‘ਦ ਖ਼ਾਲਸ ਬਿਊਰੋ :- ਕਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਭਾਰਤ ਦੇ ਹਾਲਾਤਾਂ ਨੂੰ ਅਮਰੀਕਾ ਦੇ ਸਿਹਤ ਮਾਹਰ ਡਾ. ਐਂਥਨੀ ਫਾਊਚੀ ਨੇ ‘ਬਹੁਤ ਨਿਰਾਸ਼ਾਜਨਕ’ ਕਰਾਰ ਦਿੱਤਾ ਹੈ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਮੁਕੰਮਲ ਲੌਕਡਾਊਨ ਲਾਉਣ ਦੀ ਸਲਾਹ ਦਿੱਤੀ ਹੈ ਅਤੇ ਭਾਰਤ ਵਿੱਚ ਤੁਰੰਤ ਅਸਥਾਈ ਫੀਲਡ ਹਸਪਤਾਲ ਬਣਾਉਣ ਲਈ ਫ਼ੌਜੀ ਬਲਾਂ ਸਮੇਤ ਸਾਰੇ ਸਰੋਤਾਂ ਦਾ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਹੈ। ਫਾਊਚੀ ਨੇ ਹੋਰ ਦੇਸ਼ਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਭਾਰਤ ਦੀ ਮਦਦ ਲਈ ਸਿਰਫ਼ ਸਮੱਗਰੀ ਹੀ ਨਹੀਂ, ਸਗੋਂ ਕਰਮੀ ਵੀ ਮੁਹੱਈਆ ਕਰਾਉਣ।
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਮੁੱਖ ਮੈਡੀਕਲ ਸਲਾਹਕਾਰ ਡਾ. ਫਾਊਚੀ ਨੇ ਰਾਸ਼ਟਰ ਵਿਆਪੀ ਤਾਲਾਬੰਦੀ ਲਗਾਉਣ ਦੀ ਵੀ ਸਲਾਹ ਦਿੱਤੀ ਹੈ ਤਾਂ ਜੋ ਇੰਫੈਕਸ਼ਨ ਦੀ ਦਰ ਘੱਟ ਕੀਤੀ ਜਾ ਸਕੇ ਅਤੇ ਉਸ ਦੀ ਨਿਰੰਤਰਤਾ ਤੋੜੀ ਜਾ ਸਕੇ। ਡਾ. ਫਾਊਚੀ ਨੇ ਇਹ ਸਲਾਹ ਅਜਿਹੇ ਸਮੇਂ ਵਿਚ ਦਿੱਤੀ ਹੈ, ਜਦੋਂ ਭਾਰਤ ਵਿੱਚ ਕੋਵਿਡ-19 ਦੇ ਮਾਮਲੇ 2 ਕਰੋੜ ਦੀ ਗਿਣਤੀ ਪਾਰ ਕਰ ਗਏ ਹਨ ਅਤੇ ਸਿਰਫ਼ 15 ਦਿਨਾਂ ਵਿੱਚ ਕਰੋਨਾ ਦੇ 50 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।
