International

USAID ਖਿਲਾਫ ਟਰੰਪ ਦਾ ਵੱਡਾ ਐਕਸ਼ਨ, 1600 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ, ਬਾਕੀਆਂ ਨੂੰ ਛੁੱਟੀ ‘ਤੇ ਭੇਜਿਆ

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਬੀਤੇ ਦਿਨੀਂ ਕਿਹਾ ਸੀ ਕਿ ਉਹ ਵਿਦੇਸ਼ ਵਿਚ ਮਦਦ ਮੁਹੱਈਆ ਕਰਾਉਣ ਵਾਲੀ ਏਜੰਸੀ USAID ਦੇ 1600 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਰਹੇ ਹਨ ਤੇ ਬਾਕੀ ਮੁਲਾਜ਼ਮਾਂ ਨੂੰ ਪੇਡ ਲੀਵ ‘ਤੇ ਭੇਜਿਆ ਜਾ ਰਿਹਾ ਹੈ ਯਾਨੀ ਉਹ ਕੰਮ ‘ਤੇ ਨਹੀਂ ਆਉਣਗੇ ਪਰ ਉਨ੍ਹਾਂ ਨੂੰ ਸੈਲਰੀ ਮਿਲਦੀ ਰਹੇਗੀ।

USAID (ਯੂ.ਐੱਸ. ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ) ਦੁਨੀਆ ਭਰ ਵਿੱਚ ਸਿਰਫ਼ ਕੁਝ ਕੁ ਆਗੂਆਂ ਅਤੇ ਜ਼ਰੂਰੀ ਸਟਾਫ਼ ਨੂੰ ਹੀ ਰੱਖੇਗੀ। ਇਹ ਉਹੀ ਸੰਗਠਨ ਹੈ ਜਿਸਨੇ ਭਾਰਤ ਵਿੱਚ ਚੋਣਾਂ ਦੌਰਾਨ ਵੋਟਰਾਂ ਦੀ ਗਿਣਤੀ ਵਧਾਉਣ ਲਈ 182 ਕਰੋੜ ਰੁਪਏ ਦੀ ਫੰਡਿੰਗ ਪ੍ਰਦਾਨ ਕੀਤੀ ਸੀ। ਟਰੰਪ ਨੇ ਪਿਛਲੇ ਇੱਕ ਹਫ਼ਤੇ ਵਿੱਚ ਇਸ ਬਾਰੇ ਪੰਜ ਵਾਰ ਸਵਾਲ ਚੁੱਕੇ ਹਨ।

10 ਦਿਨ ਪਹਿਲਾਂ, ਐਲੋਨ ਮਸਕ ਦੇ ਡੀਓਜੀਈ ਵਿਭਾਗ ਨੇ ਭਾਰਤ ਅਤੇ ਦੁਨੀਆ ਭਰ ਵਿੱਚ ਦਿੱਤੇ ਜਾ ਰਹੇ 15 ਹੋਰ ਫੰਡਿੰਗਾਂ ਨੂੰ ਰੋਕ ਦਿੱਤਾ ਸੀ।

ਟਰੰਪ ਪ੍ਰਸ਼ਾਸਨ ਵਲੋਂ ਬੀਤੀ ਰਾਤ ਕਰੀਬ 12 ਵਜੇ ਯੂ.ਐਸ.ਏਡ ਦੇ ਮੁਲਾਜ਼ਮਾਂ ਨੂੰ ਸੰਦੇਸ਼ ਭੇਜਿਆ ਗਿਆ ਕਿ ਉਨ੍ਹਾਂ ਨੂੰ ਛੁੱਟੀ ’ਤੇ ਭੇਜਿਆ ਜਾ ਰਿਹਾ ਹੈ।

ਨੋਟਿਸ ’ਚ ਇਹ ਵੀ ਕਿਹਾ ਗਿਆ ਹੈ ਕਿ ਕਰਮਚਾਰੀਆਂ ਦੀ ਕਟੌਤੀ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਨਾਲ ਅਮਰੀਕਾ ’ਚ 2,000 ਨੌਕਰੀਆਂ ਖਤਮ ਹੋ ਜਾਣਗੀਆਂ। ਬਾਅਦ ਵਿਚ ਯੂ.ਐਸ.ਏਡ ਦੀ ਵੈੱਬਸਾਈਟ ’ਤੇ ਪੋਸਟ ਕੀਤੇ ਗਏ ਇਕ ਨੋਟਿਸ ਵਿਚ ਖ਼ਾਲੀ ਕੀਤੇ ਅਹੁਦਿਆਂ ਦੀ ਗਿਣਤੀ ਘਟਾ ਕੇ 1,600 ਕਰ ਦਿਤੀ ਗਈ।

ਪ੍ਰਸ਼ਾਸਨ ਨੇ ਇਸ ਸਬੰਧ ’ਚ ਕੋਈ ਸਪੱਸ਼ਟੀਕਰਨ ਜਾਰੀ ਨਹੀਂ ਕੀਤਾ। ਯੂ.ਐਸ.ਏਡ ਅਤੇ ਵਿਦੇਸ਼ ਵਿਭਾਗ ਨੇ ਵੀ ਇਸ ਸਬੰਧ ’ਚ ਕੋਈ ਬਿਆਨ ਜਾਰੀ ਨਹੀਂ ਕੀਤਾ। ਯੂ.ਐਸ.ਏਡ ਦੇ ਡਿਪਟੀ ਪ੍ਰਸ਼ਾਸਕ ਪੀਟ ਮਾਰਕੋ ਨੇ ਸੰਕੇਤ ਦਿਤਾ ਕਿ ਉਹ ਲਗਭਗ 600 ਮੁਲਾਜ਼ਮਾਂ ਨੂੰ ਨੌਕਰੀ ’ਤੇ ਰੱਖਣ ਦੀ ਯੋਜਨਾ ਬਣਾ ਰਹੇ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਅਮਰੀਕਾ ਵਿਚ ਰਹਿੰਦੇ ਹਨ।