤਵਾਰ ਵਾਂਗ ਇਸ ਵਾਰ ਵੀ ਯੂਪੀ ਦੇ ਬਾਰਡਰ ਖੇਤਰਾਂ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਉਤਮ ਨਗਰ ਸਥਿਤ ਗੁਰਦੁਆਰੇ ਵਿੱਚ ਮੱਥਾ ਟੇਕਣ ਪਹੁੰਚ ਰਹੇ ਸਨ।

ਹਾਦਸਾ ਸਵੇਰ 9 ਵਜੇ ਵਾਪਰਿਆ। ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਦਕਿ 8 ਲੋਕਾਂ ਨੂੰ ਨਹੀਂ ਬਚਾਇਆ ਜਾ ਸਕਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾਂ ਪ੍ਰਕਾਸ਼ ਦਿਹਾੜਾ ਹੋਣ ਦੀ ਵਜ੍ਹਾ ਕਰਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਉਤਮ ਨਗਰ ਸਥਿਕ ਗੁਰਦੁਆਰੇ ਪਹੁੰਚੇ ਸਨ ਪਰ ਜਿਵੇਂ ਹੀ ਹਾਦਸੇ ਦੀ ਖ਼ਬਰ ਆਈ ਮਹੌਲ ਗਮਹੀਨ ਹੋ ਗਿਆ। ਦੁਰਘਟਨਾ ਨੂੰ ਲੈ ਕੇ ਗਲਤੀ ਕਿਸ ਦੀ ਸੀ, ਇਸ ਨੂੰ ਲੈ ਕੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਸਿਰਫ਼ ਇੰਨਾ ਕਿਹਾ ਜਾ ਰਿਹਾ ਹੈ ਕਿ ਟਰੱਕ ਨੇ ਟਰਾਲੀ ਨੂੰ ਪਿੱਛੋਂ ਟੱਕਰ ਮਾਰੀ ਸੀ।