India

ਟਵਿੱਟਰ ਨੇ ਭਾਰਤ ਦੇ ਕੁੱਝ ਖਾਤਿਆਂ ‘ਤੇ ਲਾਈ ਪਾਬੰਦੀ

‘ਦ ਖ਼ਾਲਸ ਬਿਊਰੋ :- ਟਵਿੱਟਰ ਨੇ ਭਾਰਤ ਸਰਕਾਰ ਵੱਲੋਂ ਸਿਰਫ ਭਾਰਤ ਵਿੱਚ ਹੀ ਕੁੱਝ ਖਾਤੇ ਬੰਦ ਕਰਨ ਦੇ ਹੁਕਮਾਂ ਤਹਿਤ ਕੁੱਝ ਖਾਤਿਆਂ ’ਤੇ ਪਾਬੰਦੀ ਲਗਾ ਦਿੱਤੀ ਹੈ। 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਹੋਈ ਘਟਨਾ ਤੋਂ ਬਾਅਦ ਕੇਂਦਰ ਸਰਕਾਰ ਨੇ ਟਵਿੱਟਰ ਨੂੰ ਖਾਲਿਸਤਾਨ ਅਤੇ ਪਾਕਿਸਤਾਨ ਸਮਰਥਨ ਵਾਲੇ ਟਵਿੱਟਰ ਖਾਤੇ ਬੰਦ ਕਰਨ ਲਈ ਨਿਰਦੇਸ਼ ਦਿੱਤੇ ਸੀ।

ਟਵਿੱਟਰ ਨੇ ਸਿਵਲ ਸੁਸਾਇਟੀ ਦੇ ਕਾਰਕੁੰਨਾਂ, ਲੀਡਰਾਂ ਅਤੇ ਮੀਡੀਆ ਦੇ ਟਵਿੱਟਰ ਹੈਂਡਲ ਵਾਲੇ ਖਾਤਿਆਂ ਨੂੰ ਹਾਲੇ ਬੰਦ ਨਹੀਂ ਕੀਤਾ। ਟਵਿੱਟਰ ਨੇ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਅਜਿਹਾ ਕਰਨ ਨਾਲ ਵਿਚਾਰਾਂ ਦੀ ਆਜ਼ਾਦੀ ਦੇ ਮੁੱਢਲੇ ਅਧਿਕਾਰ ਦੀ ਉਲੰਘਣਾ ਹੋਵੇਗੀ। ਟਵਿੱਟਰ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੇ ਗਾਹਕਾਂ ਦੀ ਪ੍ਰਗਟਾਵੇ ਦੀ ਆਜ਼ਾਦੀ ਦਾ ਸਮਰਥਨ ਜਾਰੀ ਰੱਖੇਗੀ।

ਜਾਣਕਾਰੀ ਮੁਤਾਬਕ ਟਵਿੱਟਰ ਨੇ ਹੁਣ ਭਾਰਤ ਸਰਕਾਰ ਨੂੰ ਭਰੋਸਾ ਦਿੱਤਾ ਹੈ ਕਿ ਕੰਪਨੀ ਸਰਕਾਰ ਦੇ ਇਤਰਾਜ਼ਾਂ ਵੱਲ ਧਿਆਨ ਦੇਵੇਗੀ। ਟਵਿੱਟਰ ਨੇ ਕੇਂਦਰ ਸਰਕਾਰ ਦੁਆਰਾ ਆਈ ਟੀ ਐਕਟ ਦੀ ਧਾਰਾ 69A ਦੇ ਤਹਿਤ ਭੇਜੇ ਗਏ ਨੋਟਿਸ ਵਿੱਚ ਕੰਟੇਂਟ ‘ਤੇ ਉੱਠੇ ਪ੍ਰਸ਼ਨਾਂ ‘ਤੇ ਗੌਰ ਕਰਨ ਦਾ ਵੀ ਦਾਅਵਾ ਕੀਤਾ।

ਸੂਤਰਾਂ ਦੀ ਜਾਣਕਾਰੀ ਮੁਤਾਬਕ ‘ਕਿਸਾਨ ਕਤਲੇਆਮ’ ਹੈਸ਼ਟੈਗ ਦੇ ਤਹਿਤ ਟਵਿੱਟਰ ‘ਤੇ ਟਵੀਟ ਕੀਤੇ ਗਏ 257 ਖਾਤਿਆਂ ਵਿੱਚੋਂ 126 ਬੰਦ ਹੋ ਗਏ ਸਨ। ਕੁੱਝ ਦਿਨ ਪਹਿਲਾਂ ਟਵਿੱਟਰ ਨੇ ਉਸ ਨੂੰ ਸਿਰਫ ਬਲੌਕ ਕੀਤਾ ਸੀ। ਉਨ੍ਹਾਂ ਵਿਚੋਂ ਬਹੁਤ ਸਾਰੇ ਦੁਬਾਰਾ ਖੋਲ੍ਹ ਦਿੱਤੇ ਗਏ ਸਨ। ਹੁਣ ਉਨ੍ਹਾਂ ਵਿੱਚੋਂ ਕਈਆਂ ਨੂੰ ਦੁਬਾਰਾ ਰੋਕ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ 1178 ਟਵਿੱਟਰ ਖਾਤਿਆਂ ਵਿੱਚੋਂ 583 ਖਾਤੇ ਬੰਦ ਕਰ ਦਿੱਤੇ ਗਏ ਹਨ, ਜਿਨ੍ਹਾਂ ਨੂੰ ਸਰਕਾਰ ਨੇ ਹਾਲ ਹੀ ਵਿੱਚ ਪਾਕਿਸਤਾਨ ਅਤੇ ਖਾਲਿਸਤਾਨ ਦੁਆਰਾ ਬੰਦ ਕਰਨ ਦੇ ਆਦੇਸ਼ ਦਿੱਤੇ ਸਨ। ਸਰਕਾਰ ਨੇ ਇਨ੍ਹਾਂ ਖਾਤਿਆਂ ‘ਤੇ ਗਲਤ ਅਤੇ ਭੜਕਾਊ ਜਾਣਕਾਰੀ ਫੈਲਾਉਣ ਦੇ ਦੋਸ਼ ਲਗਾਏ ਸਨ।