Punjab

ਜਲੰਧਰ ‘ਚ ਤੇਜ਼ ਰਫਤਾਰ ਕਾਰ ਨੇ ਦਰੜੀਆਂ ਦੋ ਲੜਕੀਆਂ, ਇਕ ਦੀ ਮੌ ਤ, ਦੂਜੀ ਗੰਭੀਰ ਜ਼ਖਮੀ

‘ਦ ਖ਼ਾਲਸ ਟੀਵੀ ਬਿਊਰੋ:- ਜਲੰਧਰ ਵਿਚ ਇਕ ਤੇਜ ਰਫਤਾਰ ਕਾਰ ਨੇ ਰਾਮਾ ਮੰਡੀ ਦੇ ਅਧੀਨ ਆਉਂਦੇ ਜਲੰਧਰ-ਫਗਵਾੜਾ ਮੁੱਖ ਮਾਰਗ ਨੇੜੇ ਦੋ ਲੜਕੀਆਂ ਨੂੰ ਦਰੜ ਦਿੱਤਾ। ਇਹ ਕਾਰ ਪੁਲਿਸ ਦੀ ਦੱਸੀ ਜਾ ਰਹੀ ਹੈ। ਹਾਦਸੇ ਦੀਆਂ ਸ਼ਿਕਾਰ ਕੁੜੀਆਂ ਹੁੰਡਈ ਕੰਪਨੀ ‘ਚ ਕੰਮ ਕਰਨ ਲਈ ਪੈਦਲ ਜਾ ਰਹੀਆਂ ਸਨ। ਇਸ ਦੌਰਾਨ ਦੋ ਲੜਕੀਆਂ ਨੂੰ ਪੁਲਿਸ ਮੁਲਾਜ਼ਮ ਦੀ ਇਕ ਤੇਜ਼ ਰਫ਼ਤਾਰ ਗੱਡੀ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਇੱਕ ਲੜਕੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ, ਜਦੋਂਕਿ ਦੂਜੀ ਦੀ ਹਾਲਤ ਗੰਭੀਰ ਹੈ। ਉਸਦਾ ਇਲਾਜ ਰਾਮਾ ਮੰਡੀ ‘ਚ ਸਥਿਤ ਇਕ ਨਿੱਜੀ ਹਸਪਤਾਲ ‘ਚ ਕੀਤਾ ਜਾ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਉਕਤ ਗੱਡੀ ਨੂੰ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਚਲਾ ਰਿਹਾ ਸੀ। ਉਸਦੀ ਪੋਸਟਿੰਗ ਹਰੀਕੇ-ਪਤਨ ਤਰਨਤਾਰਨ ਵਿਖੇ ਹੈ। ਮੌਕੇ ’ਤੇ ਮੌਜੂਦ ਲੋਕਾਂ ਨੇ ਇਸ ਸਬੰਧੀ ਥਾਣਾ ਕੈਂਟ ਦੀ ਪੁਲਸ ਨੂੰ ਸੂਚਨਾ ਦਿੱਤੀ। ਹਾਦਸੇ ਦੀ ਸੂਚਨਾ ਪਾ ਕੇ ਮੌਕੇ ’ਤੇ ਥਾਣਾ ਕੈਂਟ ਦੇ ਏ. ਐੱਸ. ਆਈ. ਕਰਨੈਲ ਸਿੰਘ ਅਤੇ ਗੁਰਸੇਵਕ ਸਿੰਘ ਪੁਲਸ ਪਾਰਟੀ ਨਾਲ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਦੋਵੇਂ ਕੁੜੀਆਂ ਪਿੰਡ ਧੰਨੋਵਾਲੀ ਦੀਆਂ ਰਹਿਣ ਵਾਲੀਆਂ ਹਨ।

ਹਾਦਸੇ ਦੀ ਜਾਣਕਾਰੀ ਮਿਲਣ ਸਾਰ ਮ੍ਰਿਤਕ ਲੜਕੀ ਦੇ ਮਾਪਿਆਂ ਨੇ ਲੋਕਾਂ ਨਾਲ ਹਾਈਵੇਅ ’ਤੇ ਜਮਾ ਲਗਾ ਕੇ ਧਰਨਾ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।