India

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਆਪ ‘ਤੇ ਨਿਸ਼ਾਨਾ,ਲਾਏ ਵੱਡੇ ਇਲਜ਼ਾਮ

ਜਲੰਧਰ : ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਜਲੰਧਰ ਵਿੱਖੇ ਕੀਤੀ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਪੰਜਾਬ ਦੀ ਆਪ ਸਰਕਾਰ ‘ਤੇ ਨਿਸ਼ਾਨੇ ਲਾਏ ਹਨ।  ਉਹਨਾਂ ਕਿਹਾ ਹੈ ਕਿ ਆਪ ਦੇ ਮੰਤਰੀਆਂ ਦੀਆਂ ਜਿਸ ਤਰਾਂ ਦੀਆਂ ਵੀਡੀਓ ਸਾਹਮਣੇ ਆਈਆਂ ਹਨ,ਬੜੇ ਹੀ ਸ਼ਰਮ ਦੀ ਗੱਲ ਹੈ।

ਉਹਨਾਂ ਆਪ ਦੇ ਮੰਤਰੀਆਂ ‘ਤੇ ਪੈਸੇ ਖਾਣ ਦਾ ਇਲਜ਼ਾਮ ਲਗਾਇਆ ਹੈ ਤੇ ਕਿਹਾ ਹੈ ਕਿ ਇਹਨਾਂ ਦੇ ਸਿੱਖਿਆ ਮੰਤਰੀ ਦਾ 2 ਮਹੀਨਿਆਂ ਚ ਅਸਤੀਫ਼ਾ ਹੋ ਜਾਂਦਾ ਹੈ।ਇਹ ਭ੍ਰਿਸ਼ਟਾਚਾਰ ਕਰਨ ਵੀ ਕਿਉਂ ਨਾ,ਦਿੱਲੀ ਵਿੱਚ ਇਹਨਾਂ ਦੇ ਮੰਤਰੀ ਜੇਲ੍ਹਾਂ ਵਿੱਚ ਹਨ।

ਉਹਨਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਇਲਜ਼ਾਮ ਲਗਾਇਆ ਹੈ ਕਿ ਪਹਿਲਾਂ ਇਹਨਾਂ ਦਾ ਕਹਿਣਾ ਸੀ ਕਿ ਇਹ ਗੱਡੀਆਂ ,ਬੰਗਲੇ ਨਹੀਂ ਲੈਣਗੇ ਪਰ ਹੁਣ ਆਲੇ ਦੁਆਲੇ ਦੇ 4 ਬੰਗਲਿਆਂ ਨੂੰ ਖਾਲੀ ਕਰਵਾ ਕੇ 45 ਕਰੋੜ ਖ਼ਰਚ ਕੇ  ਦਿੱਲੀ ਦੇ ਮੁੱਖ ਮੰਤਰੀ ਦਾ ਬੰਗਲੇ ਨੂੰ ਸ਼ਿੰਗਾਰਿਆ ਗਿਆ ਹੈ ਤੇ 2 -2 ਸੂਬਿਆਂ ਦੀ ਸੁਰੱਖਿਆ ਵੀ ਇਹਨਾਂ ਲਈ ਹੋਈ ਹੈ। ਜਦੋਂ ਕਿ ਦਿੱਲੀ ਦੇ ਲੋਕਾਂ ਦੀਆਂ ਮੁਸੀਬਤਾਂ ਵਿੱਚ ਜਿੰਦਗੀ ਬਿਤਾ ਰਹੇ ਹਨ।

