International

ਅਫ਼ਰੀਕੀ ਦੇਸ਼ਾਂ ’ਤੇ ਲਗਾਈ ਯਾਤਰਾ ਪਾਬੰਦੀ ਹਟਾ ਸਕਦੈ ਅਮਰੀਕਾ : ਫੌਚੀ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਭਾਰਤ ਵਿਚ ਕੋਰੋਨਾ ਦੀ ਤੀਜੀ ਲਹਿਰ ਦੀ ਦਹਿਸ਼ਤ ਦੇ ਵਿਚਾਲੇ ਇੱਕ ਚੰਗੀ ਖ਼ਬਰ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੇ ਚੀਫ਼ ਮੈਡੀਕਲ ਐਡਾਵਾਈਜ਼ਰ ਡਾ. ਫੌਚੀ ਦਾ ਕਹਿਣਾ ਹੈ ਕਿ ਨਵਾਂ ਵੈਰੀਅੰਟ ਓਮੀਕਰੌਨ ਦੂਜੀ ਲਹਿਰ ਵਿਚ ਤਬਾਹੀ ਮਚਾਉਣ ਵਾਲੇ ਡੈਲਟਾ ਵੈਰੀਅੰਟ ਤੋਂ ਘੱਟ ਖਤਰਨਾਕ ਹੈ। ਸ਼ੁਰੂਆਤੀ ਵਿਗਿਆਨਕ ਅਧਿਐਨ ਇਹੀ ਦੱਸਦੇ ਹਨ।

ਦੱਖਣੀ ਅਫ਼ਰੀਕਾ ਵਿਚ ਓਮੀਕਰੌਨ ਤੇਜ਼ੀ ਨਾਲ ਤਾਂ ਫੈਲਿਆ ਲੇਕਿਨ ਉਥੇ ਪੀੜਤ ਮਰੀਜ਼ਾਂ ਨੂੰ ਹਸਪਤਾਲ ਵਿਚ ਭਰਤੀ ਕਰਾਉਣ ਦੀ ਜ਼ਰੂਰਤ ਘੱਟ ਹੀ ਪਈ। ਹਸਪਤਾਲਾਂ ਵਿਚ ਭਿਆਨਕ ਹਾਲਾਤ ਨਹੀਂ ਬਣੇ। ਉਨ੍ਹਾਂ ਨੇ ਦੱਸਿਆ ਕਿ ਬਾਈਡਨ ਪ੍ਰਸ਼ਾਸਨ ਅਫ਼ਰੀਕੀ ਦੇਸ਼ਾਂ ’ਤੇ ਲਗਾਇਆ ਟਰੈਵਲ ਬੈਨ ਵੀ ਜਲਦ ਹਟਾਉਣ ’ਤੇ ਵਿਚਾਰ ਕਰ ਰਿਹਾ ਹੈ। ਵਾਇਰਸ ਦੀ ਸਥਿਤੀ ਨੂੰ ਦੇਖ ਕੇ ਹੀ ਆਖਰੀ ਫੈਸਲਾ ਲਿਆ ਜਾਵੇਗਾ।

ਦੂਜੇ ਪਾਸੇ ਮਹਾਰਾਸ਼ਟਰ ਵਿਚ ਸੋਮਵਾਰ ਨੂੰ ਦੋ ਨਵੇਂ ਓਮੀਕਰੌਨ ਕੇਸ ਮਿਲਣ ਤੋਂ ਬਾਅਦ ਦੇਸ਼ ਵਿਚ ਇਨ੍ਹਾਂ ਦਾ ਕੁਲ ਅੰਕੜਾ 23 ਹੋ ਗਿਆ । ਇਨ੍ਹਾਂ ਵਿਚ 10 ਮਹਾਰਾਸ਼ਟਰ ਦੇ ਹਨ। ਨਵੇਂ ਦੋਵੇਂ ਕੇਸ ਮੁੰਬਈ ਦੇ ਹਨ। ਦੋਵਾਂ ਨੂੰ ਫਾਈਜ਼ਰ ਦੀ ਵੈਕਸੀਨ ਲੱਗੀ ਹੈ। ਕਰਨਾਟਕ ਦੇ ਚਿਕਮੰਗਲੂਰ ਦੇ ਸਕੂਲ ਵਿਚ ਪੀੜਤਾਂ ਦਾ ਅੰਕੜਾ ਵੱਧ ਕੇ 101 ਹੋ ਗਿਆ ਹੈ। ਇਨ੍ਹਾਂ ਵਿਚ 90 ਬੱਚੇ ਅਤੇ ਬਾਕੀ ਸਟਾਫ ਹੈ।