ਡਾ. ਫਾਊਚੀ ਨੇ ਕਿਹਾ ਕਿ, ‘ਭਾਰਤ ਕਰੋਨਾਵਾਇਰਸ ਦੇ ਮਾਮਲਿਆਂ ਵਿੱਚ ਵਾਧੇ ਕਾਰਨ ਬਹੁਤ ਦਬਾਅ ਵਿੱਚ ਹੈ, ਅਜਿਹੇ ਵਿੱਚ ਬਾਕੀ ਦੇਸ਼ਾਂ ਨੂੰ ਅਮਰੀਕਾ ਦੀ ਤਰ੍ਹਾਂ ਉਸ ਦੀ ਮਦਦ ਕਰਨੀ ਚਾਹੀਦੀ ਹੈ।’ ਡਾ. ਫਾਊਚੀ ਨੇ ਵਿਆਪਕ ਪੱਧਰ ’ਤੇ ਟੀਕਾਕਰਨ ਮੁਹਿੰਮ ਚਲਾਉਣ ਦੀ ਵੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ, ‘ਇਹ ਸਾਫ਼ ਹੈ ਕਿ ਭਾਰਤ ਵਿੱਚ ਹਾਲਾਤ ਬੇਹੱਦ ਗੰਭੀਰ ਹਨ। ਇਸ ਨੂੰ ਦੇਖਦੇ ਹੋਏ ਸਾਨੂੰ ਲੱਗਦਾ ਹੈ ਕਿ ਪੂਰੀ ਦੁਨੀਆ ਨੂੰ ਹਰ ਸੰਭਵ ਤਰੀਕੇ ਨਾਲ ਮਦਦ ਕਰਨੀ ਚਾਹੀਦੀ ਹੈ।’
ਡਾ. ਫਾਊਚੀ ਨੇ ਕਿਹਾ ਕਿ, ‘ਚੀਨ ਵਿੱਚ ਜਦੋਂ ਪਿਛਲੇ ਸਾਲ ਗੰਭੀਰ ਸਮੱਸਿਆ ਸੀ ਤਾਂ ਉਸ ਨੇ ਆਪਣੇ ਸਰੋਤਾਂ ਨੂੰ ਬਹੁਤ ਤੇਜ਼ੀ ਨਾਲ ਨਵੇਂ ਹਸਪਤਾਲ ਬਣਾਉਣ ਵਿੱਚ ਲਗਾ ਦਿੱਤਾ ਸੀ ਤਾਂ ਜੋ ਉਹ ਉਨ੍ਹਾਂ ਸਾਰੇ ਲੋਕਾਂ ਨੂੰ ਹਸਪਤਾਲ ਮੁਹੱਈਆ ਕਰਵਾ ਸਕਣ, ਜਿਨ੍ਹਾਂ ਨੂੰ ਦਾਖ਼ਲ ਕੀਤੇ ਜਾਣ ਦੀ ਜ਼ਰੂਰਤ ਹੈ।’ ਉਨ੍ਹਾਂ ਨੇ ਭਾਰਤ ਨੂੰ ਆਪਣੀ ਫ਼ੌਜ ਦੀ ਮਦਦ ਨਾਲ ਉਸੇ ਤਰ੍ਹਾਂ ਫੀਲਡ ਹਸਪਤਾਲ ਬਣਾਉਣ ਦੀ ਸਲਾਹ ਦਿੱਤੀ ਹੈ, ਜਿਵੇਂ ਕਿ ਯੁੱਧ ਦੌਰਾਨ ਬਣਾਏ ਜਾਂਦੇ ਹਨ ਤਾਂ ਕਿ ਉਨ੍ਹਾਂ ਲੋਕਾਂ ਨੂੰ ਹਸਪਤਾਲ ਵਿੱਚ ਬਿਸਤਰਾ ਮਿਲ ਸਕੇ, ਜੋ ਬੀਮਾਰ ਹਨ ਅਤੇ ਜਿਨ੍ਹਾਂ ਨੂੰ ਦਾਖ਼ਲ ਕੀਤੇ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ, ‘ਮੈਨੂੰ ਪਤਾ ਹੈ ਕਿ ਭਾਰਤ ਪਹਿਲਾਂ ਹੀ ਕਈ ਕਦਮ ਚੁੱਕ ਰਿਹਾ ਹੈ ਤਾਂ ਮੈਂ ਤੁਹਾਨੂੰ ਅਜਿਹਾ ਕੁੱਝ ਨਹੀਂ ਦੱਸ ਰਿਹਾ ਜੋ ਤੁਸੀਂ ਪਹਿਲਾਂ ਤੋਂ ਨਹੀਂ ਕਰ ਰਹੇ। ਕੁੱਝ ਦਿਨ ਪਹਿਲਾਂ ਮੈਂ ਸੁਝਾਅ ਦਿੱਤਾ ਸੀ ਕਿ ਦੇਸ਼ ਵਿੱਚ ਤਾਲਾਬੰਦੀ ਲਾਗੂ ਕਰਨੀ ਚਾਹੀਦੀ ਹੈ ਅਤੇ ਭਾਰਤ ਦੇ ਕੁੱਝ ਹਿੱਸਿਆਂ ਵਿੱਚ ਤਾਲਾਬੰਦੀ ਲਾਗੂ ਕੀਤੀ ਗਈ ਹੈ।’