ਪਟਿਆਲਾ : ਪੰਜਾਬ ਵਿਚ ਸੜਕ ਹਾਦਸੇ ਦਿਨੋ-ਦਿਨ ਵਧਦੇ ਜਾ ਰਹੇ ਹਨ। ਸੜਕ ਹਾਦਸਿਆਂ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਅਜਿਹਾ ਹੀ ਦਰਦਨਾਕ ਹਾਦਸਾ ਬੀਤੀ ਰਾਤ ਪਟਿਆਲਾ-ਸੰਗਰੂਰ ਰੋਡ ‘ਤੇ ਵਾਪਰਿਆ ਹੈ ਜਿਸ ਵਿੱਚ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ।
ਤਕਾਂ ਦੀ ਪਛਾਣ ਅਰਸ਼ਪ੍ਰੀਤ ਸਿੰਘ ਵਾਸੀ ਹੁਸ਼ਿਆਰਪੁਰ ਤੇ ਆਯੂਸ਼ ਚਲਾਨਾ ਵਾਸੀ ਗੰਗਾਨਗਰ ਅਤੇ ਜ਼ਖ਼ਮੀ ਨੌਜਵਾਨ ਦੀ ਪਛਾਣ ਪ੍ਰਥਮ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨੋਂ ਨੌਜਵਾਨ ਗੌਰਮਿੰਟ ਮੈਡੀਕਲ ਕਾਲਜ ਪਟਿਆਲਾ ਵਿੱਚ ਐੱਮਬੀਬੀਐੱਸ ਕਰ ਚੁੱਕੇ ਸਨ ਤੇ ਹੁਣ ਇੰਟਰਨਸ਼ਿਪ ਕਰ ਰਹੇ ਸਨ।
ਪੁਲਿਸ ਅਨੁਸਾਰ ਤਿੰਨੋਂ ਨੌਜਵਾਨ ਬਲੈਨੋ ਕਾਰ ਵਿੱਚ ਆਪਣੇ ਕਾਲਜ ਦੇ ਹੋਸਟਲ ਤੋਂ ਸੰਗਰੂਰ ਰੋਡ ’ਤੇ ਜਾ ਰਹੇ ਸਨ। ਕਾਰ ਪ੍ਰਥਮ ਚਲਾ ਰਿਹਾ ਸੀ। ਹੋਸਟਲ ਤੋਂ ਦੋ ਕੁ ਕਿਲੋਮੀਟਰ ਦੇ ਫਾਸਲੇ ’ਤੇ ਏਵੀਏਸ਼ਨ ਕਲੱਬ ਕੋਲ ਉਨ੍ਹਾਂ ਦੀ ਕਾਰ ਸੜਕ ਕਿਨਾਰੇ ਖੜ੍ਹੇ ਟਰੱਕ ਦੇ ਪਿੱਛੇ ਜਾ ਵੱਜੀ।
ਪੁਲਿਸ ਚੌਕੀ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਇੰਚਾਰਜ ਜਪਨਾਮ ਸਿੰਘ ਵਿਰਕ ਨੇ ਦੱਸਿਆ ਕਿ ਹਾਦਸੇ ਦੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ ਸੀ, ਜਿੱਥੇ ਡਾਕਟਰਾਂ ਨੇ ਅਰਸ਼ਪ੍ਰੀਤ ਤੇ ਆਯੂਸ਼ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਪ੍ਰਥਮ ਇੱਥੇ ਜ਼ੇਰੇ ਇਲਾਜ ਹੈ। ਪੁਲਿਸ ਨੇ ਥਾਣਾ ਸਿਵਲ ਲਾਈਨ ਵਿੱਚ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। ਪੋਸਟਮਾਰਟਮ ਮਗਰੋਂ ਦੋਵੇਂ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।