ਓਮੀਕਰੌਨ ਹਵਾ ਰਾਹੀਂ ਇੱਕ ਦੂਜੇ ਵਿਚ ਫੈਲ ਸਕਦਾ ਹੈ। ਨਵੀਂ ਸਟੱਡੀ ਮੁਤਾਬਕ ਹਾਂਗਕਾਂਗ ਦੇ ਹੋਟਲ ਵਿਚ ਦੋ ਯਾਤਰੀ ਆਹਮੋ ਸਾਹਮਣੇ ਕਮਰੇ ਵਿਚ ਰੁਕੇ ਸੀ। ਦੋਵਾਂ ਨੂੰ ਵੈਕਸੀਨ ਲੱਗੀ ਸੀ। ਸੀਸੀਟੀਵ ਫੁਟੇਜ ਦੱਸਦੀ ਹੈ ਕਿ ਦੋਵੇਂ ਕਮਰੇ ਤੋਂ ਬਾਹਰ ਨਹੀਂ ਨਿਕਲੇ।ਫੇਰ ਵੀ ਇੱਕ ਯਾਤਰੀ 13 ਤੇ ਦੂਜਾ 17 ਨਵੰਬਰ ਨੂੰ ਓਮੀਕਰੌਨ ਪਾਜ਼ੀਟਿਵ ਮਿਲਿਆ। ਲੱਗਦਾ ਹੈ ਜਦੋਂ ਰੋਟੀ ਲੈਣ ਲਈ ਉਨ੍ਹਾਂ ਨੇ ਗੇਟ ਖੋਲ੍ਹੇ ਤਦ ਇਸ ਦੀ ਲਪੇਟ ਵਿਚ ਆ ਗਏ।

ਰਾਜਸਥਾਨ ਵਿਚ ਓਮੀਕਰੌਨ ਦੇ 9 ਕੇਸ ਮਿਲ ਚੁੱਕੇ ਹਨ। ਫੇਰ ਵੀ ਗਹਿਲੋਤ ਸਰਕਾਰ ਇਸ ਨੂੰ ਗੰਭੀਰ ਨਹੀਂ ਮੰਨਦੀ। ਸੋਮਵਾਰ ਨੂੰ ਰਾਜਸਥਾਨ ਸਰਕਾਰ ਨੇ ਹਾਈ ਕੋਰਟ ਵਿਚ ਕਿਹਾ ਕਿ ਓਮੀਕਰੌਨ ਜ਼ਿਆਦਾ ਖਤਰਨਾਕ ਨਹੀਂ ਹੈ ਅਤੇ 12 ਦਸੰਬਰ ਨੂੰ ਮਹਿੰਗਾਈ ਦੇ ਖ਼ਿਲਾਫ ਹੋਣ ਵਾਲੀ ਕਾਂਗਰਸ ਦੀ ਰੈਲੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਸਿਰਫ ਪਬਲੀਸਿਟੀ ਸਟੰਟ ਹੈ, ਇਸ ਲਈ ਇਸ ਨੂੰ ਖਾਰਜ ਕੀਤਾ ਜਾਣਾ ਚਾਹੀਦਾ। ਬਾਅਦ ਵਿਚ ਕੋਰਟ ਨੇ ਰਾਜ ਸਰਕਾਰ ਦੀ ਦਲੀਲ ਮੰਨਦੇ ਹੋਏ ਪਟੀਸ਼ਨ ਖਾਰਜ ਕਰ ਦਿੱਤੀ।