‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਚੰਡੀਗੜ੍ਹ ਦੇ ਲਾਗੇ ਢਕੋਲੀ ਇਲਾਕੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇੱਕ ਹੋਟਲ ਵਿੱਚ ਵੇਟਰ ਦਾ ਕੰਮ ਕਰਨ ਵਾਲਿਆਂ ਨੂੰ ਹੋਟਲ ਵਿੱਚ ਰੁਕੇ ਇੱਕ ਵਿਅਕਤੀ ਦੀ ਕਾਰ ਝੂਠ ਬੋਲ ਲੈ ਕੇ ਜਾਣੀ ਮਹਿੰਗੀ ਪੈ ਗਈ। ਇਨ੍ਹਾਂ ਦੋਹਾਂ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਵੇਟਰ ਮੋਗਾ ਨਿਵਾਸੀ ਰਣਜੀਤ ਸਿੰਘ ਜੀਰਕਪੁਰ ਦੇ ਇੱਕ ਹੋਟਲ ਵਿੱਚ ਰੁਕਿਆ ਹੋਇਆ ਸੀ। ਰਾਤ ਕੋਈ 11 ਵਜੇ ਹੋਟਲ ਦੇ ਸਟਾਫ ਨੇ ਪਾਰਕਿੰਗ ਵਿੱਚੋਂ ਗੱਡੀ ਕੱਢਣ ਲਈ ਉਸਦੀ ਕਾਰ ਦੀ ਚਾਬੀ ਲੈ ਲਈ। ਕਾਰ ਦੀ ਚਾਬੀ ਲੈਣ ਵਾਲਾ 26 ਸਾਲ ਦਾ ਕੈਥਲ ਨਿਵਾਸੀ ਵਿਸ਼ਾਲ ਤੇ ਉਸਦਾ 32 ਸਾਲਾ ਅੰਮ੍ਰਿਤਸਰ ਦਾ ਰਹਿਣ ਵਾਲਾ ਹਰੀਸ਼, ਕਾਰ ਮਾਲਕ ਤੇ ਹੋਟਲ ਦੇ ਪ੍ਰਬੰਧਕਾਂ ਨੂੰ ਦੱਸੇ ਬਗੈਰ ਘੁੰਮਣ ਤੇ ਸ਼ਰਾਬ ਪੀਣ ਲਈ ਚਲੇ ਗਏ। ਪੁਲਿਸ ਦੇ ਅਨੁਸਾਰ ਸਵੇਰੇ 7 ਵਜੇ ਉਨ੍ਹਾਂ ਦੀ ਕਾਰ ਢਕੋਲੀ ਨੇੜੇ ਇੱਕ ਦਰਖਤ ਨਾਲ ਟਕਰਾ ਗਈ ਤੇ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਾਰ ਨੂੰ ਵਿਸ਼ਾਲ ਚਲਾ ਰਿਹਾ ਸੀ ਜੋ ਦੋ ਭੈਣਾ ਦਾ ਇਕਲੌਤਾ ਭਰਾ ਸੀ। ਮ੍ਰਿਤਕ ਹਰੀਸ਼ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਉਹ ਵੀ ਵਿਧਵਾ ਮਾਂ ਦਾ ਇਕਲੌਤਾ ਲੜਕਾ ਸੀ।