ਉਹਨਾਂ ਪੰਜਾਬ ਵਿੱਚ ਅਮਨ-ਕਾਨੂੰਨ ਦੀ ਗੱਲ ਕਰਦੇ ਹੋਏ ਕਿਹਾ ਹੈ ਕਿ ਇਥੇ ਹਾਲਾਤ ਠੀਕ ਨਹੀਂ ਹਨ ਤੇ ਲੁਟਪਾਟ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਮਾਫੀਆ ਪਲ ਰਿਹਾ ਹੈ । ਪੰਜਾਬ ਸਰਕਾਰ ਭ੍ਰਿਸ਼ਟਾਚਾਰ ਵਿੱਚ ਡੁੱਬੀ ਹੋਈ ਹੈ ਪਰ ਨੌਜਵਾਨ ਨਸ਼ਿਆਂ ਨਾਲ ਮਰ ਰਹੇ ਹਨ। ਉਹਨਾਂ ਸਵਾਲ ਕੀਤਾ ਹੈ ਕਿ ਬੀਤੇ ਇੱਕ ਸਾਲ ਵਿੱਚ ਪੰਜਾਬ ਚ ਚੰਗਾ ਕਿ ਹੋਇਆ ਹੈ? ਬੀਬੀਆਂ ਨੇ ਵਿਸ਼ਵਾਸ ਨਾਲ ਆਪ ਨੂੰ ਵੋਟ ਦਿੱਤੀ ਸੀ ਪਰ ਹੁਣ ਉਹ ਆਪਣੇ ਖਾਲੀ ਖਾਤਿਆਂ ਵੱਲ ਦੇਖ ਕੇ ਪਛਤਾ ਰਹੀਆਂ ਹਨ।ਮਾਣ ਕੀਤੇ ਜਾਣ ਵਾਲਾ ਕੋਈ ਕੰਮ ਮਾਨ ਨੇ ਨਹੀਂ ਕੀਤਾ ਹੈ ਸਗੋਂ ਬੇਈਮਾਨੀ ਵਾਲੇ ਸਾਰੇ ਕੰਮ ਮਾਨ ਸਰਕਾਰ ਨੇ ਕੀਤੇ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਆਪ ਦੇ ਉਮੀਦਵਾਰ ਪਹਿਲਾਂ ਕਾਂਗਰਸ ਵਿੱਚ ਸੀ। ਕਾਂਗਰਸ ਵਿੱਚ ਵੀ ਇਸ ਵੇਲੇ ਇੱਕ ਪਰਿਵਾਰ ਦਾ ਰਾਜ ਹੈ। ਇਥੇ ਇੱਕ ਹੀ ਪਰਿਵਾਰ ਤੋਂ ਸਾਂਸਦ ਤੇ ਵਿਧਾਇਕ ਬਣੀ ਜਾ ਰਹੇ ਹਨ ।

ਉਹਨਾਂ ਇਹ ਵੀ ਕਿਹਾ ਕਿ ਅਸੀਂ ਆਪਣੇ ਕੰਮ ਦੇ ਆਧਾਰ ‘ਤੇ ਵੋਟਾਂ ਮੰਗ ਰਹੇ ਹਾਂ। ਮੋਦੀ ਸਰਕਾਰ ਨੇ ਕਰਤਾਰਪੁਰ ਕੋਰੀਡੋਰ ਖੋਲਿਆ ਹੈ ਤੇ ਹੇਮਕੁੰਟ ਸਾਹਿਬ ਵਿੱਖੇ ਰੋਪਵੇਅ ਬਣਾਇਆ ਹੈ।ਕਰੋਨਾ ਵੈਕਸੀਨ ਤੇ ਅਨਾਜ ਮੁਫ਼ਤ ਦੇਣ ਵਰਗੀਆਂ ਹੋਰ ਕਈ ਸਹੂਲਤਾਂ ਵੀ ਉਹਨਾਂ ਗਿਣਵਾਈਆਂ ।

ਸਿੱਖ ਨੌਜਵਾਨਾਂ ਤੇ NSA ਲਗਾ ਕੇ ਉਹਨਾਂ ਨੂੰ ਜੇਲ੍ਹ ਭੇਜੇ ਜਾਣ ਸੰਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕੇਂਦਰੀ ਮੰਤਰੀ ਨੇ  ਇਸ ਨੂੰ ਦੋ ਸਰਕਾਰਾਂ ਦਾ ਆਪਸੀ ਮੁੱਦਾ ਦੱਸਿਆ ਤੇ ਸੁਰੱਖਿਆ ਕਾਰਣਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪੰਜਾਬ ਦੀ ਸੁਰੱਖਿਆ ਤੇ ਤਰੱਕੀ ਨੂੰ ਪਹਿਲ ਦੇ ਆਧਾਰ ‘ਤੇ ਤਰਜੀਹ ਦਿੱਤੀ ਜਾਂਦੀ ਹੈ। ਭਾਜਪਾ ਵੱਲੋਂ ਪੰਜਾਬ ਦੀ ਸੁਰੱਖਿਆ ਦੇ ਨਾਂ ਤੇ ਰਾਜਨੀਤੀ ਨਹੀਂ ਕੀਤੀ ਜਾਂਦੀ ਹੈ।