International

ਅਮਰੀਕਾ : ਬੈਂਕ ਦੇ ਮੁਲਾਜ਼ਮ ਨੇ ਕਰ ਦਿੱਤਾ ਇਹ ਕਾਰਾ , ਚਾਰ ਦੀ ਜੀਵਨ ਲੀਲ੍ਹਾ…

ਲੁਈਸਵਿਲੇ : ਅਮਰੀਕਾ ‘ਚ ਇੱਕ ਵਾਰ ਫਿਰ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਕੈਂਟਕੀ ਸੂਬੇ ਦੇ ਸਭ ਤੋਂ ਵੱਡੇ ਸ਼ਹਿਰ ਲੁਈਸਵਿਲੇ ‘ਚ ਅੰਨ੍ਹੇਵਾਹ ਗੋਲੀਬਾਰੀ ਵਿੱਚ ਚਾਰ ਦੀ ਮੌਤ ਅਤੇ ਨੌਂ ਜਾਣੇ ਜ਼ਖਮੀ ਹੋ ਗਏ ਹਨ। ਮੀਡੀਆ ਰਿਪੋਰਟ ਮੁਤਾਬਕ ਲੁਈਸਵਿਲੇ ਦੇ ਇੱਕ ਬੈਂਕ ਵਿੱਚ ਇੱਕ ਬੰਦੂਕਧਾਰੀ ਨੇ ਗੋਲੀਬਾਰੀ ਕੀਤੀ, ਜਿਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਸ ਹਮਲੇ ‘ਚ 9 ਹੋਰ ਲੋਕ ਜ਼ਖਮੀ ਹੋ ਗਏ। ਮੁਤਾਬਕ ਮੁਲਜ਼ਮ ਉਸੇ ਬੈਂਕ ਦਾ ਸਾਬਕਾ ਮੁਲਾਜ਼ਮ ਸੀ।

ਗਵਰਨਰ ਦੇ ਕਰੀਬੀ ਦੋਸਤ ਦੀ ਮੌਤ ਹੋ ਗਈ

ਲੁਈਸਵਿਲੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਕ 23 ਸਾਲਾ ਵਿਅਕਤੀ ਨੇ ਇੱਕ ਬੈਂਕ ਵਿੱਚ ਗੋਲੀਬਾਰੀ ਕੀਤੀ, ਜਿਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਗੋਲੀਬਾਰੀ ‘ਚ ਰਾਜਪਾਲ ਦੇ ਕਰੀਬੀ ਦੋਸਤ ਦੀ ਵੀ ਮੌਤ ਹੋ ਗਈ ਹੈ। ਪੁਲਿਸ ਅਧਿਕਾਰੀਆਂ ਨੇ ਹਮਲਾਵਰ ਦੀ ਪਛਾਣ ਕੋਨਰ ਸਟਰਜਨ ਵਜੋਂ ਕੀਤੀ ਹੈ।

ਹਮਲਾਵਰ ਬੰਦੂਕਧਾਰੀ ਵੀ ਮਾਰਿਆ ਗਿਆ

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਲੁਈਸਵਿਲੇ ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਓਲਡ ਨੈਸ਼ਨਲ ਬੈਂਕ ‘ਚ ਹੋਈ। ਹਮਲਾਵਰ ਬੰਦੂਕਧਾਰੀ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ। ਲੁਈਸਵਿਲੇ ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਗੋਲੀਬਾਰੀ ‘ਚ ਦੋ ਪੁਲਿਸ ਅਧਿਕਾਰੀਆਂ ਸਮੇਤ ਨੌਂ ਲੋਕ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਨ੍ਹਾਂ ਕਿਹਾ ਕਿ ਇਹ ਅਸਪੱਸ਼ਟ ਹੈ ਕਿ ਹਮਲਾਵਰ ਨੇ ਖੁਦ ਨੂੰ ਮਾਰਿਆ ਹੈ ਜਾਂ ਅਧਿਕਾਰੀਆਂ ਨੇ ਗੋਲੀ ਮਾਰੀ ਹੈ। ਹੰਫਰੀ ਨੇ ਕਿਹਾ ਕਿ “ਸਾਡਾ ਮੰਨਣਾ ਹੈ ਕਿ ਉਹ ਇਕੱਲਾ ਗਨਮੈਨ ਸੀ, ਜੋ ਇਸ ਹਮਲੇ ਵਿਚ ਸ਼ਾਮਲ ਸੀ ਅਤੇ ਬੈਂਕ ਨਾਲ ਉਸ ਦੇ ਸਬੰਧ ਸਨ। ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਸ ਦੇ ਬੈਂਕ ਨਾਲ ਕੀ ਸਬੰਧ ਸਨ, ਪਰ ਅਜਿਹਾ ਲੱਗਦਾ ਹੈ ਕਿ ਉਹ ਇਕ ਸਾਬਕਾ ਕਰਮਚਾਰੀ ਸੀ।

