India

ਯੂ.ਪੀ. ‘ਚ ਕਿਸਾਨਾਂ ਨੂੰ ਭੜਕਾਉਣ ਦੇ ਦੋਸ਼ਾਂ ਤਹਿਤ 6 ਕਿਸਾਨਾਂ ਨੂੰ 50-50 ਲੱਖ ਦੇ ਬਾਂਡ ਜਮ੍ਹਾ ਕਰਵਾਉਣ ਦੇ ਹੁਕਮ

‘ਦ ਖ਼ਾਲਸ ਬਿਊਰੋ :- ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹਾ ਪ੍ਰਸ਼ਾਸਨ ਨੇ ਛੇ ਕਿਸਾਨ ਲੀਡਰਾਂ ਨੂੰ 50 ਲੱਖ ਰੁਪਏ ਦੇ ਨਿੱਜੀ ਬਾਂਡ ਅਤੇ ਇਸ ਰਕਮ ਬਾਰੇ ਦੋ ਗਰਾਂਟਰਾਂ ਦੀਆਂ ਸਕਿਊਰਿਟੀਆਂ ਜਮ੍ਹਾ ਕਰਵਾਉਣ ਨੂੰ ਕਿਹਾ ਹੈ। ਛੇ ਕਿਸਾਨ ਲੀਡਰਾਂ ਉੱਪਰ ਪੁਲਿਸ ਨੇ ਸਥਾਨਕ ਕਿਸਾਨਾਂ ਨੂੰ ਭੜਕਾਉਣ ਦਾ ਇਲਜ਼ਾਮ ਲਾਇਆ ਸੀ। ਇਨ੍ਹਾਂ ਛੇ ਕਿਸਾਨ ਲੀਡਰਾਂ ਵਿੱਚ ਭਾਰਤੀ ਕਿਸਾਨ ਯੂਨੀਅਨ (ਅਸਲੀ) ਦੇ ਸੰਭਲ ਜ਼ਿਲ੍ਹਾ ਪ੍ਰਧਾਨ ਰਾਜਪਾਲ ਸਿੰਘ, ਜੈਵੀਰ ਅਤੇ ਸਤਿੰਦਰਾ ਸ਼ਾਮਲ ਹਨ।

ਐੱਸਡੀਐੱਮ ਦੀਪੇਂਦਰ ਯਾਦਵ ਨੇ ਇਸ ਦੀ ਪੁਸ਼ਟੀ ਕੀਤੀ ਹੈ। ਪੁਲਿਸ ਵੱਲੋਂ ਜਮ੍ਹਾ ਕਰਵਾਈ ਗਈ ਰਿਪੋਰਟ ਦੇ ਅਧਾਰ ‘ਤੇ ਕਿਸਾਨਾਂ ਨੂੰ ਇਹ ਨੋਟਿਸ ਕਰੀਮੀਨਲ ਪ੍ਰੋਸਜ਼ੀਰ ਕੋਡ ਦੀ ਧਾਰਾ 111 ਤਹਿਤ ਜਾਰੀ ਕੀਤਾ ਗਿਆ ਹੈ। ਇਸ ਧਾਰਾ ਤਹਿਤ ਮੈਜਿਸਟਰੇਟ ਕਿਸੇ ਵੀ ਅਮਨ ਭੰਗ ਕਰਨ ਵਾਲੇ ਸ਼ਖ਼ਸ ਨੂੰ ਨੋਟਿਸ ਜਾਰੀ ਕਰ ਸਕਦਾ ਹੈ।