International

ਟਰੰਪ ਨੇ ਅਮਰੀਕਾ ’ਚ ਸਟੀਲ, ਐਲੂਮੀਨੀਅਮ ਦੀ ਦਰਾਮਦ ’ਤੇ 25 ਫ਼ੀ ਸਦੀ ਟੈਰਿਫ਼ ਦਾ ਕੀਤਾ ਐਲਾਨ

ਸੰਯੁਕਤ ਰਾਜ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਦੇਸ਼ ਵਿਚ ਸਾਰੇ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ ’ਤੇ ਨਵੇਂ ਟੈਰਿਫ਼ ਦਾ ਐਲਾਨ ਕੀਤਾ ਜਾਵੇਗਾ। ਟਰੰਪ ਨੇ ਸਾਰੇ ਦੇਸ਼ਾਂ ਤੋਂ ਸਟੀਲ ਦੀ ਦਰਾਮਦ ‘ਤੇ 25% ਅਤੇ ਐਲੂਮੀਨੀਅਮ ‘ਤੇ 10% ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਇਸਦਾ ਅਸਰ ਭਾਰਤ ‘ਤੇ ਵੀ ਪਵੇਗਾ। ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ (12-14 ਫਰਵਰੀ) ਤੋਂ ਦੋ ਦਿਨ ਪਹਿਲਾਂ ਲਿਆ ਗਿਆ ਹੈ।

ਐਤਵਾਰ ਨੂੰ ਐਨਐਫ਼ਐਲ ਸੁਪਰ ਬਾਊਲ ਲਈ ਜਾਂਦੇ ਸਮੇਂ ਏਅਰ ਫੋਰਸ ਵਨ ’ਤੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਟਰੰਪ ਨੇ ਕਿਹਾ ਕਿ ਸੋਮਵਾਰ ਤੋਂ ਲਾਗੂ ਹੋਏ ਕੀਤੇ ਗਏ ਟੈਰਿਫ਼ ਤਹਤ ਸੰਯੁਕਤ ਰਾਜ ਅਮਰੀਕਾ ਵਿਚ ਆਉਣ ਵਾਲੇ ਸਾਰੇ ਸਟੀਲ ਆਯਾਤ ’ਤੇ 25 ਪ੍ਰਤੀਸ਼ਤ ਟੈਰਿਫ਼ ਲਾਇਆ ਜਾਵੇਗਾ, ਇਸਦੇ ਨਾਲ ਹੀ ਐਲੂਮੀਨੀਅਮ ਦੀ ਦਰਾਮਦ ’ਤੇ 25 ਪ੍ਰਤੀਸ਼ਤ ਡਿਊਟੀ ਲਗਾਉਣਗੇ।

ਟਰੰਪ ਨੇ ਸਪੱਸ਼ਟ ਕੀਤਾ ਕਿ ਉਹ 11 ਜਾਂ 12 ਫਰਵਰੀ ਨੂੰ ਪਰਸਪਰ ਟੈਰਿਫ ਦਾ ਐਲਾਨ ਕਰਨਗੇ। ਇਸਦਾ ਮਤਲਬ ਹੈ ਕਿ ਅਮਰੀਕਾ ਉਨ੍ਹਾਂ ਉਤਪਾਦਾਂ ‘ਤੇ ਆਯਾਤ ਡਿਊਟੀ ਲਗਾਏਗਾ ਜੋ ਦੂਜੇ ਦੇਸ਼ ਅਮਰੀਕੀ ਸਾਮਾਨਾਂ ‘ਤੇ ਡਿਊਟੀ ਲਗਾਉਂਦੇ ਹਨ। “ਜੇਕਰ ਉਹ ਸਾਡੇ ਤੋਂ 130% ਵਸੂਲ ਰਹੇ ਹਨ ਅਤੇ ਅਸੀਂ ਕੁਝ ਵੀ ਨਹੀਂ ਵਸੂਲ ਰਹੇ ਹਾਂ, ਤਾਂ ਇਹ ਹੋਣ ਵਾਲਾ ਨਹੀਂ ਹੈ,” ਉਸਨੇ ਕਿਹਾ।

ਜੇਕਰ ਅਮਰੀਕਾ ਸਟੀਲ ਅਤੇ ਐਲੂਮੀਨੀਅਮ ‘ਤੇ 25% ਟੈਰਿਫ ਲਗਾਉਂਦਾ ਹੈ, ਤਾਂ ਉੱਥੋਂ ਦੇ ਖਰੀਦਦਾਰਾਂ ਲਈ ਇਨ੍ਹਾਂ ਧਾਤਾਂ ਅਤੇ ਉਨ੍ਹਾਂ ਦੇ ਉਤਪਾਦਾਂ ਨੂੰ ਖਰੀਦਣਾ ਬਹੁਤ ਮਹਿੰਗਾ ਹੋ ਜਾਵੇਗਾ। ਇਸ ਨਾਲ ਅਮਰੀਕਾ ਵਿੱਚ ਇਨ੍ਹਾਂ ਦੋਵਾਂ ਧਾਤਾਂ ਦੇ ਆਯਾਤ ਵਿੱਚ ਗਿਰਾਵਟ ਆਵੇਗੀ।

ਜੇਕਰ ਅਮਰੀਕਾ ਇਨ੍ਹਾਂ ਧਾਤਾਂ ਦੀ ਖਰੀਦ ਘਟਾ ਦਿੰਦਾ ਹੈ, ਤਾਂ ਭਾਰਤ ਨੂੰ ਹਰ ਸਾਲ ਅਰਬਾਂ ਰੁਪਏ ਦਾ ਨੁਕਸਾਨ ਹੋ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ 2018 ਵਿੱਚ, ਆਪਣੇ ਪਹਿਲੇ ਕਾਰਜਕਾਲ ਦੌਰਾਨ, ਟਰੰਪ ਨੇ ਰਾਸ਼ਟਰੀ ਸੁਰੱਖਿਆ ਦੇ ਆਧਾਰ ‘ਤੇ ਸਟੀਲ ‘ਤੇ 25% ਅਤੇ ਐਲੂਮੀਨੀਅਮ ‘ਤੇ 10% ਟੈਰਿਫ ਲਗਾਇਆ ਸੀ।