ਕੈਂਟਕੀ ਸੂਬੇ ਦੇ ਗਵਰਨਰ ਭਾਵੁਕ ਹੋ ਗਏ

ਕੇਂਟਕੀ ਸੂਬੇ ਦੇ ਗਵਰਨਰ ਐਂਟੀ ਬੇਸ਼ੀਅਰ ਨੇ ਭਾਵੁਕ ਹੋ ਕੇ ਕਿਹਾ ਕਿ ਈਸਟ ਮੇਨ ਸਟ੍ਰੀਟ ਦੀ ਇਮਾਰਤ ਵਿੱਚ ਹੋਈ ਗੋਲੀਬਾਰੀ ਵਿੱਚ ਉਨ੍ਹਾਂ ਨੇ ਆਪਣੇ ਦੋਸਤ ਨੂੰ ਗੁਆ ਦਿੱਤਾ। ਉਨ੍ਹਾਂ ਕਿਹਾ ਕਿ ਇਹ ਬਹੁਤ ਮਾੜਾ ਹੋਇਆ। ਮੇਰਾ ਇੱਕ ਕਰੀਬੀ ਦੋਸਤ ਸੀ ਜੋ ਹੁਣ ਨਹੀਂ ਰਿਹਾ ਤੇ ਇੱਕ ਦੋਸਤ ਜੋ ਹਸਪਤਾਲ ਵਿੱਚ ਹੈ, ਮੈਨੂੰ ਉਮੀਦ ਹੈ ਕਿ ਉਹ ਜਲਦ ਠੀਕ ਹੋ ਜਾਏਗਾ। ਗਵਰਨਰ ਨੇ ਕਿਹਾ- ਮੈਂ ਖੁਦ ਮੌਕੇ ‘ਤੇ ਜਾ ਰਿਹਾ ਹਾਂ। ਇਹ ਸਮਾਂ ਲੋਕਾਂ ਦੀ ਸਲਾਮਤੀ ਲਈ ਅਰਦਾਸ ਕਰਨ ਦਾ ਹੈ।

ਲੂਇਸਵਿਲ ਕੈਂਟਕੀ ਦਾ ਇੱਕ ਸਰਹੱਦੀ ਜ਼ਿਲ੍ਹਾ ਹੈ। ਇਹ ਇੰਡੀਆਨਾ ਰਾਜ ਨਾਲ ਲੱਗਦੀ ਹੈ। ਇਸ ਇਲਾਕੇ ‘ਚ 2021 ‘ਚ ਵੀ ਗੋਲੀਬਾਰੀ ਹੋਈ ਸੀ, ਜਿਸ ‘ਚ 4 ਲੋਕਾਂ ਦੀ ਮੌਤ ਹੋ ਗਈ ਸੀ। ਮਾਰੇ ਗਏ ਚਾਰੇ ਲੋਕ ਪ੍ਰਵਾਸੀ ਮਜ਼ਦੂਰ ਸਨ। ਦੱਸ ਦੇਈਏ ਕਿ ਇਹ ਘਟਨਾ ਇਸ ਸਾਲ ਦੇਸ਼ ਵਿੱਚ ਹੋਣ ਵਾਲੀ 15ਵੀਂ ਅਜਿਹੀ ਘਟਨਾ ਹੈ ਜਿਸ ਵਿੱਚ ਸਾਮੂਹਿਕ ਤੌਰ ‘ਤੇ ਲੋਕਾਂ ਦਾ ਕਤਲ ਕਰ ਦਿੱਤਾ ਗਿਆ।

ਦੱਸ ਦਈਏ ਕਿ ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ। ਇਸ ਕਾਰਨ ਉਥੇ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਚਿੰਤਾ ਪੈਦਾ ਹੋ ਗਈ ਹੈ।