International

ਪੋਰਨ ਸਟਾਰ ਮਾਮਲੇ ’ਚ ਟਰੰਪ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ! 34 ਮਾਮਲਿਆਂ ’ਚ ਪਾਏ ਗਏ ਦੋਸ਼ੀ

ਪੋਰਨ ਸਟਾਰ ਮਾਮਲੇ ਵਿੱਚ ਦੋਸ਼ੀ ਪਾਏ ਗਏ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅੱਜ ਸਜ਼ਾ ਸੁਣਾਈ ਜਾਵੇਗੀ। 30 ਮਈ ਨੂੰ ਅਦਾਲਤ ਨੇ ਟਰੰਪ ਨੂੰ ਪੋਰਨ ਸਟਾਰ ਸਟੋਰਮੀ ਡੇਨੀਅਲਸ ਨੂੰ ਚੁੱਪ ਕਰਾਉਣ ਲਈ ਪੈਸੇ ਦੇਣ ਅਤੇ ਚੋਣ ਪ੍ਰਚਾਰ ਦੌਰਾਨ ਕਾਰੋਬਾਰੀ ਰਿਕਾਰਡਾਂ ਨੂੰ ਝੂਠਾ ਕਰਨ ਦਾ ਦੋਸ਼ੀ ਪਾਇਆ ਸੀ।

ਟਰੰਪ ਨੂੰ ਨਿਊਯਾਰਕ ਵਿੱਚ ਕਰੀਬ ਛੇ ਹਫ਼ਤਿਆਂ ਤੱਕ ਚੱਲੇ ਮੁਕੱਦਮੇ ਵਿੱਚ 34 ਦੋਸ਼ਾਂ ਵਿੱਚ ਦੋਸ਼ੀ ਪਾਇਆ ਗਿਆ ਸੀ। ਇਹ ਮਾਮਲਾ 2016 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਪਹਿਲਾਂ ਦਾ ਹੈ। ਇਸ ਦੇ ਖ਼ੁਲਾਸੇ ਤੋਂ ਬਾਅਦ, ਇਹ ਅਮਰੀਕੀ ਇਤਿਹਾਸ ਵਿਚ ਪਹਿਲੀ ਵਾਰ ਸੀ ਕਿ ਕਿਸੇ ਰਾਸ਼ਟਰਪਤੀ ਦੇ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ।

ਕੀ ਹਨ ਟਰੰਪ ’ਤੇ ਲੱਗੇ 34 ਦੋਸ਼?

ਟਰੰਪ ’ਤੇ ਕਾਰੋਬਾਰੀ ਰਿਕਾਰਡਾਂ ਨੂੰ ਝੂਠਾ ਕਰਨ ਦੇ 34 ਮਾਮਲਿਆਂ ਦਾ ਦੋਸ਼ ਲਗਾਇਆ ਗਿਆ ਹੈ। ਇਹ ਸਾਰੇ ਦੋਸ਼ ਪੋਰਨ ਸਟਾਰ ਸਟੋਰਮੀ ਡੇਨੀਅਲਸ ਨੂੰ 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਚੁੱਪ ਰਹਿਣ ਲਈ 1 ਲੱਖ 30 ਹਜ਼ਾਰ ਡਾਲਰ (ਕਰੀਬ 1 ਕਰੋੜ 7 ਲੱਖ ਰੁਪਏ) ਦੇਣ ਨਾਲ ਸਬੰਧਿਤ ਹਨ।

11 ਚਾਰਜ ਚੈੱਕ ਸਾਈਨ ਕਰਨ ਨਾਲ ਸਬੰਧਿਤ ਹਨ। ਹੋਰ 11 ਦੋਸ਼ ਕੋਹੇਨ ਕੰਪਨੀ ਨੂੰ ਜਮ੍ਹਾਂ ਕਰਵਾਏ ਗਏ ਝੂਠੇ ਚਲਾਨ ਨਾਲ ਸਬੰਧਿਤ ਹਨ ਅਤੇ ਬਾਕੀ 12 ਦੋਸ਼ ਰਿਕਾਰਡਾਂ ਵਿੱਚ ਗ਼ਲਤ ਜਾਣਕਾਰੀ ਪ੍ਰਦਾਨ ਕਰਨ ਨਾਲ ਸਬੰਧਿਤ ਹਨ।

ਟਰੰਪ ਦੇ ਵਕੀਲ ਮਾਈਕਲ ਕੋਹੇਨ ਨੇ ਦੋਸ਼ ਲਾਇਆ ਸੀ ਕਿ ਉਸ ਨੇ ਟਰੰਪ ਦੇ ਕਹਿਣ ’ਤੇ ਸਟੋਰਮੀ ਨੂੰ ਪੈਸੇ ਦਿੱਤੇ ਸਨ, ਤਾਂ ਜੋ ਉਹ 2016 ਦੀਆਂ ਚੋਣਾਂ ਤੋਂ ਪਹਿਲਾਂ ਟਰੰਪ ਨਾਲ ਅਫੇਅਰ ਬਾਰੇ ਕੁਝ ਨਾ ਕਹੇ।

ਇਲਜ਼ਾਮ ਹੈ ਕਿ ਟਰੰਪ ਨੇ ਰਾਸ਼ਟਰਪਤੀ ਬਣਨ ਤੋਂ ਬਾਅਦ ਕੋਹੇਨ ਨੂੰ ਪੈਸੇ ਵਾਪਸ ਕਰ ਦਿੱਤੇ ਸਨ। ਇਸ ਦੇ ਲਈ ਉਸ ਨੇ ਕੋਹੇਨ ਨੂੰ 10 ਮਹੀਨਿਆਂ ਲਈ ਕਈ ਚੈੱਕ ਦਿੱਤੇ। ਉਨ੍ਹਾਂ ਨੇ ਇਸ ਨੂੰ ਰਿਕਾਰਡ ਵਿੱਚ ਕਾਨੂੰਨੀ ਫੀਸ ਵਜੋਂ ਦਿਖਾਇਆ, ਜੋ ਅਸਲ ਵਿੱਚ ਇੱਕ ਅਪਰਾਧ ਨੂੰ ਛੁਪਾਉਣ ਲਈ ਕੀਤੀ ਗਈ ਅਦਾਇਗੀ ਸੀ।

ਦੋਸ਼ਾਂ ਨਾਲ ਜੁੜੇ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਟਰੰਪ ਨੇ ਨਿਊਯਾਰਕ ਬਿਜ਼ਨਸ ਰਿਕਾਰਡਜ਼ ਨੂੰ ਲਗਾਤਾਰ ਗਲਤ ਜਾਣਕਾਰੀ ਦਿੱਤੀ, ਤਾਂ ਜੋ ਉਹ ਆਪਣੇ ਅਪਰਾਧ ਨੂੰ ਛੁਪਾ ਸਕੇ ਅਤੇ ਚੋਣਾਂ ਵਿੱਚ ਫਾਇਦਾ ਲੈ ਸਕੇ। 5 ਅਪ੍ਰੈਲ 2023 ਨੂੰ ਮੈਨਹਟਨ ਦੀ ਅਦਾਲਤ ਵਿਚ ਟਰੰਪ ਦੇ ਖਿਲਾਫ 34 ਦੋਸ਼ ਆਇਦ ਕੀਤੇ ਗਏ ਸਨ।

ਇਹ ਵੀ ਪੜ੍ਹੋ – ਕਨੇਡਾ ਵਿੱਚ ਬੇਰੁਜਗਾਰੀ ਦੀ ਦਰ ਵਧੀ