‘ਦ ਖ਼ਾਲਸ ਬਿਊਰੋ :- ਪ੍ਰਿੰਸ ਚਾਰਲਸ ਤੋਂ ਬਾਅਦ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ (55)  ਨੂੰ ਕੋਰੋਨਾਵਾਇਰਸ ਹੋਣ ਮਗਰੋਂ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਉਸ ਦੇ ਕੁੱਝ ‘ਰੁਟੀਨ ਟੈਸਟ’ ਕੀਤੇ ਗਏ ਹਨ। ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇੰਗਲੈਂਡ ਦੇ ਹਾਊਸਿੰਗ ਅਤੇ ਕਮਿਊਨਿਟੀਜ਼ ਮੰਤਰੀ ਰੌਬਰਟ ਜੈਨਰਿਕ ਨੇ ਦੱਸਿਆ ਕਿ ਜੌਹਨਸਨ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਮੁਲਕ ਦੇ ਮੁਖੀ ਬਣੇ ਰਹਿਣਗੇ ਅਤੇ ਉਨ੍ਹਾਂ ਦੇ ਛੇਤੀ ਹੀ 10 ਡਾਊਨਿੰਗ ਸਟਰੀਟ ‘ਤੇ ਪਰਤਣ ਦੀ ਆਸ ਹੈ।

ਉਧਰ, ਪ੍ਰਧਾਨ ਮੰਤਰੀ ਸ਼੍ਰੀ ਜੌਹਨਸਨ ਨੇ ਕਿਹਾ ਕਿ ਉਹ ਬਿਲਕੁਲ ਠੀਕ ਹਨ ਅਤੇ ਕੋਰੋਨਾਵਾਇਰਸ ਦੇ ਹਲਕੇ ਲੱਛਣ ਹੁਣੇ ਵੀ ਮਹਿਸੂਸ ਹੋਣ ਕਾਰਨ ਉਹ ਲੰਘੀ ਰਾਤ ਡਾਕਟਰਾਂ ਦੇ ਕਹਿਣ ‘ਤੇ ਹਸਪਤਾਲ ਰੂਟੀਨ ਟੈਸਟ ਲਈ ਆਏ ਸਨ। ਕੈਬਨਿਟ ਮੰਤਰੀ ਜੈਨਰਿਕ ਨੇ ਸੋਮਵਾਰ ਸਵੇਰੇ ਦੱਸਿਆ ਕਿ ਜੌਹਨਸਨ ਦੀ ਤਬੀਅਤ ਜ਼ਿਆਦਾ ਨਹੀਂ ਵਿਗੜੀ ਹੈ ਸਗੋਂ ਕੁੱਝ ਰੁਟੀਨ ਟੈਸਟ ਕਰਾਉਣ ਲਈ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਤਬੀਅਤ ਠੀਕ ਹੈ ਅਤੇ ਉਹ ਛੇਤੀ ਹੀ ਕੰਮ ‘ਤੇ ਪਰਤ ਆਉਣਗੇ।

ਲੰਡਨ ਦੇ ਥਾਮਸ ਹਸਪਤਾਲ ‘ਚ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੂੰ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ। ਪਰੰਤੂ ਬੌਰਿਸ ਦੇ ਬੁਖਾਰ ਸਮੇਤ ਕੋਰੋਨਾਵਾਇਰਸ ਦੇ ਲੱਛਣ ਜਾਰੀ ਰਹਿਣ ਮਗਰੋਂ ਐਤਵਾਰ ਰਾਤ ਉਨ੍ਹਾਂ ਨੂੰ ਲੰਡਨ ਦੇ ਕੌਮੀ ਸਿਹਤ ਸੇਵਾ (ਐੱਨਐੱਚਐੱਸ) ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਉਹ ਪਿਛਲੇ 10 ਦਿਨਾਂ ਤੋਂ ਕੋਰੋਨਾ ਦੇ ਮਰੀਜ਼ ਸਨ ਅਤੇ ਅਜੇ ਤੱਕ ਵਾਇਰਸ ਘਟਣ ਦਾ ਨਾਮ ਨਹੀਂ ਲੈ ਰਿਹਾ ਹੈ।

ਡਾਊਨਿੰਗ ਸਟਰੀਟ ਦੇ ਤਰਜਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਡਾਕਟਰ ਦੀ ਸਲਾਹ ‘ਤੇ ਉਨ੍ਹਾਂ ਨੂੰ ਇਹਤਿਆਤੀ ਕਦਮ ਵਜੋਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਅਤੇ ਪ੍ਰਧਾਨ ਮੰਤਰੀ ਨੇ ਐੱਨਐੱਚਐੱਸ ਅਮਲੇ ਵੱਲੋਂ ਕੀਤੀ ਜਾ ਰਹੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਿਆਂ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਸਰਕਾਰ ਦੀ ਸਲਾਹ ਦਾ ਪਾਲਣ ਕਰਦਿਆਂ ਘਰਾਂ ਅੰਦਰ ਸੁਰੱਖਿਅਤ ਰਹਿਣ। ਉਨ੍ਹਾਂ ਦੀ ਗ਼ੈਰਹਾਜ਼ਰੀ ‘ਚ ਵਿਦੇਸ਼ ਮੰਤਰੀ ਡੋਮਿਨਿਕ ਰਾਬ ਕੋਰੋਨਾਵਾਇਰਸ ਨਾਲ ਨਜਿੱਠਣ ਬਾਰੇ ਕੀਤੀਆਂ ਜਾ ਰਹੀਆਂ ਬੈਠਕਾਂ ਦੀ ਅਗਵਾਈ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਵੀਰਵਾਰ ਰਾਤ ਡਾਊਨਿੰਗ ਸਟਰੀਟ ‘ਤੇ ਹੋਰ ਲੋਕਾਂ ਦਾ ਸਾਥ ਦਿੰਦਿਆਂ ਆਪਣੇ ‘ਯੋਧਿਆਂ’ ਦੇ ਸਨਮਾਨ ‘ਚ ਤਾੜੀਆਂ ਮਾਰੀਆਂ ਸਨ।