‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫ਼ਾ ਦਿੱਤਾ ਹੈ, ਉਦੋਂ ਤੋਂ ਮੀਡੀਆ ਦੀਆਂ ਨਜ਼ਰਾਂ ਕੈਪਟਨ ਅਮਰਿੰਦਰ ਸਿੰਘ ‘ਤੇ ਟਿਕੀਆਂ ਹੋਈਆਂ ਹਨ ਕਿ ਉਹ ਭਵਿੱਖ ਵਿੱਚ ਕੀ ਕਰਨਗੇ, ਕਿਹੜੀ ਪਾਰਟੀ ਵਿੱਚ ਸ਼ਾਮਿਲ ਹੋਣਗੇ ਜਾਂ ਫਿਰ ਆਪਣੀ ਕੋਈ ਪਾਰਟੀ ਬਣਾਉਣਗੇ।
ਇਸੇ ਦੇ ਚੱਲਦਿਆਂ ਭਾਰਤੀ ਫੁੱਟਬਾਲ ਟੀਮ ਦੇ ਇੱਕ ਖਿਡਾਰੀ ਅਮਰਿੰਦਰ ਸਿੰਘ ਦਾ ਟਵੀਟ ਸਾਹਮਣੇ ਆਇਆ ਹੈ, ਜਿਸ ਵਿੱਚ ਉਸਨੇ ਨਿਊਜ਼ ਮੀਡੀਆ ਅਤੇ ਪੱਤਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨਹੀਂ ਹਨ ਤੇ ਉਹਨਾਂ ਨੂੰ ਟੈਗ ਨਾ ਕੀਤਾ ਜਾਵੇ। ਉਹ ਭਾਰਤੀ ਫੁੱਟਬਾਲ ਟੀਮ ਵਿੱਚ ਇੱਕ ਗੋਲਕੀਪਰ (Goalkeeper) ਹਨ।
ਅਮਰਿੰਦਰ ਸਿੰਘ ਦੇ ਟਵੀਟ ’ਤੇ ਕੈਪਟਨ ਅਮਰਿੰਦਰ ਸਿੰਘ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਹੈ। ਕੈਪਟਨ ਨੇ ਉਸਦੇ ਟਵੀਟ ’ਤੇ ਲਿਖਿਆ ਹੈ ਕਿ ਮੇਰੇ ਨੌਜਵਾਨ ਦੋਸਤ, ਮੈਨੂੰ ਤੇਰੇ ਨਾਲ ਹਮਦਰਦੀ ਹੈ। ਭਵਿੱਖ ਦੀਆਂ ਖੇਡਾਂ ਲਈ ਤੁਹਾਨੂੰ ਸ਼ੁਭਕਾਮਨਾਵਾਂ।
ਖਿਡਾਰੀ ਅਮਰਿੰਦਰ ਸਿੰਘ ਦੇ ਟਵੀਟ ਥੱਲੇ ਕੁੱਝ ਲੋਕਾਂ ਵੱਲੋਂ ਕੁਮੈਂਟ ਵੀ ਕੀਤੇ ਗਏ ਹਨ ਕਿ “ਇਸੇ ਬਹਾਨੇ ਦੇਸ਼ ਦੀ ਜਨਤਾ ਨੂੰ ਪਤਾ ਲੱਗ ਗਿਆ ਹੈ ਕਿ ਭਾਰਤੀ ਫੁੱਟਬਾਲ ਟੀਮ ਦਾ ਗੋਲਕੀਪਰ ਕੌਣ ਹੈ। ਕੁੱਝ ਗਲਤਫਹਿਮੀਆਂ ਅੱਛੀ ਵੀ ਹੁੰਦੀਆਂ ਹਨ”।
ਖਿਡਾਰੀ ਅਮਰਿੰਦਰ ਸਿੰਘ ਨੇ ਕੈਪਟਨ ਦੇ ਟਵੀਟ ਦਾ ਧੰਨਵਾਦ ਕਰਦਿਆਂ ਕਿਹਾ ਕਿ “ਸ਼ੁਭਕਾਮਨਾਵਾਂ ਦੇਣ ਲਈ ਧੰਨਵਾਦ ਕੈਪਟਨ”।