‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਉੱਤਰ ਪ੍ਰਦੇਸ਼ ਦੇ ਸੰਸਦੀ ਕਾਰਜਾਂ ਤੇ ਪੇਂਡੂ ਵਿਕਾਸ ਰਾਜ ਮੰਤਰੀ ਅਨੰਦ ਸਵਰੂਪ ਸ਼ੁਕਲ ਨੇ ਵੀ ਮਸਜਿਦਾਂ ‘ਤੇ ਲੱਗੇ ਲਾਊਡ ਸਪੀਕਰਾਂ ਦੀ ਆਵਾਜ਼ ਨੂੰ ਲੈ ਕੇ ਇਤਰਾਜ਼ ਜ਼ਾਹਿਰ ਕੀਤਾ ਹੈ। ਜਾਣਕਾਰੀ ਅਨੁਸਾਰ ਬਲਿਆ ਦੇ ਡੀਐੱਮ ਨੂੰ ਪੱਤਰ ਲਿਖ ਕੇ ਸ਼ੁਕਲ ਨੇ ਮਸਜਿਦਾਂ ‘ਤੇ ਲੱਗੇ ਇਨ੍ਹਾਂ ਲਾਊਡ ਸਪੀਕਰਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ।
ਮੰਤਰੀ ਦਾ ਕਹਿਣਾ ਹੈ ਕਿ ਲਾਊਡ ਸਪੀਕਰਾਂ ਨਾਲ ਪੈਦਾ ਹੋਈ ਆਵਾਜ਼ ਕਾਰਣ ਯੋਗ, ਧਿਆਨ, ਪੂਜਾ-ਪਾਠ ਤੇ ਹੋਰ ਸ਼ਾਸ਼ਕੀ ਕਾਰਜਾਂ ਨੂੰ ਕਰਨ ਵਿੱਚ ਅੜਿੱਕਾ ਪੈਦਾ ਹੁੰਦਾ ਹੈ।
ਦੱਸ ਦਈਏ ਕਿ ਅਨੰਦ ਸ਼ੁਕਲ ਬਲਿਆ ਖੇਤਰ ਦੇ ਵਿਧਾਇਕ ਹਨ। ਉਨ੍ਹਾਂ ਨੇ ਆਪਣੇ ਦੋ ਪੇਜ਼ ਦੇ ਪੱਤਰ ਵਿੱਚ ਵਿਦਿਆਰਥੀਆਂ ਤੇ ਵਿਦਿਆਰਥਣਾ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਮਸਜਿਦ ਤੋਂ ਪੂਰਾ ਦਿਨ ਹੋਣ ਵਾਲੀਆਂ ਤਕਰੀਰਾਂ ਕਰਕੇ ਇਨ੍ਹਾਂ ਨੂੰ ਪਰੇਸ਼ਾਨੀ ਹੁੰਦੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਲਾਹਾਬਾਦ ਯੂਨੀਵਰਸਿਟੀ ਦੀ ਵਾਇਸ ਚਾਂਸਲਰ ਪ੍ਰੋ. ਸੰਗੀਤਾ ਸ਼੍ਰੀਵਾਸਤਵ ਨੇ ਮਸਜਿਦ ‘ਤੇ ਲੱਗੇ ਲਾਊਡ ਸਪੀਕਰਾਂ ਦੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਸਥਾਨਕ ਪ੍ਰਸ਼ਾਸ਼ਨ ਨੇ ਮਸਜਿਦ ਤੇ ਲੱਗੇ ਲਾਊਡ ਸਪੀਕਰ ਦੀ ਆਵਾਜ਼ ਘੱਟ ਕਰਵਾ ਦਿੱਤੀ ਸੀ।