ਨਵੀਂ ਦਿੱਲੀ : ਭਾਰਤੀ ਰੁਪਏ ‘ਚ ਵੱਡੀ ਗਿਰਾਵਟ ਦਰਜ(Rupee Falls to Record Low) ਕੀਤੀ ਗਈ ਹੈ, ਜਿੱਥੇ ਵੀਰਵਾਰ ਸਵੇਰੇ ਕਾਰੋਬਾਰ ਸ਼ੁਰੂ ਹੁੰਦੇ ਹੀ ਅਮਰੀਕੀ ਡਾਲਰ(US Dollar) ਦੇ ਮੁਕਾਬਲੇ ਇਹ 42 ਪੈਸੇ ਡਿੱਗ ਕੇ 80.38 ‘ਤੇ ਆ ਗਿਆ। ਇਸ ਨਾਲ ਰੁਪਿਆ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 79.9750 ਦੇ ਪੱਧਰ ‘ਤੇ ਬੰਦ ਹੋਇਆ ਸੀ, ਜਦੋਂ ਕਿ ਬੁੱਧਵਾਰ ਸਵੇਰੇ 79.79 ‘ਤੇ ਕਾਰੋਬਾਰ ਸ਼ੁਰੂ ਹੋਇਆ ਸੀ। ਰੁਪਏ ਦੇ ਹੇਠਲੇ ਪੱਧਰ ‘ਤੇ ਪਹੁੰਚਦੇ ਹੀ ਵਿਰੋਧੀ ਧਿਰ ਨੂੰ ਕੇਂਦਰ ਸਰਕਾਰ ‘ਤੇ ਹਮਲਾ ਕਰਨ ਦਾ ਮੌਕਾ ਮਿਲ ਗਿਆ ਹੈ।
ਦਰਅਸਲ ਬੁੱਧਵਾਰ ਨੂੰ ਡਾਲਰ ਇੰਡੈਕਸ 110.87 ‘ਤੇ ਪਹੁੰਚ ਗਿਆ ਸੀ, ਜੋ ਕਿ ਹੁਣ ਤੱਕ ਸਭ ਤੋਂ ਉੱਚਾ ਪੱਧਰ ਉੱਤੇ ਹੈ। ਇਸ ਤੋਂ ਬਾਅਦ ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਨੇ ਵਿਆਜ ਦਰਾਂ 0.75 ਫੀਸਦੀ ਵਧਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਹ ਕਦਮ ਮਹਿੰਗਾਈ ‘ਤੇ ਕਾਬੂ ਪਾਉਣ ਲਈ ਚੁੱਕਿਆ ਹੈ। ਲਗਾਤਾਰ ਤੀਜੇ ਵਾਧੇ ਤੋਂ ਬਾਅਦ, ਬੈਂਕ ਦੀ ਬੈਂਚਮਾਰਕ ਫੰਡ ਦਰ 3% ਤੋਂ ਵਧ ਕੇ 3.25% ਹੋ ਗਈ ਹੈ। ਮਾਹਿਰਾਂ ਮੁਤਾਬਕ 2023 ਤੱਕ ਵਿਆਜ ਦਰਾਂ 4.6 ਫੀਸਦੀ ਤੱਕ ਜਾ ਸਕਦੀਆਂ ਹਨ, ਜਿਸ ਨਾਲ ਪੂਰੀ ਦੁਨੀਆ ਦੀ ਅਰਥਵਿਵਸਥਾ ਪ੍ਰਭਾਵਿਤ ਹੋਵੇਗੀ।
Rupee falls 42 paise to all-time low of 80.38 against US dollar in early trade
— Press Trust of India (@PTI_News) September 22, 2022
ਸੋਨਾ ਹੋਇਆ ਸਸਤਾ
ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ‘ਚ 75 ਆਧਾਰ ਅੰਕਾਂ ਦਾ ਵਾਧਾ ਕਰਨ ਤੋਂ ਬਾਅਦ ਵੀਰਵਾਰ ਨੂੰ ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ ਦਰਜ ਕੀਤੀ ਗਈ। ਪੀਲੀ ਧਾਤੂ ਹੁਣ ਢਾਈ ਸਾਲ ਦੇ ਹੇਠਲੇ ਪੱਧਰ ਦੇ ਨੇੜੇ ਕਾਰੋਬਾਰ ਕਰ ਰਹੀ ਹੈ। MCX ‘ਤੇ, ਸੋਨਾ ਵਾਇਦਾ 0.11 ਫੀਸਦੀ ਜਾਂ 55 ਰੁਪਏ ਦੀ ਗਿਰਾਵਟ ਨਾਲ 49,388 ਰੁਪਏ ਪ੍ਰਤੀ 10 ਗ੍ਰਾਮ ‘ਤੇ ਕਾਰੋਬਾਰ ਕਰ ਰਿਹਾ ਸੀ। ਹਾਲਾਂਕਿ ਚਾਂਦੀ ਵਾਇਦਾ 0.31 ਫੀਸਦੀ ਜਾਂ 176 ਰੁਪਏ ਡਿੱਗ ਕੇ 57,122 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ।
ਸੈਂਸੈਕਸ 484 ਅੰਕ ਡਿੱਗਿਆ; ਨਿਫਟੀ ਸ਼ੇਅਰਾਂ ਵਿਚ ਵੀ ਗਿਰਾਵਟ
ਅਮਰੀਕੀ ਕੇਂਦਰੀ ਬੈਂਕ ਵੱਲੋਂ ਵਿਆਜ ਦਰਾਂ ’ਚ ਵਾਧੇ ਤੋਂ ਬਾਅਦ ਗਲੋਬਲ ਸ਼ੇਅਰ ਬਾਜ਼ਾਰ ਹੇਠਾਂ ਡਿੱਗ ਗਏ। ਇਸ ਦਾ ਅਸਰ ਭਾਰਤੀ ਸ਼ੇਅਰ ਮਾਰਕੀਟ ’ਤੇ ਵੀ ਪਿਆ। ਸ਼ੁਰੂਆਤੀ ਕਾਰੋਬਾਰ ’ਚ ਸੈਂਸੈਕਸ 484 ਅੰਕ ਡਿੱਗ ਗਿਆ। ਇਸ ਦੌਰਾਨ ਬੀਐੱਸਈ ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 483.71 ਅੰਕ ਡਿੱਗ ਕੇ 58,973.07 ’ਤੇ ਖੁੱਲ੍ਹਿਆ ਜਦਕਿ ਨਿਫਟੀ 137.95 ਅੰਕ ਡਿੱਗ ਕੇ 17,580.40 ’ਤੇ ਬੰਦ ਹੋਇਆ। ਇਸ ਤੋਂ ਬਾਅਦ ਵੀ ਮਾਰਕੀਟ ਉਤਰਾਅ ਚੜ੍ਹਾਅ ਦਰਮਿਆਨ ਡਿੱਗਦੀ ਰਹੀ।
ਡਾਲਰ ਕਿਉਂ ਮਜ਼ਬੂਤ ਹੋ ਰਿਹਾ ਹੈ?
ਦਰਅਸਲ, ਅਮਰੀਕਾ ਦੀ ਅਰਥਵਿਵਸਥਾ ਕੋਰੋਨਾ ਮਹਾਮਾਰੀ ਤੋਂ ਬਾਅਦ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਉੱਥੇ ਮਹਿੰਗਾਈ ਦਰ ਉੱਚੀ ਹੈ ਅਤੇ ਰੁਜ਼ਗਾਰ ਦੀ ਸਥਿਤੀ ਵੀ ਮਜ਼ਬੂਤ ਹੈ। ਇਸ ਤੋਂ ਇਲਾਵਾ ਹੋਰ ਸੈਕਟਰ ਵੀ ਚੰਗਾ ਕੰਮ ਕਰ ਰਹੇ ਹਨ। ਫੈਡਰਲ ਰਿਜ਼ਰਵ ਵੀ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਕਈ ਸਖ਼ਤ ਕਦਮ ਚੁੱਕ ਰਿਹਾ ਹੈ, ਜਿਸ ਕਾਰਨ ਡਾਲਰ ਲਗਾਤਾਰ ਮਜ਼ਬੂਤ ਹੋ ਰਿਹਾ ਹੈ।
ਡਾਲਰ ਦੀ ਤਾਕਤ ਦਾ ਕੀ ਮਤਲਬ ਹੈ?
ਜੇਕਰ ਤੁਸੀਂ ਅਮਰੀਕਾ ਜਾਂਦੇ ਹੋ ਤਾਂ ਤੁਹਾਨੂੰ ਉਸ ਤੋਂ ਪਹਿਲਾਂ ਡਾਲਰ ਖਰੀਦਣੇ ਪੈਣਗੇ। ਡਾਲਰ ਦੇ ਮਜ਼ਬੂਤ ਹੋਣ ਤੋਂ ਬਾਅਦ ਹੁਣ ਤੁਹਾਨੂੰ ਇੱਕ ਡਾਲਰ ਖਰੀਦਣ ਲਈ 80.38 ਰੁਪਏ ਦੇਣੇ ਪੈਣਗੇ। ਇਸ ਦੇ ਨਾਲ ਹੀ ਜੇਕਰ ਕੋਈ ਅਮਰੀਕੀ ਭਾਰਤ ਆਉਂਦਾ ਹੈ ਤਾਂ ਉਸ ਨੂੰ ਇਕ ਡਾਲਰ ਦੇ 80.38 ਰੁਪਏ ਮਿਲਣਗੇ। ਅੰਤਰਰਾਸ਼ਟਰੀ ਵਪਾਰ ਡਾਲਰ ਦੀ ਮਜ਼ਬੂਤੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੁੰਦਾ ਹੈ, ਕਿਉਂਕਿ ਭਾਰਤ ਜ਼ਿਆਦਾਤਰ ਦੇਸ਼ਾਂ ਨਾਲ ਡਾਲਰ ਵਿੱਚ ਵਪਾਰ ਕਰਦਾ ਹੈ।